ਅਮਰੀਕਾ ਦੀ ਚੋਟੀ ਦੀ ਡੈਮੋਕ੍ਰੇਟ ਆਗੂ ਨੈਨਸੀ ਪੇਲੋਸੀ ਨੇ ਰਾਸ਼ਟਰਪਤੀ ਡੋਨਲਡ ਟਰੰਪ ’ਤੇ ਵਿਰੋਧੀ ਜੋਅ ਬਿਡੇਨ ਨੂੰ ਆਗਾਮੀ ਰਾਸ਼ਟਰਪਤੀ ਚੋਣਾਂ ’ਚ ਨੁਕਸਾਨ ਪਹੁੰਚਾਉਣ ਹਿੱਤ ਵਿਦੇਸ਼ੀ ਤਾਕਤ ਦੀ ਮਦਦ ਲੈਣ ਦਾ ਦੋਸ਼ ਲਾਇਆ ਹੈ। ਪੇਲੋਸੀ ਨੇ ਟਰੰਪ ’ਤੇ ਅਹੁਦੇ ਦੀ ਦੁਰਵਰਤੋਂ ਦਾ ਇਲਜ਼ਾਮ ਲਾਉਂਦਿਆਂ ਮਹਾਦੋਸ਼ ਦੀ ਕਾਰਵਾਈ ਆਰੰਭਣ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਟਰੰਪ ਪ੍ਰਸ਼ਾਸਨ ਨੇ ਅੱਜ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ 25 ਜੁਲਾਈ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨੂੰ ਕੀਤੀ ਕਾਲ ਨੂੰ ਲਿਖਤੀ ਰੂਪ ਵਿਚ ਜਾਰੀ ਕੀਤਾ ਹੈ। ਇਸ ’ਚ ਰਾਸ਼ਟਰਪਤੀ ਵੱਲੋਂ ਜ਼ੈਲੇਂਸਕੀ ਨੂੰ ਸਾਬਕਾ ਉਪ ਰਾਸ਼ਟਰਪਤੀ ਤੇ ਡੇਮੋਕ੍ਰੇਟ ਆਗੂ ਜੋਅ ਬਿਡੇਨ ਤੇ ਉਸ ਦੇ ਪੁੱਤਰ ਖ਼ਿਲਾਫ਼ ਭ੍ਰਿਸ਼ਟਾਚਾਰ ਮਾਮਲੇ ਦੀ ਜਾਂਚ ਕਰਨ ਦੀ ਅਪੀਲ ਕੀਤੇ ਜਾਣ ਦਾ ਜ਼ਿਕਰ ਹੈ। ਇਸ ’ਚ ਟਰੰਪ ਦੀ ਨਿੱਜੀ ਵਕੀਲ ਦੇ ਯੂਕਰੇਨ ਜਾਣ ਬਾਰੇ ਵੀ ਜ਼ਿਕਰ ਹੈ। ਜਦਕਿ ਜ਼ੈਲੇਂਸਕੀ ਕਹਿ ਰਿਹਾ ਹੈ ਕਿ ਉਸ ਦਾ ਨਵਾਂ ਵਕੀਲ ਮਾਮਲੇ ਨੂੰ ਦੇਖੇਗਾ।ਡੈਮੋਕ੍ਰੇਟ ਆਗੂ ਨੇ ਕਿਹਾ ਕਿ ਅਮਰੀਕਾ ਦੇ ਹੇਠਲੇ ਸਦਨ ਨੇ ਅਧਿਕਾਰਤ ਤੌਰ ’ਤੇ ਜਾਂਚ ਬਿਠਾਉਣ ਦਾ ਫ਼ੈਸਲਾ ਕੀਤਾ ਹੈ।
ਹਾਲਾਂਕਿ ਇਸ ਨਾਟਕੀ ਕਦਮ ਨਾਲ ਟਰੰਪ ਨੂੰ ਅਹੁਦੇ ਤੋਂ ਫਾਰਗ ਕੀਤੇ ਜਾਣ ਦੀ ਸੰਭਾਵਨਾ ਬੇਹੱਦ ਮੱਧਮ ਹੈ ਕਿਉਂਕਿ ਇਹ ਬਹੁਤ ਗੁੰਝਲਦਾਰ ਪ੍ਰਕਿਰਿਆ ਹੈ। ਪੇਲੋਸੀ ਨੇ ਇਸ ਸਬੰਧੀ ਅਮਰੀਕੀ ਰਾਜਧਾਨੀ ਵਿਚ ਵੱਡੀ ਮੀਡੀਆ ਕਾਨਫਰੰਸ ਨੂੰ ਸੰਬੋਧਨ ਕੀਤਾ ਹੈ ਜਦਕਿ ਰਾਸ਼ਟਰਪਤੀ ਨੇ ਟਰੰਪ ਟਾਵਰ ਤੋਂ ਟਿੱਪਣੀ ਕਰਦਿਆਂ ਪੇਲੋਸੀ ਦੇ ਬਿਆਨ ਨੂੰ ਬੇਲੋੜਾ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਕੁਝ ਨਹੀਂ ਹੋਵੇਗਾ ਬਲਕਿ ਉਹ ਮੁੜ 2020 ਵਿਚ ਰਾਸ਼ਟਰਪਤੀ ਚੁਣੇ ਜਾਣਗੇ। ਜ਼ਿਕਰਯੋਗ ਹੈ ਕਿ ਪੇਲੋਸੀ ਹੇਠਲੇ ਸਦਨ ਦੀ ਸਪੀਕਰ ਵੀ ਹੈ। ਡੈਮੋਕ੍ਰੇਟ ਆਗੂ ਅਜਿਹੀ ਜਾਂਚ ਬਿਠਾਉਣ ਬਾਰੇ ਕਈ ਮਹੀਨਿਆਂ ਤੋਂ ਵਿਚਾਰ ਕਰ ਰਹੇ ਸਨ ਪਰ ਹੁਣ ਟਰੰਪ ਵੱਲੋਂ ਬਿਡੇਨ ਨੂੰ ਨੁਕਸਾਨ ਪਹੁੰਚਾਉਣ ’ਤੇ ਯੂਕਰੇਨ ਨੂੰ ਕੀਤੀ ਮਦਦ ਦੀ ਪੇਸ਼ਕਸ਼ ਦੇ ਦੋਸ਼ਾਂ ਤੋਂ ਬਾਅਦ ਮਾਮਲਾ ਵਿਗੜ ਗਿਆ ਹੈ। ਪੇਲੋਸੀ ਨੇ ਕਿਹਾ ਕਿ ਰਾਸ਼ਟਰਪਤੀ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ, ਕੋਈ ਕਾਨੂੰਨ ਤੋਂ ਉੱਪਰ ਨਹੀਂ ਹੈ।