ਮੋਗਾ-ਇਥੇ ਥਾਣਾ ਬੱਧਨੀ ਕਲਾਂ ਅਧੀਨ ਪਿੰਡ ਬੌਡੇ ਕੋਲ ਮੋਗਾ-ਬਰਨਾਲਾ ਕੌਮੀ ਮਾਰਗ ਉੱਤੇ ਲੰਘੀ ਦੇਰ ਰਾਤ ਬੋਲੇਰੋ ਦੀ ਮਾਲਵਾ ਕੰਪਨੀ ਦੀ ਬੱਸ ਨਾਲ ਟੱਕਰ ਹੋ ਗਈ। ਬੋਲੇਰੋ ਸਵਾਰ 4 ਨੌਜਵਾਨਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਅਤੇ 3 ਜ਼ਖ਼ਮੀ ਹੋ ਗਏ। ਹਾਦਸੇ ਮਗਰੋਂ ਬੱਸ ਚਾਲਕ ਤੇ ਕੰਡਕਟਰ ਮੌਕੇ ਤੋਂ ਫ਼ਰਾਰ ਹੋ ਗਏ। ਥਾਣਾ ਬੱਧਨੀ ਕਲਾਂ ਮੁਖੀ ਨਵਪ੍ਰੀਤ ਸਿੰਘ ਅਤੇ ਏਐੱਸਆਈ ਸੱਜਣ ਸਿੰਘ ਨੇ ਦੱਸਿਆ ਕਿ ਕਰਮਜੀਤ ਸਿੰਘ ਉਰਫ਼ ਪੋਲਾ ਪਿੰਡ ਤਾਜੋਕੇ (ਬਰਨਾਲਾ)ਦੇ ਬਿਆਨ ਉੱਤੇ ਅਣਪਛਾਤੇ ਬੱਸ ਚਾਲਕ ਅਤੇ ਕੰਡਕਟਰ ਖ਼ਿਲਾਫ਼ ਧਾਰਾ 304 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲੀਸ ਨੇ ਹਾਦਸਾਗ੍ਰਸਤ ਬੱਸ ਤੇ ਬੋਲੇਰੋ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਮ੍ਰਿਤਕਾਂ ਦਾ ਸਥਾਨਕ ਸਿਵਲ ਹਸਪਤਾਲ ’ਚ ਪੋਸਟਮਾਰਟਮ ਕਰਵਾਇਆ ਗਿਆ। ਹਾਦਸੇ ’ਚ ਮਰਨ ਵਾਲਿਆਂ ਦੀ ਪਛਾਣ ਇਕਬਾਲ ਸਿੰਘ ਪੁੱਤਰ ਅਵਤਾਰ ਸਿੰਘ (28 ਸਾਲ), ਪੁਸ਼ਪਿੰਦਰ ਸਿੰਘ ਪੁੱਤਰ ਜਿਉਣ ਸਿੰਘ (32 ਸਾਲ), ਸੁਖਦੀਪ ਸਿੰਘ ਪੁੱਤਰ ਕੁਲਵੰਤ ਸਿੰਘ (27 ਸਾਲ) ਵਾਸੀਆਨ ਤਾਜੋਕੇ ਜ਼ਿਲ੍ਹਾ ਬਰਨਾਲਾ ਅਤੇ ਸੁਖਪਾਲ ਸਿੰਘ ਪੁੱਤਰ ਭੂਰਾ ਸਿੰਘ ਵਾਸੀ ਆਕਲੀਆਂ ਜ਼ਿਲ੍ਹਾ ਮਾਨਸਾ ਵਜੋਂ ਹੋਈ ਹੈ ਜਦੋਂਕਿ ਜ਼ਖ਼ਮੀ ਹਰਬੰਸ ਸਿੰਘ ਪੁੱਤਰ ਦਰਸ਼ਨ ਸਿੰਘ, ਬਲਰਾਜ ਸਿੰਘ ਪੁੱਤਰ ਬਾਦਲ ਸਿੰਘ ਤੇ ਸੁਖਪਾਲ ਸਿੰਘ ਪੁੱਤਰ ਜੁਗਰਾਜ ਸਿੰਘ ਹਨ। ਇਕਬਾਲ ਸਿੰਘ ਬੋਲੇਰੋ ਚਲਾ ਰਿਹਾ ਸੀ। ਜ਼ਖ਼ਮੀ ਹਰਪਾਲ ਸਿੰਘ ਪਿੰਡ ਆਕਲੀਆ ਤੇ ਹਰਬੰਸ ਸਿੰਘ ਪਿੰਡ ਤਾਜੋਕੇ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਹੈ। ਬਲਰਾਜ ਸਿੰਘ ਸਥਾਨਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਪੁਲੀਸ ਅਨੁਸਾਰ ਨੌਜਵਾਨ ਬੋਲੇਰੋ ਨੰਬਰ ਪੀਬੀ02 ਬੀਐੱਚ 0054 ’ਚ ਸਵਾਰ ਸਨ ਅਤੇ ਮੋਗਾ ਦੇ ਪੈਲਸ ਵਿੱਚ ਜਸਪ੍ਰੀਤ ਸਿੰਘ ਪਿੰਡ ਤਾਜੋਕੇ ਦੀ ਬਰਾਤ ਵਿੱਚ ਆਏ ਸਨ। ਵਿਆਹ ਸਮਾਗਮ ਬਾਅਦ ਉਹ ਪਿੰਡ ਤਾਜੋਕੇ ਪਰਤ ਰਹੇ ਸਨ। ਬੋਲੇਰੋ ਰਾਤ 8 ਵਜੇ ਦੇ ਕਰੀਬ ਜਦੋਂ ਪਿੰਡ ਬੋਡੇ ਦੇ ਨਿਰਮਾਣ ਅਧੀਨ ਪੁਲ ਕੋਲ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੀ ਪ੍ਰਾਈਵੇਟ ਕੰਪਨੀ ਦੀ ਬੱਸ ਨੰਬਰ ਪੀਬੀ 12 ਕਿਊ 5366 ਨੇ ਸਿੱਧੀ ਟੱਕਰ ਮਾਰੀ। ਘਟਨਾ ਦਾ ਪਤਾ ਲੱਗਣ ’ਤੇ ਡੀਐੱਸਪੀ ਮਨਜੀਤ ਸਿੰਘ ਤੇ ਥਾਣਾ ਬੱਧਨੀ ਕਲਾਂ ਦੇ ਐਸਐਚਓ ਨਵਪ੍ਰੀਤ ਸਿੰਘ ਘਟਨਾ ਸਥਾਨ ਉੱਪਰ ਪਹੁੰਚੇ। ਪਿੰਡ ਤਾਜੋਕੇ ਦੇ ਸਰਪੰਚ ਪਰਮਜੀਤ ਸਿੰਘ ਪੰਮਾ ਨੇ ਦੱਸਿਆ ਕਿ ਹਾਦਸੇ ਕਾਰਨ ਪੂਰੇ ਪਿੰਡ ਵਿੱਚ ਮਾਤਮ ਹੈ। ਮ੍ਰਿਤਕ ਇਕਬਾਲ ਸਿੰਘ ਤੇ ਸੁਖਦੀਪ ਸਿੰਘ ਦੀਆਂ ਦੋ ਦੋ ਧੀਆਂ ਸਨ।