(ਸਮਾਜ ਵੀਕਲੀ)
ਸ਼ੌਕ ਅਵੱਲੜੇ ਗੱਲ ਬੇ-ਲੋੜੀ
ਮੱਝ ਵੇਚਕੇ ਲੈ ਲਈ ਘੋੜੀ
ਘਿਉ -ਦੁੱਧ ਖਾਣੋਂ ਪੀਣੋਂ ਰਹਿ ਗਏ
ਲਿੱਦ ਚੁੱਕਦੇ ਹੁਣ ਲੈ ਕੇ ਫਹੁੜੀ……
ਮੱਝ ਵੇਚਕੇ ਲੈ ਲਈ ਘੋੜੀ…..
ਵਿਹੜੇ ਦੇ ਵਿੱਚ ਬੁੱਲੇਟ ਖੜ੍ਹਾ ਹੈ
ਕਹਿੰਦੇ ਇਹਦਾ ਸ਼ੌਕ ਬੜਾ ਹੈ
ਇਹ ਵੀ ਹੈ ਜਿਉਂ ਪਾਲ਼ਿਆ ਝੋਟਾ
ਖ਼ਰਾ ਨਾ ਸੌਦਾ, ਨਿਰਾ ਈ ਖੋਟਾ
ਮਾਰ ਪਟਾਕੇ ਜਾਵਣ ਦੌੜੀ
ਮੱਝ ਵੇਚਕੇ ਲੈ ਲਈ ਘੋੜੀ ……
ਵਧੀਆ ਨਸਲ ਦਾ ਰੱਖਿਆ ਕੁੱਤਾ
ਦਿਨੇਂ ਰਾਤੀਂ ਜੋ ਰਹਿੰਦਾ ਸੁੱਤਾ
ਰੋਟੀਆਂ ਦੀ ਦਰਜਨ ਖਾ ਜਾਵੇ
ਹੱਗ ਹੱਗ ਵਿਹੜਾ ਭਰਦਾ ਜਾਵੇ
ਗੱਲ ਸੱਚੀ ਪਰ ਲੱਗਣੀ ਕੌੜੀ
ਮੱਝ ਵੇਚਕੇ ਲੈ ਲਈ ਘੋੜੀ ……
ਸ਼ੌਕ ਕਬੂਤਰ ਬਾਜ਼ੀ ਵੱਡਾ
ਬਿੱਠਾਂ ਦੇ ਨਾਲ ਭਰਿਆ ਖੁੱਡਾ
ਕੰਧਾਂ – ਕੋਠੇ ਟੱਪਦੇ ਰਹਿੰਦੇ
ਆਸਮਾਨ ਵੱਲ੍ਹ ਤੱਕਦੇ ਰਹਿੰਦੇ
ਰਗ਼ਾਂ ਧੌਣ ਦੀਆਂ ਫਿਰਦੇ ਤੋੜੀ
ਮੱਝ ਵੇਚਕੇ ਲੈ ਲਈ ਘੋੜੀ ……
ਲੋਕਾਂ ਨੂੰ ਦਿਖਲਾਉਣ ਦੀ ਖਾਤਿਰ
ਫੋਕੀ ਟੌਹਰ ਬਣਾਉਣ ਦੀ ਖਾਤਿਰ
ਬਿਨ ਲਾਹੇ ਦੇ ਕੰਮ ਪਏ ਕਰਦੇ
ਕਦਰ ਸਮੇਂ ਦੀ ਵੀ ਨਹੀਂ ਕਰਦੇ
ਚੱਲਦੇ ਕਰਕੇ ਛਾਤੀ ਚੌੜੀ
ਮੱਝ ਵੇਚਕੇ ਲੈ ਲਈ ਘੋੜੀ ……
ਉਂਝ ਸ਼ੌਕ ਦਾ ਮੁੱਲ ਕੋਈ ਨਾ
ਫਿਰ ਵੀ ਇਸਦੇ ਤੁੱਲ ਕੋਈ ਨਾ
ਸ਼ੌਕ ਪਾਲ਼ੋ, ਜੋ ਸਹਿ ਸਕਦੇ ਹੋ
ਰੀਸ ਬਿਨਾਂ ਵੀ ਰਹਿ ਸਕਦੇ ਹੋ
ਐਵੇਂ ਰੱਖੀਏ ਸੋਚ ਨਾ ਸੌੜੀ
ਮੱਝ ਵੇਚਕੇ ਲੈ ਲਈ ਘੋੜੀ……
ਕੰਮ ਕਰੋ ਕੋਈ ਫਾਇਦੇ ਵਾਲਾ
ਜਾਂ ਕਾਨੂੰਨ ਤੇ ਕਾਇਦੇ ਵਾਲਾ
ਜੋ ਬਣਜੇ ਰੁਜ਼ਗਾਰ ਵੀ ਥੋਡਾ
‘ਖੁਸ਼ੀ’ ਰਹੇ ਪਰਿਵਾਰ ਵੀ ਥੋਡਾ
ਇਹ ਵੀ ਗੱਲ ਵਿਚਾਰੋ ਥੋੜ੍ਹੀ
ਮੱਝ ਵੇਚਕੇ ਲੈ ਲਈ ਘੋੜੀ ……
ਲਿੱਦ ਚੁੱਕਦੇ ਹੁਣ ਲੈ ਕੇ ਫਹੁੜੀ
ਖੁਸੀ ਮੁਹੰਮਦ ਚੱਠਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly