ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰ ਰਹੇ ਮਨਿਸਟੀਰੀਅਲ ਕਾਮਿਆਂ ਨੇ ਅੱਜ ਆਪਣੀਆਂ ਮੰਗਾਂ ਦੇ ਹੱਕ ਵਿੱਚ ਸਮੂਹਿਕ ਛੁੱਟੀ ਲੈ ਕੇ ਸ਼ਹਿਰ ਵਿੱਚ ਮੋਟਰਸਾਈਕਲਾਂ ਤੇ ਹੋਰਨਾਂ ਦੁਪਹੀਆ ਵਾਹਨਾਂ ’ਤੇ ਰੋਸ ਰੈਲੀ ਕੱਢੀ। ਅੱਜ ਦਾ ਰੋਸ ਮੁਜ਼ਾਹਰਾ ਸੰਘਰਸ਼ ਕਮੇਟੀ ਦੇ ਸੱਦੇ ’ਤੇ ਕੀਤਾ ਗਿਆ। ਮੁਜ਼ਾਹਰਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਸ਼ੁਰੂ ਹੋ ਕੇ ਬੱਸ ਸਟੈਂਡ ਤੋਂ ਹੁੰਦਾ ਹੋਇਆ ਤਿੰਨਕੋਣੀ ਰੋਡ ’ਤੇ ਪੁੱਜ ਕੇ ਸਮਾਪਤ ਹੋਇਆ। ਸਾਂਝਾ ਸੰਘਰਸ਼ ਕਮੇਟੀ ਪੰਜਾਬ ਅਤੇ ਯੂ.ਟੀ. ਜ਼ਿਲ੍ਹਾ ਮਾਨਸਾ ਦੇ ਆਗੂ ਜਸਦੀਪ ਸਿੰਘ ਚਾਹਲ ਨੇ ਦੱਸਿਆ ਕਿ ਰੋਸ ਮੁਜ਼ਾਹਰੇ ਨੂੰ ਮਾਨਸਾ ਜ਼ਿਲ੍ਹੇ ਦੇ ਵੱਖ-ਵੱਖ ਦਫਤਰਾਂ ਦੀਆਂ ਜਥੇਬੰਦੀਆਂ ਨੇ ਭਰਵਾਂ ਸਮਰਥਨ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਮੁਜ਼ਾਹਰੇ ਦਾ ਮੁੱਖ ਉਦੇਸ਼ ਪੰਜਾਬ ਸਰਕਾਰ ਵੱਲੋਂ ਡੀ.ਏ. ਦੀਆਂ ਪੰਜ ਕਿਸ਼ਤਾਂ ਦਾ ਬਕਾਇਆ ਨਾ ਦੇਣ, ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, 31-07-2019 ਤੱਕ ਨਵੀਂ ਪੈਨਸ਼ਨ ਸਕੀਮ ਦੇ ਕਰਮਚਾਰੀਆਂ ਦੀਆਂ ਗਰੈਚੂਟੀ ਸਬੰਧੀ ਲਏ ਗਏ ਫੈਸਲੇ ਤੇ ਮੰਨੀਆਂ ਮੰਗਾਂ ਲਾਗੂ ਨਾ ਕਰਨ ਆਦਿ ਮੰਗਾਂ ਦੇ ਸਮਰਥਨ ਵਿੱਚ ਕੀਤਾ ਗਿਆ। ਜਥੇਬੰਦੀ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
INDIA ਮਨਿਸਟੀਰੀਅਲ ਕਾਮਿਆਂ ਤੇ ਪੈਨਸ਼ਨਰਾਂ ਵੱਲੋਂ ਮੰਗਾਂ ਦੇ ਹੱਕ ਵਿੱਚ ਮੁਜ਼ਾਹਰਾ