ਲੋਕਾਂ ਨੂੰ ਗਰੀਬੀ ਵੱਲ ਧੱਕ ਕੇ ਇਤਿਹਾਸ ਸਿਰਜ ਰਹੀ ਹੈ ਸਰਕਾਰ: ਪ੍ਰਿਯੰਕਾ

ਪਿਛਲੇ ਚਾਰ ਦਹਾਕਿਆਂ ਵਿਚ ਪਹਿਲੀ ਵਾਰ 2017-18 ਵਿੱਚ ਖ਼ਪਤਕਾਰਾਂ ਦੀ ਖ਼ਰਚ ਸਮਰੱਥਾ ਘਟਣ ਸਬੰਧੀ ਸਰਕਾਰੀ ਸਰਵੇਖਣ ਦੇ ਅੰਕੜਿਆਂ ਵੱਲ ਇਸ਼ਾਰਾ ਕਰਦਿਆਂ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ‘ਮੋਦੀਚਾਰੇ ’ਚੋਂ ਏਨੀ ਦੁਰਗੰਧ ਆਉਂਦੀ ਹੈ’ ਕਿ ਕੇਂਦਰ ਨੂੰ ਆਪਣੀਆਂ ਹੀ ਰਿਪੋਰਟਾਂ ਲੁਕਾਉਣੀਆਂ ਪੈ ਰਹੀਆਂ ਹਨ। ਇੱਕ ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੌਮੀ ਅੰਕੜਾ ਦਫ਼ਤਰ (ਐੱਨਐੱਸਓ) ਵਲੋਂ ਕੀਤੇ ਗਏ ਸੱਜਰੇ ਖ਼ਪਤ ਖ਼ਰਚਿਆਂ ਬਾਰੇ ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਚਾਰ ਦਹਾਕਿਆਂ ਵਿੱਚ ਪਹਿਲੀ ਵਾਰ 2017-18 ਦੌਰਾਨ ਖ਼ਪਤਕਾਰਾਂ ਵਲੋਂ ਪ੍ਰਤੀ ਮਹੀਨਾ ਕੀਤਾ ਜਾਂਦਾ ਖ਼ਰਚ ਘਟਿਆ ਹੈ, ਜਿਸ ਦਾ ਮੁੱਖ ਕਾਰਨ ਪੇਂਡੂ ਖੇਤਰਾਂ ਵਿੱਚ ਘਟੀ ਮੰਗ ਹੈ। ਰਿਪੋਰਟ ਨੂੰ ਟੈਗ ਕਰਦਿਆਂ ਰਾਹੁਲ ਗਾਂਧੀ ਨੇ ਟਵੀਟ ਕੀਤਾ, ‘‘ਮੋਦੀਚਾਰੇ ’ਚੋਂ ਏਨੀ ਦੁਰਗੰਧ ਆਉਂਦੀ ਹੈ ਕਿ ਸਰਕਾਰ ਨੂੰ ਆਪਣੀਆਂ ਹੀ ਰਿਪੋਰਟਾਂ ਲੁਕਾਉਣੀਆਂ ਪੈ ਰਹੀਆਂ ਹਨ।’’ ਪ੍ਰਿਯੰਕਾ ਗਾਂਧੀ ਨੇ ਟਵੀਟ ਕੀਤਾ, ‘‘ਭਾਰਤ ਵਿੱਚ ਖ਼ਪਤਕਾਰਾਂ ਦੀ ਖ਼ਰੀਦ ਸਮਰੱਥਾ ਘਟੀ ਹੈ। ਪਿਛਲੀਆਂ ਸਰਕਾਰਾਂ ਨੇ ਗਰੀਬੀ ਦੇ ਟਾਕਰੇ ਅਤੇ ਲੋਕਾਂ ਦੇ ਸ਼ਕਤੀਕਰਨ ਲਈ ਅਣਥੱਕ ਯਤਨ ਕੀਤੇ। ਇਹ ਸਰਕਾਰ ਲੋਕਾਂ ਨੂੰ ਗਰੀਬੀ ਵੱਲ ਧੱਕ ਕੇ ਇਤਿਹਾਸ ਸਿਰਜ ਰਹੀ ਹੈ। ਜਦੋਂ ਭਾਰਤ ਦੇ ਦਿਹਾਤੀ ਖੇਤਰ ਇਸ ਸਰਕਾਰ ਦੀਆਂ ਨੀਤੀਆਂ ਦੇ ਦੁਰਪ੍ਰਭਾਵ ਝੱਲ ਰਹੇ ਹਨ, ਉਦੋਂ ਭਾਜਪਾ ਇਹ ਯਕੀਨੀ ਬਣਾ ਰਹੀ ਹੈ ਕਿ ਉਨ੍ਹਾਂ ਦੇ ਕਾਰਪੋਰੇਟ ਮਿੱਤਰ ਦਿਨੋਂ-ਦਿਨ ਅਮੀਰ ਹੋਣ।’’ ਕਾਂਗਰਸ ਤਰਜਮਾਨ ਪਵਨ ਖੇੜਾ ਨੇ ਕਿਹਾ ਕਿ ਰਿਪੋਰਟ ਅਨੁਸਾਰ ਇੱਕ ਵਿਅਕਤੀ ਵਲੋਂ ਪ੍ਰਤੀ ਮਹੀਨਾ ਕੀਤਾ ਜਾਂਦਾ ਖ਼ਰਚ 3.7 ਫੀਸਦੀ ਘਟਿਆ ਹੈ। 

Previous articleਨਗਰ ਕੀਰਤਨ: ਗੋਲੀਆਂ ਚਲਾਉਣ ਦੀ ਵੀਡੀਓ ਵਾਇਰਲ ਹੋਣ ’ਤੇ ਥਾਣਾ ਮੁਖੀ ਲਾਈਨ ਹਾਜ਼ਰ
Next articleWhy have India’s elite institutions become murderers of Dalit Adivasi-Muslim scholars ?