ਪੁਲੀਸ ਹਿਰਾਸਤ ’ਚ ਰਹੇ ਵਿਅਕਤੀ ਦੀ ਮਗਰੋਂ ਹਸਪਤਾਲ ਵਿੱਚ ਮੌਤ

ਭਿੱਖੀਵਿੰਡ (ਸਮਾਜ ਵੀਕਲੀ): ਥਾਣਾ ਵਲਟੋਹਾ ਦੀ ਪੁਲੀਸ ਵੱਲੋਂ ਕਥਿਤ ਤੌਰ ’ਤੇ ਨਾਜਾਇਜ਼ ਹਿਰਾਸਤ ’ਚ ਰੱਖੇ ਗਏ ਵਿਅਕਤੀ ਦੀ ਹਸਪਤਾਲ ਵਿਚ ਮੌਤ ਹੋ ਗਈ ਹੈ। ਪੁਲੀਸ ’ਤੇ ਵਿਅਕਤੀ ਦੀ ਬੇਰਹਿਮੀ ਨਾਲ ਕੁੱਟਮਾਰ ਦਾ ਦੋਸ਼ ਲਾਇਆ ਗਿਆ ਹੈ। ਮ੍ਰਿਤਕ ਦੀ ਸ਼ਨਾਖ਼ਤ ਗੋਰਾ ਸਿੰਘ ਵਾਸੀ ਅਲਗੋਂ ਖੁਰਦ ਵਜੋਂ ਹੋਈ ਹੈ। ਵੇਰਵਿਆਂ ਮੁਤਾਬਕ ਪਿੰਡ ਦੀ ਹੀ ਕਿਸੇ ਔਰਤ ਨੇ ਗੋਰਾ ਸਿੰਘ ਖ਼ਿਲਾਫ਼ ਪੁਲੀਸ ਨੂੰ ਫੋਨ ਉਤੇ ਸ਼ਿਕਾਇਤ ਕੀਤੀ ਸੀ ਕਿ ਉਸ ਨੇ (ਗੋਰਾ ਸਿੰਘ) ਛੇੜਛਾੜ ਕੀਤੀ ਹੈ।

ਇਸ ਤੋਂ ਬਾਅਦ ਪੁਲੀਸ ਚੌਕੀ ਅਲਗੋਂ ਕੋਠੀ ਦੇ ਮੁਲਾਜ਼ਮ ਉਸ ਨੂੰ ਲੈ ਗਏ। ਦੋ ਦਿਨ ਉਸ ਨੂੰ ਕਥਿਤ ਤੌਰ ’ਤੇ ਨਾਜਾਇਜ਼ ਹਵਾਲਾਤ ਵਿਚ ਰੱਖਿਆ ਗਿਆ। ਇਸ ਤੋਂ ਬਾਅਦ ਪੁਲੀਸ ਚੌਕੀਂ ਅਲਗੋਂ ਕੋਠੀ ਦੇ ਮੁਲਾਜ਼ਮਾਂ ਨੇ ਉਸ ਨੂੰ ਥਾਣਾ ਵਲਟੋਹਾ ਭੇਜ ਦਿੱਤਾ ਤੇ 2 ਦਿਨ ਉਸ ਨੂੰ ਉੱਥੇ ਵੀ ਕਥਿਤ ਨਾਜਾਇਜ਼ ਪੁਲੀਸ ਹਿਰਾਸਤ ਵਿੱਚ ਰੱਖਿਆ ਗਿਆ। ਮਗਰੋਂ ਥਾਣਾ ਵਲਟੋਹਾ ਦੀ ਪੁਲੀਸ ਨੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਫੋਨ ਕੀਤਾ ਕਿ ਉਹ ਆ ਕੇ ਗੋਰਾ ਸਿੰਘ ਨੂੰ ਲੈ ਜਾਣ ਕਿਉਂਕਿ ਉਸ ਦੀ ਹਾਲਤ ਠੀਕ ਨਹੀਂ ਹੈ। ਪਰਿਵਾਰਕ ਮੈਂਬਰ ਉਸ ਨੂੰ ਪਹਿਲਾਂ ਘਰ ਲਿਆਏ ਤੇ ਮਗਰੋਂ ਹਸਪਤਾਲ ਲੈ ਗਏ ਜਿੱਥੇ ਉਸ ਦੀ ਮੌਤ ਹੋ ਗਈ।

ਪਰਿਵਾਰਕ ਮੈਂਬਰਾਂ ਤੇ ਭਾਈਚਾਰੇ ਦੇ ਲੋਕਾਂ ਨੇ ਮੌਤ ਤੋਂ ਬਾਅਦ ਪੁਲੀਸ ਚੌਕੀਂ ਅਲਗੋਂ ਕੋਠੀ ਦਾ ਘਿਰਾਓ ਕੀਤਾ ਹੈ ਤੇ ਪੁਲੀਸ-ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ। ਗੋਰਾ ਸਿੰਘ ਦੀ ਦੇਹ ਸਿਵਲ ਹਸਪਤਾਲ ਪੱਟੀ ਵਿਚ ਰੱਖੀ ਗਈ ਹੈ ਤੇ ਪਰਿਵਾਰ ਨੂੰ ਨਹੀਂ ਸੌਂਪੀ ਗਈ। ਪਰਿਵਾਰ ਮੌਤ ਲਈ ਪੁਲੀਸ ਨੂੰ ਜ਼ਿੰਮੇਵਾਰ ਦੱਸ ਰਿਹਾ ਹੈ। ਥਾਣਾ ਵਲਟੋਹਾ ਦੇ ਐੱਸਐੱਚਓ ਬਲਵਿੰਦਰ ਸਿੰਘ ਨੇ ਕਿਹਾ ਕਿ ਗੋਰਾ ਸਿੰਘ ਜਦ ਪੁਲੀਸ ਕੋਲ ਸੀ ਤਾਂ ਉਸ ਦੀ ਹਾਲਤ ਠੀਕ ਸੀ। ਗੋਰਾ ਸਿੰਘ ਦੇ ਇਲਾਜ ਲਈ ਹੀ ਉਸ ਨੂੰ ਪਰਿਵਾਰ ਹਵਾਲੇ ਕੀਤਾ ਗਿਆ ਸੀ।

Previous articleਪਾਵਨ ਸਰੂਪ: ਦੋਸ਼ੀਆਂ ਖ਼ਿਲਾਫ਼ ਕਾਰਵਾਈ ਬਾਰੇ ਜਥੇਦਾਰ ਦੁਚਿੱਤੀ ’ਚ
Next articleਡਾ. ਅੰਬੇਡਕਰ ਦੇ ਬੁੱਤ ’ਤੇ ਫੁੱਲ ਚੜ੍ਹਾਉਣ ਆਏ ਭਾਜਪਾ ਆਗੂ ਘੇਰੇ