ਸੰਗਰੂਰ- ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪਿੰਡ ਕਮਾਲਪੁਰ ਵਿਚ ਸਜਾਏ ਕੀਰਤਨ ਦੌਰਾਨ ਕੁਝ ਵਿਅਕਤੀਆਂ ਵੱਲੋਂ ਹਵਾਈ ਫਾਇਰਿੰਗ ਕਰਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲੀਸ ਨੇ ਨੌਂ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਗਰਮ ਨੇ ਥਾਣਾ ਦਿੜਬਾ ਦੇ ਐੱਸਐੱਚਓ ਨੂੰ ਲਾਈਨ ਹਾਜ਼ਰ ਕਰ ਕੇ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਹਨ। ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਹੋਣ ’ਚ ਦੇਰੀ ਹੋਣ ਕਾਰਨ ਪੁਲੀਸ ਨੂੰ ਨਮੋਸ਼ੀ ਝੱਲਣੀ ਪਈ ਹੈ। ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਇਕ ਵਿਅਕਤੀ ਨੇ ਦੱਸਿਆ ਕਿ ਪੁਲੀਸ ਵੱਲੋਂ ਕਾਰਵਾਈ ਨਾ ਕਰਨਾ ਸ਼ਰਮਨਾਕ ਹੈ, ਕਿਉਂਕਿ ਗੋਲੀ ਕਿਸੇ ਦੇ ਵੀ ਲੱਗ ਸਕਦੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਸੰਗਰੂਰ ਦੇ ਪਿੰਡ ਕਮਾਲਪੁਰ ਵਿਚ ਸੰਗਤ ਵੱਲੋਂ ਨਗਰ ਕੀਰਤਨ ਸਜਾਇਆ ਗਿਆ ਸੀ। ਨਗਰ ਕੀਰਤਨ ਦੌਰਾਨ ਕੁਝ ਲੋਕਾਂ ਵਲੋਂ ਆਪੋ-ਆਪਣੇ ਹਥਿਆਰਾਂ ਨਾਲ ਹਵਾਈ ਫਾਇਰ ਕੀਤੇ ਗਏ। ਨਗਰ ਕੀਤਰਨ ਦੌਰਾਨ ਹਵਾਈ ਫਾਇਰ ਕਰਦਿਆਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਇਸ ਵਿਚ ਅੱਧੀ ਦਰਜਨ ਤੋਂ ਵੱਧ ਲੋਕ ਹਵਾਈ ਫਾਇਰ ਕਰਦੇ ਹੋਏ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਸੀ ਕਿ ਨਗਰ ਕੀਰਤਨ ਦੌਰਾਨ ਲੰਗਰ ਲਾਉਣੇ, ਸਵਾਗਤੀ ਗੇਟ ਲਾ ਕੇ ਸਵਾਗਤ ਕਰਨਾ ਅਤੇ ਪਟਾਕੇ ਆਦਿ ਚਲਾ ਕੇ ਖ਼ੁਸ਼ੀ ਮਨਾਉਣਾ ਤਾਂ ਸੰਭਵ ਹੈ ਪਰ ਕੁਝ ਲੋਕਾਂ ਵਲੋਂ ਖ਼ੁਸ਼ੀ ਮਨਾਉਂਦਿਆਂ ਅਸਲੇ ਨਾਲ ਹਵਾਈ ਫਾਇਰ ਕਰ ਦਿੱਤੇ। ਅਜਿਹਾ ਕਰ ਕੇ ਇਨ੍ਹਾਂ ਲੋਕਾਂ ਵਲੋਂ ਸ਼ਰੇਆਮ ਕਾਨੂੰਨ ਦੀ ਉਲੰਘਣਾ ਕੀਤੀ ਗਈ। ਥਾਣਾ ਦਿੜ੍ਹਬਾ ਦੇ ਮੁਖੀ ਲਖਵਿੰਦਰ ਸਿੰਘ ਨੇ ਕਿਹਾ ਕਿ ਪਿੰਡ ਕਮਾਲਪੁਰ ’ਚ ਨਗਰ ਕੀਰਤਨ ਕੱਢਿਆ ਗਿਆ ਸੀ ਅਤੇ ਉਹ ਨਗਰ ਕੀਰਤਨ ਦੇ ਨਾਲ ਰਹੇ ਸਨ ਪਰ ਅਜਿਹੀ ਕੋਈ ਘਟਨਾ ਸਾਹਮਣੇ ਨਹੀਂ ਆਈ। ਹਵਾਈ ਫਾਇਰ ਕਰਨ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਮਾਮਲਾ ਸਹੀ ਪਾਇਆ ਗਿਆ ਤਾਂ ਕਾਰਵਾਈ ਹੋਵੇਗੀ। ਦੇਰ ਸ਼ਾਮ ਥਾਣਾ ਦਿੜ੍ਹਬਾ ਦੇ ਐੱਸਐੱਚਓ ਲਖਵਿੰਦਰ ਸਿੰਘ ਨੂੰ ਲਾਈਨ ਹਾਜ਼ਰ ਕੀਤਾ ਗਿਆ ਜਦੋਂਕਿ ਹਵਾਈ ਫਾਇਰ ਕਰਨ ਵਾਲੇ ਨੌਂ ਜਣਿਆਂ ਖ਼ਿਲਾਫ਼ ਦਫ਼ਾ 336 ਆਈਪੀਸੀ ਤਹਿਤ ਥਾਣਾ ਦਿੜ੍ਹਬਾ ਵਿਚ ਕੇਸ ਦਰਜ ਕਰ ਲਿਆ ਹੈ। ਇਸ ਦੌਰਾਨ ਐੱਸਐੱਸਪੀ ਸੰਦੀਪ ਗਰਗ ਨੇ ਹਵਾਈ ਫਾਇਰ ਕਰਨ ਵਾਲੇ ਸੱਤ ਜਣਿਆਂ ਦੇ ਅਸਲਾ ਲਾਇਸੈਂਸ ਰੱਦ ਕਰਨ ਦੇ ਵੀ ਹੁਕਮ ਦਿੱਤੇ ਹਨ। ਇਸ ਦੀ ਪੁਸ਼ਟੀ ਡੀਐੱਸਪੀ ਦਿੜਬਾ ਵਿਲੀਅਮ ਜੇਜੀ ਵੱਲੋਂ ਕੀਤੀ ਗਈ ਹੈ। ਪੁਲੀਸ ਨੇ ਸੱਤ ਮੁਲਜ਼ਮਾਂ ਦੀ ਪਛਾਣ ਕਰਨ ਦਾ ਦਾਅਵਾ ਕੀਤਾ ਹੈ।
INDIA ਨਗਰ ਕੀਰਤਨ: ਗੋਲੀਆਂ ਚਲਾਉਣ ਦੀ ਵੀਡੀਓ ਵਾਇਰਲ ਹੋਣ ’ਤੇ ਥਾਣਾ ਮੁਖੀ ਲਾਈਨ...