ਪੈਰਿਸ : ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਵੱਲੋਂ ਸਾਲ 2012 ਦੀ ਚੋਣ ਮੁਹਿੰਮ ਦੌਰਾਨ ਨਾਜਾਇਜ਼ ਤੌਰ ‘ਤੇ ਵਿੱਤੀ ਪੋਸ਼ਣ ਦੇ ਮਾਮਲੇ ‘ਚ ਹੇਠਲੀ ਅਦਾਲਤ ਨੇ ਮੁਕੱਦਮਾ ਚਲਾਉਣ ਦਾ ਆਦੇਸ਼ ਦਿੱਤਾ ਸੀ। ਇਸ ਖ਼ਿਲਾਫ਼ ਸਰਕੋਜ਼ੀ ਨੇ ਅਪੀਲ ਕੀਤੀ ਸੀ, ਜਿਸ ਨੂੰ ਉੱਪਰੀ ਅਦਾਲਤ ਨੇ ਖ਼ਾਰਜ ਕਰ ਦਿੱਤਾ ਹੈ। ਇਸ ਤਰ੍ਹਾਂ ਉਨ੍ਹਾਂ ਖ਼ਿਲਾਫ਼ ਮੁਕੱਦਮਾ ਚਲਾਏ ਜਾਣ ਦਾ ਰਾਹ ਪੱਧਰਾ ਹੋ ਗਿਆ ਹੈ। ਦੱਸਣਯੋਗ ਹੈ ਕਿ ਜੱਜ ਨਾਲ ਭਿ੍ਸ਼ਟਾਚਾਰ ਦੇ ਮਾਮਲੇ ‘ਚ ਪਹਿਲਾਂ ਤੋਂ ਹੀ ਉਹ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ‘ਤੇ ਦੁਬਾਰਾ ਚੋਣਾਂ ਦੌਰਾਨ ਨਿਰਧਾਰਤ ਖ਼ਰਚ ਸੀਮਾ ਲਗਪਗ 175 ਕਰੋੜ ਤੋਂ ਦੁੱਗਣਾ ਖ਼ਰਚ ਕਰਨ ਦਾ ਦੋਸ਼ ਹੈ।
ਫਰਾਂਸ ਦੀ ਸੁਪਰੀਮ ਅਪਰਾਧਿਕ ਅਦਾਲਤ ਨੇ ਮੁਕੱਦਮੇ ਦਾ ਸਾਹਮਣਾ ਕਰਨ ਤੋਂ ਬਚਣ ਲਈ ਸਰਕੋਜ਼ੀ ਵੱਲੋਂ ਦਿੱਤੀਆਂ ਗਈਆਂ ਸਾਰੀਆਂ ਦਲੀਲਾਂ ਖ਼ਾਰਜ ਕਰ ਦਿੱਤੀਆਂ। ਸਰਕੋਜ਼ੀ ਖ਼ਿਲਾਫ਼ ਮੁਕੱਦਮਾ ਕਦੋਂ ਸ਼ੁਰੂ ਹੋਵੇਗਾ, ਇਸ ਦੀ ਤਰੀਕ ਅਦਾਲਤ ਛੇਤੀ ਹੀ ਨਿਰਧਾਰਤ ਕਰੇਗੀ। ਇਸਤਗਾਸਾ ਪੱਖ ਦਾ ਦਾਅਵਾ ਹੈ ਕਿ 64 ਸਾਲਾ ਸਰਕੋਜ਼ੀ ਨੇ ਦੁਬਾਰਾ ਚੋਣ ਜਿੱਤਣ ਲਈ ਲਗਪਗ 350 ਕਰੋੜ ਰੁਪਏ ਖ਼ਰਚ ਕੀਤੇ। ਹਾਲਾਂਕਿ ਉਨ੍ਹਾਂ ਨੂੰ ਸੋਸ਼ਲਿਸਟ ਪਾਰਟੀ ਦੇ ਫਰਾਂਸਵਾ ਓਲਾਂਦ ਦੇ ਹੱਥੀਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।