ਹਨੇਰੀ ਤੇ ਭਾਰੀ ਮੀਂਹ ਨੇ ਕਿਸਾਨਾਂ ਦੀ ਜਾਨ ਮੁੱਠੀ ਵਿੱਚ ਲਿਆਂਦੀ

ਮਾਲਵਾ ਖੇਤਰ ਵਿੱਚ ਬੁੱਧਵਾਰ ਨੂੰ ਅਚਾਨਕ ਮੌਸਮ ਦਾ ਮਿਜ਼ਾਜ ਵਿਗੜ ਗਿਆ। ਤੇਜ਼ ਝੱਖੜ ਅਤੇ ਮੀਂਹ ਨੇ ਪੱਕਣ ’ਤੇ ਆਈ ਫ਼ਸਲ ਧਰਤੀ ’ਤੇ ਵਿਛਾ ਦਿੱਤੀ ਹੈ। ਜਿਹੜੇ ਕਿਸਾਨਾਂ ਨੇ ਇੱਕ-ਦੋ ਦਿਨਾਂ ਬਾਅਦ ਝੋਨੇ ਦੀ ਕਟਾਈ ਕਰਨੀ ਸੀ, ਉਨ੍ਹਾਂ ਦਾ ਕੰਮ ਠੱਪ ਕਰ ਦਿੱਤਾ ਗਿਆ। ਹਜ਼ਾਰਾਂ ਏਕੜ ਰਕਬੇ ਵਿੱਚ ਖੜ੍ਹੇ ਨਰਮੇ ਨੂੰ ਮੀਂਹ ਦੇ ਪਾਣੀ ਭਿਉਂ ਦਿੱਤਾ ਹੈ ਜਿਸ ਨਾਲ ਨਰਮਾ ਚੁਗਣ ਦਾ ਕਾਰਜ ਕਈ ਦਿਨਾਂ ਲਈ ਰੁਕ ਗਿਆ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਹੁਣ ਦਿਨ ਵੇਲੇ ਤੇਜ਼ ਧੁੱਪਾਂ ਅਤੇ ਰਾਤ ਨੂੰ ਠੰਡ ਵਾਲਾ ਮੌਸਮ ਫ਼ਸਲਾਂ ਲਈ ਸਹਾਈ ਹੁੰਦਾ ਹੈ ਪਰ ਅੱਜ ਦੇਰ ਸ਼ਾਮ ਆਈ ਹਨ੍ਹੇਰੀ ਨੇ ਅੰਨਦਾਤਾ ਦੇ ਸੁਪਨਿਆਂ ਨੂੰ ਮਧੋਲ ਸੁੱਟਿਆ ਹੈ।
ਇਸ ਮੀਂਹ ਕਾਰਨ ਮੰਡੀਆਂ ਵਿੱਚ ਵਿਕਣ ਲਈ ਪੁੱਜਿਆ ਕਿਸਾਨਾਂ ਦਾ ‘ਚਿੱਟਾ ਸੋਨਾ’ ਲੋੜੀਂਦੇ ਪ੍ਰਬੰਧ ਨਾ ਹੋਣ ਕਾਰਨ ਭਿੱਜ ਗਿਆ ਹੈ। ਮਾਨਸਾ ਦੀ ਆਧੁਨਿਕ ਅਨਾਜ ਮੰਡੀ ਵਿੱਚ ਕਿਸਾਨਾਂ ਦੀਆਂ ਫ਼ਸਲਾਂ ਨੂੰ ਮੀਂਹ ਅਤੇ ਹਨੇਰੀਆਂ ਤੋਂ ਬਚਾਉਣ ਲਈ ਕੋਈ ਪ੍ਰਬੰਧ ਨਹੀਂ ਹਨ, ਹਾਲਾਂਕਿ ਮਾਰਕਿਟ ਕਮੇਟੀ ਦੇ ਅਧਿਕਾਰੀ ਇਨ੍ਹਾਂ ਲਈ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕਰ ਰਹੇ ਹਨ। ਕਿਸਾਨ ਨੇਤਾਵਾਂ ਨੇ ਕਿਹਾ ਕਿ ਜੇ ਮੰਡੀ ਬੋਰਡ ਵੱਲੋਂ ਉਨ੍ਹਾਂ ਦੀ ਜਿਣਸਾਂ ਦੀ ਅਨਾਜ ਮੰਡੀਆਂ ਵਿੱਚ ਸਹੀ ਰੂਪ ਵਿੱਚ ਰਾਖੀ ਹੀ ਨਹੀਂ ਕਰਨੀ ਹੈ ਤਾਂ ਮੰਡੀ ਬੋਰਡ ਵੱਲੋਂ ਅਜਿਹਾ ਕਮਿਸ਼ਨ ਕਿਉਂ ਕੱਟਿਆ ਜਾ ਰਿਹਾ ਹੈ। ਜਿਹੜੇ ਕਿਸਾਨਾਂ ਦਾ ਅਨਾਜ ਮੰਡੀ ਵਿੱਚ ਪਿਆ ਨਰਮਾ ਭਿੱਜ ਗਿਆ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਬੋਲੀ ਤੋਂ ਬਾਅਦ ਭਿੱਜਿਆ ਨਰਮਾ ਖਰੀਦਦਾਰ ਦਾ ਹੁੰਦਾ ਹੈ।
ਉਧਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਗੁਰਜਿੰਦਰ ਸਿੰਘ ਰੋਮਾਣਾ ਨੇ ਦੱਸਿਆ ਕਿ ਇਹ ਮੌਸਮ ਫ਼ਸਲਾਂ ਦੇ ਅਨਕੂਲ ਨਹੀਂ ਹੈ।ਉਨ੍ਹਾਂ ਕਿਹਾ ਕਿ ਤੇਜ਼ ਹਵਾਵਾਂ ਕਾਰਨ ਝੋਨੇ ਅਤੇ ਨਰਮੇ ਦੇ ਬੂਟੇ ਜੜ੍ਹਾਂ ਦੇ ਗਿੱਲਾ ਹੋਣ ਕਾਰਨ ਡਿੱਗਣ ਦਾ ਖਤਰਾ ਖੜ੍ਹਾ ਹੋ ਜਾਂਦਾ ਹੈ। ਇਸੇ ਦੌਰਾਨ ਖੇਤੀ ਵਿਭਾਗ ਦੇ ਮਾਨਸਾ ਸਥਿਤ ਜ਼ਿਲ੍ਹਾ ਮੁੱਖ ਅਫਸਰ ਡਾ.ਗੁਰਮੇਲ ਸਿੰਘ ਚਾਹਲ ਨੇ ਦੱਸਿਆ ਕਿ ਝੱਖੜ ਅਤੇ ਹਨ੍ਹੇਰੀ ਕਾਰਨ ਜਿਹੜੇ ਬੂਟੇ ਟੇਡੇ ਹੋ ਗਏ ਹਨ, ਉਨ੍ਹਾਂ ਨੂੰ ਹੁਣ ਕਿਸਾਨ ਸਿੱਧਾ ਕਰਨ ਦਾ ਯਤਨ ਨਾ ਕਰਨ ਕਿਉਂਕਿ ਅਜਿਹਾ ਹੋਣ ਨਾਲ ਬੂਟਿਆਂ ਦੀਆਂ ਜੜ੍ਹਾਂ ਹਿੱਲਣ ਸਦਕਾ, ਉਨ੍ਹਾਂ ਦੇ ਮਰਨ ਦੀ ਸੰਭਾਵਨਾ ਪੈਦਾ ਹੋ ਜਾਂਦੀ ਹੈ।

Previous articleਕੋਰੇਗਾਉਂ ਭੀਮਾ ਕੇਸ: ਜਸਟਿਸ ਭੱਟ ਵੀ ਕੇਸ ਤੋਂ ਲਾਂਭੇ ਹੋਏ
Next articleਖਾਲਿਸਤਾਨ ਪੱਖੀ ਸੱਤ ਕਾਰਕੁਨਾਂ ਦੇ ਰਿਮਾਂਡ ’ਚ ਵਾਧਾ