ਵਾਸ਼ਿੰਗਟਨ : ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸਾਫ਼ ਕਿਹਾ ਹੈ ਕਿ ਭਾਰਤ ਨੇ ਕਿਹੜੇ ਦੇਸ਼ ਤੋਂ ਕੀ ਖ਼ਰੀਦਣਾ ਹੈ ਇਹ ਉਸ ਨੇ ਤੈਅ ਕਰਨਾ ਹੈ। ਕੋਈ ਦੇਸ਼ ਭਾਰਤ ਨੂੰ ਇਹ ਨਹੀਂ ਦੱਸ ਸਕਦਾ ਕਿ ਉਹ ਕਿਸ ਦੇਸ਼ ਤੋਂ ਕਿਹੜਾ ਹਥਿਆਰ ਖ਼ਰੀਦੇ ਤੇ ਕਿਹਾ ਨਾ ਖ਼ਰੀਦੇ। ਜੈਸ਼ੰਕਰ ਰੂਸ ਤੋਂ ਮਿਜ਼ਾਈਲ ਰੱਖਿਆ ਪ੍ਰਣਾਲੀ ਖ਼ਰੀਦਣ ਦੇ ਭਾਰਤ ਦੇ ਫ਼ੈਸਲੇ ‘ਤੇ ਅਮਰੀਕਾ ਦੇ ਇਤਰਾਜ਼ ਦੇ ਸਵਾਲ ਦਾ ਜਵਾਬ ਦੇ ਰਹੇ ਸਨ। ਇਸ ਸੌਦੇ ਤੋਂ ਨਾਰਾਜ਼ ਅਮਰੀਕਾ ਨੇ ਪਾਬੰਦੀਆਂ ਲਗਾਉਣ ਦੀ ਧਮਕੀ ਤਕ ਦੇ ਦਿੱਤੀ ਹੈ।
ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨਾਲ ਬੈਠਕ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ‘ਚ ਜੈਸ਼ੰਕਰ ਨੇ ਕਿਹਾ ਕਿ ਭਾਰਤ ਨੇ ਇਹ ਹਮੇਸ਼ਾ ਤੋਂ ਕਿਹਾ ਹੈ ਕਿ ਉਸ ਨੂੰ ਕਿਸ ਦੇਸ਼ ਤੋਂ ਫ਼ੌਜੀ ਸਾਜੋ ਸਾਮਾਨ ਖ਼ਰੀਦਣਾ ਹੈ ਇਹ ਤੈਅ ਕਰਨਾ ਉਸ ਦੀ ਖ਼ੁਦਮੁਖ਼ਤਿਆਰੀ ਦਾ ਅਧਿਕਾਰ ਹੈ। ਜੈਸ਼ੰਕਰ ਨੇ ਕਿਹਾ ਕਿ ਅਸੀਂ ਇਹ ਨਹੀਂ ਚਾਹਾਂਗੇ ਕਿ ਕੋਈ ਦੇਸ਼ ਸਾਨੂੰ ਇਹ ਕਹੇ ਕਿ ਰੂਸ ਤੋਂ ਅਸੀਂ ਕੀ ਖ਼ਰੀਦਣਾ ਹੈ ਤੇ ਕੀ ਨਹੀਂ, ਇਸੇ ਤਰ੍ਹਾਂ ਇਹ ਵੀ ਨਹੀਂ ਪਸੰਦ ਕਰਾਂਗੇ ਕਿ ਕੋਈ ਦੇਸ਼ ਸਾਨੂੰ ਇਹ ਕਹੇ ਕਿ ਅਮਰੀਕਾ ਤੋਂ ਅਸੀਂ ਕੀ ਖ਼ਰੀਦਣਾ ਹੈ ਤੇ ਕੀ ਨਹੀਂ।
ਜ਼ਿਕਰਯੋਗ ਹੈ ਕਿ ਭਾਰਤ ਨੇ ਪਿਛਲੇ ਸਾਲ ਰੂਸ ਤੋਂ 5.2 ਅਰਬ ਡਾਲਰ (35 ਹਜ਼ਾਰ ਕਰੋੜ ਰੁਪਏ) ‘ਚ ਪੰਜ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਖ਼ਰੀਦਣ ਦਾ ਸੌਦਾ ਕੀਤਾ ਹੈ। ਅਮਰੀਕਾ ਨੇ ਰੂਸ ਨਾਲ ਹਥਿਆਰਾਂ ਦੇ ਵੱਡੇ ਸੌਦੇ ਕਰਨ ਵਾਲੇ ਦੇਸ਼ਾਂ ‘ਤੇ ਪਾਬੰਦੀਆਂ ਲਗਾਈਆਂ ਹੋਈਆਂ ਹਨ।
ਜੈਸ਼ੰਕਰ ਨੇ ਈਰਾਨ ਦੇ ਮਸਲੇ ‘ਤੇ ਅਮਰੀਕਾ ਨਾਲ ਭਾਰਤ ਦੇ ਮਤਭੇਦਾਂ ਦਾ ਵੀ ਜ਼ਿਕਰ ਕੀਤਾ। ਟਰੰਪ ਪ੍ਰਸ਼ਾਸਨ ਨੇ ਈਰਾਨ ਤੋਂ ਤੇਲ ਖ਼ਰੀਦਣ ‘ਤੇ ਪਾਬੰਦੀ ਲਗਾਈ ਹੋਈ ਹੈ। ਭਾਰਤ ਸਮੇਤ ਕੁਝ ਦੇਸ਼ਾਂ ਨੂੰ ਛੇ ਮਹੀਨੇ ਤੋਂ ਛੋਟ ਦਿੱਤੀ ਸੀ, ਜਿਸ ਨੂੰ ਹੁਣ ਖ਼ਤਮ ਕਰ ਦਿੱਤਾ ਗਿਆ ਹੈ। ਜੈਸ਼ੰਕਰ ਨੇ ਕਿਹਾ ਹੈ ਕਿ ਅਸੀਂ ਆਪਣੀ ਨਜ਼ਰ ਤੋਂ ਈਰਾਨ ਨੂੰ ਦੇਖਦੇ ਹਾਂ ਤੇ ਉਹ ਇਕ ਸਥਿਰ ਤੇ ਸੰਤੁਲਿਤ ਸ਼ਕਤੀ ਦੇ ਰੂਪ ‘ਚ ਨਜ਼ਰ ਆਉਂਦਾ ਹੈ।