ਅਸਾਮ ਨੂੰ ਅਣਗੌਲਿਆ ਕਰਨ ਦੀ ‘ਇਤਿਹਾਸਕ ਭੁੱਲ’ ਸੁਧਾਰ ਰਹੀ ਹੈ ਸਰਕਾਰ: ਮੋਦੀ

ਗੁਹਾਟੀ (ਸਮਾਜ ਵੀਕਲੀ) : ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਸਾਮ ਨੂੰ ਕਈ ਵਿਕਾਸ ਪ੍ਰਾਜੈਕਟਾਂ ਦਾ ਤੋਹਫ਼ਾ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਸਾਮ ਨੂੰ ਅਣਗੌਲਿਆ ਕਰਨ ਦੀ ‘ਇਤਿਹਾਸਕ ਭੁੱਲ’ ਨੂੰ ਨਾ ਸਿਰਫ਼ ਸੁਧਾਰ ਰਹੀ ਹੈ ਸਗੋਂ ਸੂਬੇ ਦਾ ਵਿਕਾਸ ਉਸ ਦੀ ਤਰਜੀਹ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੀਤੇ ਸਾਲਾਂ ’ਚ ਕੇਂਦਰ ਅਤੇ ਅਸਾਮ ਦੀ ਡਬਲ ਇੰਜਣ ਸਰਕਾਰ ਨੇ ਪੂਰੇ ਖ਼ਿੱਤੇ ਦੀਆਂ ਭੂਗੋਲਿਕ ਅਤੇ ਸੱਭਿਆਚਾਰਕ ਦੂਰੀਆਂ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ।

ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਪਹਿਲਾਂ ਅਸਾਮ ’ਚ ਪ੍ਰਤੀ ਵਿਅਕਤੀ ਆਮਦਨ ਹੋਰ ਸੂਬਿਆਂ ਨਾਲੋਂ ਵੱਧ ਸੀ ਪਰ 1947 ਤੋਂ ਬਾਅਦ ਵਿਕਾਸ ਨੂੰ ਅਣਗੌਲਿਆ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਨੇ ਇਤਿਹਾਸ ’ਚ ਕੀਤੀਆਂ ਗਈਆਂ ਗਲਤੀਆਂ ਨੂੰ ਸੁਧਾਰਨ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਉਨ੍ਹਾਂ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਵਰਚੁਅਲੀ 3,231 ਕਰੋੜ ਰੁਪਏ ਦੇ ‘ਮਹਾਬਾਹੂ ਬ੍ਰਹਮਪੁੱਤਰ’ ਜਲਮਾਰਗ ਪ੍ਰਾਜੈਕਟ ਦਾ ਉਦਘਾਟਨ ਕੀਤਾ ਅਤੇ ਧੁਬਰੀ-ਫੁਲਬਾੜੀ (ਮੇਘਾਲਿਆ) ਪੁਲ ਦਾ ਨੀਂਹ ਪੱਥਰ ਰੱਖਿਆ ਜਿਸ ’ਤੇ 5 ਹਜ਼ਾਰ ਕਰੋੜ ਰੁਪਏ ਦੀ ਲਾਗਤ ਆਵੇਗੀ।

ਉਨ੍ਹਾਂ ਮਾਜੁਲੀ ਪੁਲ ਦੇ ਨਿਰਮਾਣ ਲਈ ਭੂਮੀ ਪੂਜਨ ਵੀ ਕੀਤਾ। ਉਨ੍ਹਾਂ ਕਿਹਾ ਕਿ ਅਪਰੈਲ-ਮਈ ’ਚ ਅਸਾਮ ’ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਅਤੇ ਭਾਜਪਾ ਸਰਕਾਰ ਵੋਟ ਦੀ ਤਾਕਤ ਨਾਲ ਅਸਾਮ ਨੂੰ ਹੋਰ ਉਚਾਈਆਂ ’ਤੇ ਲੈ ਕੇ ਜਾਵੇਗੀ। ਉਨ੍ਹਾਂ ਕਿਹਾ ਕਿ ਬ੍ਰਹਮਪੁੱਤਰ ਅਤੇ ਬਰਾਕ ਸਮੇਤ ਅਸਾਮ ਨੂੰ ਕਈ ਨਦੀਆਂ ਦੀ ਸੌਗਾਤ ਮਿਲੀ ਹੈ ਅਤੇ ਉਸ ਨੂੰ ਹੋਰ ਅਮੀਰ ਬਣਾਉਣ ਲਈ ‘ਮਹਾਬਾਹੂ-ਬ੍ਰਹਮਪੁੱਤਰ’ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਸ੍ਰੀ ਮੋਦੀ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ’ਚ ਅਸਾਮ ਦੀ ‘ਮਲਟੀਮਾਡਲ ਕੁਨੈਕਟੀਵਿਟੀ’ ਨੂੰ ਮੁੜ ਤੋਂ ਸਥਾਪਤ ਕਰਨ ਲਈ ਇਕ ਤੋਂ ਬਾਅਦ ਇਕ ਕਦਮ ਉਠਾਏ ਗਏ ਹਨ। ਉਨ੍ਹਾਂ ਕਿਹਾ ਕਿ ਹੁਣੇ ਜਿਹੇ ਬੰਗਲਾਦੇਸ਼ ਨਾਲ ਜਲ ਸੰਪਰਕ ਵਧਾਉਣ ਲਈ ਵੀ ਇਕ ਸਮਝੌਤਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਜਿਹੜੇ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਹੈ, ਉਸ ਨਾਲ ਸੂਬੇ ’ਚ ਸੈਰ ਸਪਾਟੇ ਦੇ ਨਵੇਂ ਰਾਹ ਖੁੱਲ੍ਹਣਗੇ ਅਤੇ ਸਨਅਤ ਨੂੰ ਹੁੰਗਾਰਾ ਮਿਲੇਗਾ।

ਸ੍ਰੀ ਮੋਦੀ ਨੇ ਸਵਰਗੀ ਗਾਇਕ ਭੂਪੇਨ ਹਜ਼ਾਰਿਕਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਬ੍ਰਹਮਪੁੱਤਰ ਦਰਿਆ ਦੇ ਕੰਢਿਆਂ ’ਤੇ ਅਸਾਮ ਦਾ ਸਭਿਆਚਾਰ ਅਤੇ ਸੱਭਿਅਤਾ ਵਿਕਸਤ ਹੋਈ। ਮਾਜੁਲੀ ’ਚ ਹੋਏ ਸਮਾਗਮ ਦੌਰਾਨ ਅਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਅਤੇ ਰਾਜਮਾਰਗਾਂ ਬਾਰੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀ ਹਾਜ਼ਰੀ ਭਰੀ।

Previous articleਫ਼ਸਲਾਂ ਦੀ ਕੁਰਬਾਨੀ ਦੇਣ ਲਈ ਤਿਆਰ ਰਹਿਣ ਕਿਸਾਨ: ਟਿਕੈਤ
Next article‘ਕੰਟਰੋਲ ਰੇਖਾ ’ਤੇ ਚੌਕਸੀ ਕਾਰਨ ਅਤਿਵਾਦੀ ਸੁਰੰਗਾਂ ਦਾ ਲੈ ਰਹੇ ਨੇ ਸਹਾਰਾ’