ਜਸਟਿਸ ਐਸ. ਰਵਿੰਦਰਾ ਭੱਟ ਨੇ ਮਨੁੱਖੀ ਅਧਿਕਾਰਾਂ ਸਬੰਧੀ ਕਾਰਕੁਨ ਗੌਤਮ ਨਵਲੱਖਾ ਦੇ ਕੇਸ ਦੀ ਸੁਣਵਾਈ ਤੋਂ ਅੱਜ ਆਪਣੇ ਆਪ ਨੂੰ ਵੱਖ ਕਰ ਲਿਆ। ਅਜਿਹਾ ਕਰਨ ਵਾਲੇ ਉਹ ਪੰਜਵੇਂ ਜੱਜ ਬਣ ਗਏ ਹਨ। ਗੌਤਮ ਨੇ ਮੁੰਬਈ ਹਾਈ ਕੋਰਟ ਨੂੰ ਕੋਰੇਗਾਉਂ ਭੀਮਾ ਮਾਮਲੇ ਸਬੰਧੀ ਉਸ ਖ਼ਿਲਾਫ਼ ਕੇਸ ਰੱਦ ਕਰਨ ਦੀ ਮੰਗ ਕੀਤੀ ਹੈ। 30 ਸਤੰਬਰ ਨੂੰ ਚੀਫ ਜਸਟਿਸ ਰੰਜਨ ਗਗੋਈ ਨੇ ਇਸ ਮਾਮਲੇ ਤੋਂ ਕਿਨਾਰਾ ਕਰ ਲਿਆ ਸੀ। ਇਸ ਤੋਂ ਬਾਅਦ ਪਹਿਲੀ ਅਕਤੂਬਰ ਨੂੰ ਤਿੰਨ ਜੱਜਾਂ ਦੇ ਬੈਂਚ ਜਸਟਿਸ ਐਨਵੀ ਰਮੰਨਾ, ਆਰ ਸੁਭਾਸ਼ ਰੈਡੀ ਅਤੇ ਬੀਆਰ ਗੱਵਈ ਨੇ ਇਸ ਸੁਣਵਾਈ ਤੋਂ ਆਪਣੇ ਆਪ ਨੂੰ ਲਾਂਭੇ ਕੀਤਾ ਸੀ। ਵੀਰਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਜਸਟਿਸ ਅਰੁਣ ਮਿਸ਼ਰਾ, ਵਿਨੀਤ ਸਾਰਨ ਅਤੇ ਐਸ ਰਵਿੰਦਰਾ ਭੱਟ ਦੇ ਬੈਂਚ ਵਿਚੋਂ ਸ੍ਰੀ ਭੱਟ ਨੇ ਇਸ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ। ਇਸ ਦੌਰਾਨ ਜਦੋਂ ਨਵਲੱਖਾ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਮੁੰਬਈ ਹਾਈ ਕੋਰਟ ਵੱਲੋਂ ਨਵਲੱਖਾ ਨੂੰ ਗ੍ਰਿਫਤਾਰੀ ਤੋਂ ਦਿੱਤੀ ਤਿੰਨ ਹਫ਼ਤਿਆਂ ਦੀ ਰਾਹਤ ਸ਼ੁੱਕਰਵਾਰ ਨੂੰ ਖ਼ਤਮ ਹੋ ਰਹੀ ਹੈ। ਇਸ ਦੌਰਾਨ ਬੈਂਚ ਨੇ ਕਿਹਾ ਕਿ ਇਸ ਮਾਮਲੇ ਦੀ ਸੁਣਵਾਈ ਭਲਕੇ ਹੋਵੇਗੀ। ਸਤੰਬਰ 13 ਨੂੰ ਹਾਈ ਕੋਰਟ ਨੇ ਉਸ ਖ਼ਿਲਾਫ਼ 2017 ਵਿਚ ਵਾਪਰੇ ਕੋਰੇਗਾਉਂ ਭੀਮਾ ਕੇਸ ਸਬੰਧੀ ਐਫਆਈਆਰ ਦਰਜ ਕਰਨ ਤੋਂ ਰਾਹਤ ਦੇਣ ਤੋਂ ਨਾਂਹ ਕਰ ਦਿੱਤੀ ਸੀ। ਅਦਾਲਤ ਨੇ ਕਿਹਾ ਸੀ ਕਿ ਇਸ ਕੇਸ ਦਾ ਘੇਰਾ ਵਿਸ਼ਾਲ ਹੋਣ ਕਾਰਨ ਇਸ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਇਸ ਸਬੰਧੀ ਹਾਈ ਕੋਰਟ ਨੇ ਨਵਲੱਖਾ ਨੂੰ ਤਿੰਨ ਹਫ਼ਤਿਆਂ ਲਈ ਗ੍ਰਿਫ਼ਤਾਰੀ ਤੋਂ ਰਾਹਤ ਦਿੱਤੀ ਸੀ ਤਾਂ ਕਿ ਉਹ ਆਪਣੇ ਬਚਾਅ ਵਿਚ ਸੁਪਰੀਮ ਕੋਰਟ ਵਿੱਚ ਅਪੀਲ ਪਾ ਸਕੇ।
INDIA ਕੋਰੇਗਾਉਂ ਭੀਮਾ ਕੇਸ: ਜਸਟਿਸ ਭੱਟ ਵੀ ਕੇਸ ਤੋਂ ਲਾਂਭੇ ਹੋਏ