ਜਗਮੀਤ ਨੇ ਨਸਲੀ ਟਿੱਪਣੀ ਦਾ ਠਰ੍ਹੰਮੇ ਨਾਲ ਦਿੱਤਾ ਜਵਾਬ

ਕੈਨੇਡਾ ਦੀ ਨਿਊ ਡੈਮੋਕਰੈਟਿਕ ਪਾਰਟੀ (ਐੱਨਡੀਪੀ) ਦੇ ਆਗੂ ਜਗਮੀਤ ਸਿੰਘ ਨੇ ਮਾਂਟਰੀਅਲ, ਕਿਊਬੈੱਕ ਵਿੱਚ ਇਕ ਵੋਟਰ ਵੱਲੋਂ ਕੀਤੀ ਨਸਲੀ ਟਿੱਪਣੀ ਦਾ ਬੜੇ ਠਰ੍ਹੰਮੇ ਤੇ ਸ਼ਾਂਤ ਚਿੱਤ ਰਹਿ ਕੇ ਜਵਾਬ ਦਿੱਤਾ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ 26 ਸਕਿੰਟ ਦੀ ਇਸ ਵੀਡੀਓ ਵਿੱਚ ਜਗਮੀਤ ਇਕ ਭਰੇ-ਪੁਰੇ ਬਾਜ਼ਾਰ ਵਿੱਚ ਇਕ ਸ਼ਖ਼ਸ (ਵੋਟਰ) ਕੋਲ ਜਾਂਦਾ ਵਿਖਾਈ ਦਿੰਦਾ ਹੈ। ਇਹ ਵੋਟਰ ਜਗਮੀਤ ਨੂੰ ਕਹਿੰਦਾ ਹੈ, ‘ਜੇਕਰ ਤੁਸੀਂ ਆਪਣੀ ਪੱਗੜੀ ਲਾਹ ਦਿਓ ਤਾਂ ਤੁਸੀਂ ਪੂਰੇ ਕੈਨੇਡੀਅਨ ਲੱਗੋਗੇ।’ ਇਸ ਸ਼ਖ਼ਸ ਦੀ ਟਿੱਪਣੀ, ਜੋ ਥੋੜ੍ਹੀ ਨਸਲੀ ਜਾਪਦੀ ਸੀ, ਦਾ ਜਵਾਬ ਦਿੰਦਿਆਂ ਜਗਮੀਤ ਨੇ ਕਿਹਾ, ‘ਕੈਨੇਡਾ ਦੀ ਇਹੀ ਖੂਬਸੂਰਤੀ ਹੈ ਕਿ ਇਥੋਂ ਦੇ ਲੋਕ ਹਰ ਵਰਗ/ਵੰਨਗੀ ਦੇ ਲੋਕਾਂ ਨੂੰ ਪਸੰਦ ਕਰਦੇ ਹਨ।’ ਇਸ ਸ਼ਖ਼ਸ ਨੇ ਅੱਗੇ ਕਿਹਾ, ‘ਤੁਸੀਂ ਜਿਸ ਮੁਲਕ ਵਿੱਚ ਹੋਵੋ, ਉਸ ਮੁਤਾਬਕ ਵਿਹਾਰ ਕਰੋ।’ ਜਗਮੀਤ ਨੇ ਇਸ ਸ਼ਖ਼ਸ ਨਾਲ ਹੱਥ ਮਿਲਾਉਣ ਤੋਂ ਪਹਿਲਾਂ ਕਿਹਾ, ‘ਇਹ ਕੈਨੇਡਾ ਹੈ, ਜਿੱਥੇ ਤੁਹਾਨੂੰ ਆਪਣੀ ਪਸੰਦ-ਨਾਪਸੰਦ ਦੱਸਣ ਦੀ ਖੁੱਲ੍ਹ ਹੈ।’ ਮਗਰੋਂ ਜਗਮੀਤ ਨੇ ਇਸ ਵੀਡੀਓ ਬਾਰੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ, ‘ਮੈਂ ਤੁਹਾਨੂੰ ਇਹੀ ਕਹਾਂਗਾ ਕਿ ਤੁਸੀਂ ਜੋ ਹੋ, ਉਸ ਨੂੰ ਨਾ ਬਦਲੋ। ਇਥੇ ਹਰ ਕੋਈ ਆਪਣੀ ਥਾਂ ਦਾ ਹੱਕਦਾਰ ਹੈ।’ ਨਿਊ ਡੈਮੋਕਰੈਟਿਕ ਪਾਰਟੀ ਕੈਨੇਡਾ ਦੀ ਤੀਜੀ ਸਭ ਤੋਂ ਵੱਡੀ ਸਿਆਸੀ ਪਾਰਟੀ ਹੈ।

Previous articleਵਾਦੀ ’ਚ ਸੰਚਾਰ ਸਾਧਨਾਂ ਦੀ ਬਹਾਲੀ ਲਈ ਪੱਤਰਕਾਰਾਂ ਵੱਲੋਂ ਸ਼ਾਂਤਮਈ ਪ੍ਰਦਰਸ਼ਨ
Next articleਅਮਰੀਕੀਆਂ ਨੇ ਸੰਦੀਪ ਸਿੰਘ ਧਾਲੀਵਾਲ ਦੀ ਕੁਰਬਾਨੀ ਨੂੰ ਕੀਤਾ ਸਿਜਦਾ