ਵੋਟਾਂ ਤੋਂ ਪਹਿਲਾਂ ਹੀ ਜ਼ਿਮਨੀ ਚੋਣਾਂ ‘ਚ ਕਾਂਗਰਸ ਦੀ ਹਾਰ ਮੰਨੀ ਮੁੱਖ ਮੰਤਰੀ ਨੇ -ਸੁਖਬੀਰ ਬਾਦਲ

ਚੰਡੀਗੜ੍ਹ -: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਵੋਟਾਂ ਤੋਂ ਪਹਿਲਾਂ ਹੀ ਇਹ ਸਵੀਕਾਰ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਹੈ ਕਿ ਆ ਰਹੀਆਂ ਜ਼ਿਮਨੀ ਚੋਣਾਂ ਵਿਚ ਕਾਂਗਰਸ ਪਾਰਟੀ ਹਾਰੇਗੀ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਿਆਨ ਦੇ ਕੇ ਕਿ ਜ਼ਿਮਨੀ ਚੋਣਾਂ ਦੇ ਨਤੀਜੇ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਲੋਕਮਤ ਨਹੀਂ ਹੋਣਗੇ, ਮੁੱਖ ਮੰਤਰੀ ਨੇ ਸਪੱਸ਼ਟ ਤੌਰ ਤੇ ਹਾਰ ਸਵੀਕਾਰ ਕਰ ਲਈ ਹੈ। ਉਹਨਾਂ ਕਿਹਾ ਕਿ ਇਹ ਕਹਿ ਕੇ ਕਾਂਗਰਸ ਪਾਰਟੀ ਅਗਲੇ ਦੋ ਸਾਲਾਂ ਦੌਰਾਨ ਆਪਣੇ ਚੋਣ ਵਾਅਦੇ ਪੂਰੇ ਕਰੇਗੀ, ਮੁੱਖ ਮੰਤਰੀ ਨੇ ਇਹ ਵੀ ਸਵੀਕਾਰ ਕਰ ਲਿਆ ਹੈ ਕਿ ਹੁਣ ਤਕ ਲੋਕਾਂ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਹੈ।

ਸਰਦਾਰ ਬਾਦਲ ਨੇ ਕੰਧਾਂ ਉੱਤੇ ਲਿਖੀ ਹਾਰ ਪੜ੍ਹਣ ਲਈ ਕੈਪਟਨ ਅਮਰਿੰਦਰ ਨੂੰ ਮੁਬਾਰਕਬਾਦ ਦਿੱਤੀ। ਉਹਨਾਂ ਕਿਹਾ ਕਿ ਤਿੰਨੇ ਰੋਡ ਸ਼ੋਆਂ ਦੀ ਨਾਕਾਮੀ ਮਗਰੋਂ, ਜਿਹਨਾਂ ਵਿਚ ਲੋਕਾਂ ਦੀ ਥਾਂ ਸਿਰਫ ਸੁਰੱਖਿਆ ਅਮਲੇ ਦੇ ਕਰਮਚਾਰੀ ਹੀ ਸ਼ਾਮਿਲ ਹੋਏ ਸਨ, ਮੁੱਖ ਮੰਤਰੀ ਨੇ ਅਸਲੀਅਤ ਨੂੰ ਸਵੀਕਾਰ ਕਰ ਲਿਆ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਨੇ ਇਹ ਵੀ ਸਵੀਕਾਰ ਕਰ ਲਿਆ ਹੈ ਕਿ ਉਹਨਾਂ ਦੀ ਪਾਰਟੀ ਵੱਲੋਂ ਅਮਲ ਵਿਚ ਲਿਆਂਦਾ ਗਿਆ ਡੰਡਾਤੰਤਰ ਲੋਕਾਂ ਦੇ ਰੋਹ ਅੱਗੇ ਨਾਕਾਮ ਸਾਬਿਤ ਹੋ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਬਹਾਦਰ ਲੋਕਾਂ ਨੇ ਕਦੇ ਵੀ ਜ਼ੁਲਮ ਅਤੇ ਅੱਤਿਆਚਾਰ ਅੱਗੇ ਗੋਡੇ ਨਹੀਂ ਟੇਕੇ ਹਨ। ਉਹ ਕਾਂਗਰਸ ਪਾਰਟੀ ਨੂੰ ਉਹਨਾਂ ਵਿਰੁੱਧ ਝੂਠੇ ਕੇਸ ਦਰਜ ਕਰਕੇ ਅਤੇ ਉਹਨਾਂ ਦੇ ਕੱਕਾਰਾਂ ਦਾ ਨਿਰਾਦਰ ਕਰਕੇ, ਜਿਵੇਂ ਕਿ ਦਾਖਾ ਵਿਚ ਇੱਕ ਮੰਤਰੀ ਵੱਲੋਂ ਕੀਤਾ ਗਿਆ ਹੈ, ਪੰਜਾਬੀਆਂ ਦੇ ਲੋਕਤੰਤਰੀ ਅਧਿਕਾਰਾਂ ਨੂੰ ਕੁਚਲਣ ਨਹੀਂ ਦੇਣਗੇ। ਸਰਦਾਰ ਬਾਦਲ ਨੇ ਕਿਹਾ ਕਿ ਇਹ ਇਸ ਲਈ ਹੈ, ਕਿਉਂਕਿ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਨਕਾਰਨ ਦਾ ਮਨ ਬਣਾ ਲਿਆ ਹੈ। ਮੇਰੀ ਗੱਲ ਨੋਟ ਕਰ ਲਓ ਕਿ ਕਾਂਗਰਸ ਦੇ ਦੋਵੇਂ ਪੈਰਾਸ਼ੂਟ ਉਮੀਦਵਾਰ ਨਕਲੀ ਕਪਤਾਨ (ਸੰਦੀਪ ਸੰਧੂ) ਅਤੇ ਬਾਹਰਲਾ (ਰਮਿੰਦਰ ਅਲਵਾ) ਦੋਵੇਂ ਹਲਕਿਆਂ ਦਾਖਾ ਅਤੇ ਜਲਾਲਾਬਾਦ ਤੋਂ 24 ਅਕਤੂਬਰ ਨੂੰ ਬੁਰੀ ਤਰ੍ਹਾਂ ਹਾਰਨਗੇ। ਇਹੀ ਹਸ਼ਰ ਫਗਵਾੜਾ ਅਤੇ ਮੁਕੇਰੀਆਂ ਵਿਚ ਕਾਂਗਰਸੀ ਉਮੀਦਵਾਰਾਂ ਦਾ ਹੋਵੇਗਾ।

ਸਰਦਾਰ ਬਾਦਲ ਨੇ ਕਿਹਾ ਕਿ ਲੋਕਾਂ ਵੱਲੋਂ ਅਕਾਲੀ-ਭਾਜਪਾ ਗਠਜੋੜ ਵਿਚ ਭਰੋਸਾ ਜਤਾਉਣ ਨਾਲ ਇਹਨਾਂ ਜ਼ਿਮਨੀ ਚੋਣਾਂ ਵਿਚ ਭਾਈਚਾਰਕ ਸਾਂਝ ਦੀ ਜਿੱਤ ਹੋਵੇਗੀ। ਉਹਨਾਂ ਕਿਹਾ ਕਿ ਪੰਜਾਬੀ ਚੰਗੀ ਤਰ੍ਹਾਂ ਸਮਝ ਗਏ ਹਨ ਕਿ ਕੈਪਟਨ ਅਮਰਿੰਦਰ ਵੱਲੋਂ ਪਾਵਨ ਗੁਟਕਾ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਝੂਠੀ ਸਹੁੰ ਖਾ ਕੇ ਉਹਨਾਂ ਨੂੰ ਠੱਗਿਆ ਜਾ ਚੁੱਕਾ ਹੈ। ਉਹਨਾਂ ਕਿਹਾ ਕਿ ਲੋਕ ਜਾਣਦੇ ਹਨ ਕਿ ਸੂਬੇ ਅੰਦਰ ਸਾਰੇ ਵਿਕਾਸ ਕਾਰਜ ਅਤੇ ਸਮਾਜ ਭਲਾਈ ਸਕੀਮਾਂ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਸਨ। ਕਾਂਗਰਸ ਸਰਕਾਰ ਨੇ ਸੂਬੇ ਦੀ ਵਾਂਗਡੋਰ ਸੰਭਾਲਦੇ ਹੀ ਸਾਰੇ ਵਿਕਾਸ ਕਾਰਜ ਠੱਪ ਕਰ ਦਿੱਤੇ। ਪਿਛæਲੀ ਸਰਕਾਰ ਵੱਲੋਂ ਪਿੰਡਾਂ ਨੂੰ ਦਿੱਤੀਆਂ ਗਰਾਂਟਾਂ ਵਾਪਸ ਮੰਗਵਾ ਲਈਆਂ ਗਈਆਂ। ਪਿਛਲੇ ਤਿੰਨ ਸਾਲਾਂ ਦੌਰਾਨ ਕਾਂਗਰਸ ਸਰਕਾਰ ਨੇ ਸਮਾਜ ਦੇ ਹਰ ਵਰਗ ਨਾਲ ਵਿਤਕਰਾ ਕੀਤਾ ਹੈ। ਖੇਤੀ ਕਰਜ਼ੇ ਨਾ ਮੁਆਫ ਕਰਨ ਕਰਕੇ 1400 ਤੋਂ ਵੱਧ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਨੌਜਵਾਨਾਂ ਨਾਲ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਸੀ ਅਤੇ ਉਹਨਾਂ ਨੂੰ ਕੋਈ ਸਰਕਾਰੀ ਨੌਕਰੀ ਨਹੀਂ ਦਿੱਤੀ ਗਈ। ਦਲਿਤ ਵਿਦਿਆਰਥੀਆਂ ਨੂੰ ਦਲਿਤ ਵਜ਼ੀਫਿਆਂ ਤੋਂ ਵਾਂਝੇ ਰੱਖਿਆ ਗਿਆ ਹੈ। ਵਿਦਿਆਰਥਣਾਂ ਨੂੰ ਸਾਇਕਲ ਨਹੀਂ ਮਿਲ ਰਹੇ ਹਨ। ਸਕੂਲੀ ਬੱਚਿਆਂ ਨੂੰ ਮਿਡ ਡੇਅ ਮੀਲ ਮਿਲਣਾ ਬੰਦ ਹੋ ਗਿਆ ਹੈ। ਸਰਕਾਰੀ ਕਰਮਚਾਰੀਆਂ ਨੂੰ ਡੀਏ ਨਹੀੰ ਦਿੱਤਾ ਜਾ ਰਿਹਾ ਅਤੇ ਠੇਕੇ ਉੱਤੇ ਰੱਖੇ ਕਰਮਚਾਰੀਆਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਹੈ।

ਲੋਕਾਂ ਨੂੰ ਸੂਬੇ ਅੰਦਰ ਬਦਅਮਨੀ ਪੈਦਾ ਕਰਨ ਵਾਲੀ ਅਤੇ ਦਲਿਤਾਂ ਅਤੇ ਪਛੜੇ ਵਰਗਾਂ ਨਾਲ ਵਿਤਕਰਾ ਕਰਨ ਵਾਲੀ ਭ੍ਰਿਸ਼ਟ ਕਾਂਗਰਸ ਸਰਕਾਰ ਨੂੰ ਸਬਕ ਸਿਖਾਉਣ ਲਈ ਆਖਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਸ ਸਰਕਾਰ ਨੂੰ ਝਟਕਾ ਦੇਣ ਅਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਾਸਤੇ ਮਜ਼ਬੂਰ ਕਰਨ ਦਾ ਇਹੋ ਇੱਕ ਰਾਹ ਬਚਿਆ ਹੈ।

Previous articleSyrian Kurds urge US to press Turkey for ceasefire
Next articleਪੰਜਾਬ ਜ਼ਿਮਨੀ ਚੋਣਾਂ : ਚਾਰ ਹਲਕਿਆਂ ‘ਚ ਛੁੱਟੀ ਦਾ ਐਲਾਨ