* ਅੰਤਿਮ ਸੰਸਕਾਰ ’ਚ ਜੁੜੇ ਹਜ਼ਾਰਾਂ ਲੋਕ
* ਪੁਲੀਸ ਨੇ 21 ਬੰਦੂਕਾਂ ਨਾਲ ਦਿੱਤੀ ਸਲਾਮੀ
* ਹਰ ਅੱਖ ਸੀ ਨਮ
ਅਮਰੀਕਾ ’ਚ ਪਿਛਲੇ ਹਫ਼ਤੇ ਡਿਊਟੀ ਦੌਰਾਨ ਮਾਰੇ ਗਏ ਪੁਲੀਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਅੰਤਿਮ ਸਸਕਾਰ ’ਚ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕਰਕੇ ਉਨ੍ਹਾਂ ਨੂੰ ਭਾਵਭਿੰਨੀਆਂ ਸ਼ਰਧਾਂਜਲੀਆਂ ਦਿੱਤੀਆਂ। ਪੁਲੀਸ ਅਧਿਕਾਰੀਆਂ, ਸਿੱਖਾਂ, ਭਾਰਤੀ ਮੂਲ ਦੇ ਅਮਰੀਕੀਆਂ ਅਤੇ ਹਿਊਸਟਨ ਇਲਾਕੇ ਦੇ ਲੋਕਾਂ ਸਮੇਤ ਹਜ਼ਾਰਾਂ ਲੋਕ ਬੁੱਧਵਾਰ ਨੂੰ ਧਾਲੀਵਾਲ ਦੇ ਸ਼ਰਧਾਂਜਲੀ ਸਮਾਗਮ ’ਚ ਜੁੜੇ। ਸੰਦੀਪ ਸਿੰਘ ਧਾਲੀਵਾਲ (42) ਹੈਰਿਸ ਕਾਊਂਟੀ ਦੇ ਪਹਿਲੇ ਸਿੱਖ ਡਿਪਟੀ ਸ਼ੈਰਿਫ ਸਨ। ਹੈਰਿਸ ਕਾਊਂਟੀ ’ਚ ਸਿੱਖਾਂ ਦੀ ਆਬਾਦੀ 10 ਹਜ਼ਾਰ ਤੋਂ ਵੱਧ ਹੈ। ਪਿਛਲੇ ਸ਼ੁੱਕਰਵਾਰ ਹਿਊਸਟਨ ਦੇ ਉੱਤਰ-ਪੱਛਮ ’ਚ ਟ੍ਰੈਫਿਕ ਜਾਂਚ ਦੌਰਾਨ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸੰਦੀਪ ਸਿੰਘ ਧਾਲੀਵਾਲ ਨੂੰ ਹੈਲੀਕਾਪਟਰਾਂ ਅਤੇ ਉਨ੍ਹਾਂ ਦੇ ਸਾਥੀ ਪੁਲੀਸ ਅਧਿਕਾਰੀਆਂ ਨੇ 21 ਬੰਦੂਕਾਂ ਦੀ ਸਲਾਮੀ ਦਿੱਤੀ। ਬੈਗਪਾਈਪਰ ’ਤੇ ‘ਅਮੇਜ਼ਿੰਗ ਗਰੇਸ’ ਦੀ ਧੁਨ ਵੱਜਣ ਦੇ ਨਾਲ ਹੀ ਹੈਰਿਸ ਕਾਊਂਟੀ ਸ਼ੈਰਿਫ ਦਫ਼ਤਰ ਦੇ ਮੈਂਬਰਾਂ ਨੇ ਅਮਰੀਕੀ ਝੰਡੇ ਨੂੰ ਧਾਲੀਵਾਲ ਦੇ ਤਾਬੂਤ ਤੋਂ ਉਤਾਰਿਆ ਅਤੇ ਸ਼ੈਰਿਫ ਐੱਡ ਗੋਂਜ਼ਾਲੇਜ਼ ਨੇ ਧਾਲੀਵਾਲ ਦੀ ਪਤਨੀ ਨੂੰ ਸੌਂਪ ਦਿੱਤਾ ਜਿਨ੍ਹਾਂ ਉਸ ਨੂੰ ਆਪਣੀ ਛਾਤੀ ਨਾ ਲਗਾ ਲਿਆ। ਬੈਰੀ ਸੈਂਟਰ ’ਚ ਪੁਲੀਸ ਮਹਿਕਮੇ ਦੀ ਮੈਮੋਰੀਅਲ ਸਰਵਿਸ ਮਗਰੋਂ ਧਾਲੀਵਾਲ ਦੇ ਪਰਿਵਾਰ ਅਤੇ ਹੋਰਾਂ ਨੇ ਵਿਨਫੋਰਡ ਸ਼ਮਸ਼ਾਨਘਾਟ ’ਚ ਉਸ ਦਾ ਅੰਤਿਮ ਸਸਕਾਰ ਕੀਤਾ। ਅੰਤਿਮ ਸਸਕਾਰ ’ਚ ਸ਼ਾਮਲ ਹੋਣ ਲਈ ਆਏ ਲੋਕਾਂ ਵਾਸਤੇ 7500 ਨੌਰਥ ਸੈਮ ਪਾਰਕਵੇਅ ਵੈਸਟ ਦੇ ਗੁਰਦੁਆਰਾ ਸਿੱਖ ਨੈਸ਼ਨਲ ਸੈਂਟਰ ’ਚ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ। ਅਮਰੀਕੀ ਆਰਮੀ ਕੈਪਟਨ ਸਿਮਰਤਪਾਲ ਸਿੰਘ ਨੇ ਕਿਹਾ ਕਿ ਧਾਲੀਵਾਲ ਨਿਧੜਕ ਅਤੇ ਨਰਮ ਦਿਲ ਇਨਸਾਨ ਸੀ। ‘ਸਾਡਾ ਸ਼ੇਰ ਸਰੀਰਕ ਤੌਰ ’ਤੇ ਭਾਵੇਂ ਚਲਾ ਗਿਆ ਹੈ ਪਰ ਉਸ ਦੀ ਨਿਸ਼ਕਾਮ ਸੇਵਾ ਭਾਵਨਾ ਸਾਡੇ ਦਿਲਾਂ ’ਚ ਹਮੇਸ਼ਾ ਜਿਊਂਦੀ ਰਹੇਗੀ ਅਤੇ ਪ੍ਰੇਰਣਾ ਦਿੰਦੀ ਰਹੇਗੀ।’
ਸੰਦੀਪ ਸਿੰਘ ਧਾਲੀਵਾਲ ਨੂੰ 10 ਸਾਲ ਪਹਿਲਾਂ ਪੁਲੀਸ ’ਚ ਭਰਤੀ ਕਰਨ ਵਾਲੇ ਕਮਿਸ਼ਨਰ ਐਡਰੀਅਨ ਗਾਰਸੀਆ ਨੇ ਸਟੇਡੀਅਮ ’ਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡਿਪਟੀ (ਸੰਦੀਪ ਸਿੰਘ ਧਾਲੀਵਾਲ) ਨੂੰ ‘ਰਾਜੇ ਵਾਂਗ ਵਿਦਾਇਗੀ’ ਦੇਣੀ ਬਣਦੀ ਹੈ। ਸੰਦੀਪ ਦੇ ਪਿਤਾ ਨੂੰ ਸੰਬੋਧਨ ਕਰਦਿਆਂ ਉਸ ਨੇ ਕਿਹਾ,‘‘ਬਾਬਾ, ਤੁਸੀਂ ਚੰਗੇ ਵਿਅਕਤੀ ਨੂੰ ਪਾਲਿਆ ਪੋਸਿਆ। ਉਸ ਦਾ ਦਿਲ ਸੋਨੇ ਦਾ ਸੀ। ਇਹ ਬਦਨਸੀਬੀ ਹੈ ਕਿ ਪਿਤਾ ਨੂੰ ਆਪਣੇ ਪੁੱਤਰ ਨੂੰ ਅੰਤਿਮ ਵਿਦਾਇਗੀ ਦੇਣੀ ਪੈ ਰਹੀ ਹੈ।’’ ਲੈਫ਼ਟੀਨੈਂਟ ਗਵਰਨਰ ਡੈਨ ਪੈਟਰਿਕ ਨੇ ਕਿਹਾ ਕਿ ਉਹ ਅੰਤਿਮ ਸੰਸਕਾਰਾਂ ’ਤੇ ਕੋਈ ਭਾਸ਼ਨ ਨਹੀਂ ਦਿੰਦਾ ਹੈ ਪਰ ਧਾਲੀਵਾਲ ਦਾ ਸੱਚਾ ਅਤੇ ਸੁੱਚਾ ਜੀਵਨ ਉਨ੍ਹਾਂ ਨੂੰ ਕੁਝ ਬੋਲਣ ਲਈ ਮਜਬੂਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ 2015 ਤੋਂ ਲੈ ਕੇ ਹੁਣ ਤਕ 50 ਪੁਲੀਸ ਕਰਮੀ ਆਪਣਾ ਫਰਜ਼ ਨਿਭਾਉਂਦਿਆਂ ਮਾਰੇ ਗਏ ਹਨ ਅਤੇ ਡਿਪਟੀ ਧਾਲੀਵਾਲ 50ਵਾਂ ਅਧਿਕਾਰੀ ਸੀ। ਉਨ੍ਹਾਂ ਕਿਹਾ ਕਿ ਸੰਦੀਪ ਨੇ ਆਪਣੇ ਥੋੜੇ ਜਿਹੇ ਜੀਵਨ ’ਚ ਇੰਨਾਂ ਕੁਝ ਕਰ ਦਿਖਾਇਆ ਕਿ ਕੁਝ ਲੋਕ 100 ਸਾਲਾਂ ’ਚ ਵੀ ਨਹੀਂ ਕਰ ਸਕਦੇ। ਹਿਊਸਟਨ ਦੇ ਮੇਅਰ ਸਿਲਵੈਸਟਰ ਟਰਨਰ ਨੇ ਕਿਹਾ ਕਿ ਉਹ ਸਿੱਖਾਂ ਦਾ ਨੁਮਾਇੰਦਾ ਸੀ ਅਤੇ ਸਾਰੇ ਉਸ ਦਾ ਸਤਿਕਾਰ ਕਰਦੇ ਸਨ। ਨਿਊ ਜਰਸੀ ਦੇ ਅਟਾਰਨੀ ਜਨਰਲ ਗੁਰਬੀਰ ਗਰੇਵਾਲ ਨੇ ਕਿਹਾ ਕਿ ਸੰਦੀਪ ਸਿੰਘ ਧਾਲੀਵਾਲ ਨੇ ਪੂਰੀ ਸਿੱਖ ਕੌਮ ਨੂੰ ਪ੍ਰੇਰਿਤ ਕੀਤਾ ਹੈ। ਸੈਨੇਟਰ ਟੈੱਡ ਕਰੂਜ਼ ਨੇ ਧਾਲੀਵਾਲ ਦੀ ਪਤਨੀ ਅਤੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਧਾਲੀਵਾਲ ਵੱਲੋਂ ਨਿਭਾਈਆਂ ਸੇਵਾਵਾਂ ਅਤੇ ਉਸ ਦੀ ਕੁਰਬਾਨੀ ਲਈ ਅਹਿਸਾਨਮੰਦ ਹਨ।