ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟੇਰੇਜ਼ ਅਤੇ ਦੁਨੀਆਂ ਦੇ ਹੋਰ ਆਗੂਆਂ ਸਣੇ ਮੰਗਲਵਾਰ ਨੂੰ ਯੂਐੱਨ ਹੈੱਡਕੁਆਰਟਰਜ਼ ਵਿਚ 50 ਕਿਲੋਵਾਟ ਗਾਂਧੀ ਸੋਲਰ ਪਾਰਕ ਅਤੇ ਗਾਂਧੀ ਪੀਸ ਪਾਰਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਮੋਦੀ ਨੇ ਕਿਹਾ ਕਿ ਜਦੋਂ ਪੂਰਾ ਵਿਸ਼ਵ ਜਲਵਾਯੂ ਤਬਦੀਲੀਆਂ, ਅਤਿਵਾਦ ਅਤੇ ਭ੍ਰਿਸ਼ਟਾਚਾਰ ਜਿਹੀਆਂ ਚੁਣੌਤੀਆਂ ਨਾਲ ਜੂਝ ਰਿਹਾ ਹੈ, ਉਦੋਂ ਗਾਂਧੀ ਦੇ ਸਿਧਾਂਤ ਨੈਤਿਕ ਦਿਸ਼ਾ ਪ੍ਰਦਾਨ ਕਰਨ ਦਾ ਕੰਮ ਕਰਦੇ ਹਨ।
ਇਸ ਮੌਕੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜਾਈ-ਇਨ, ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਹਸਾਇਨ ਲੂੰਗ, ਬੰਗਾਲਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ, ਜਮਾਇਕਾ ਦੇ ਪ੍ਰਧਾਨ ਮੰਤਰੀ ਐਂਡਰਿਊ ਹੋਲਨੈੱਸ ਅਤੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਆਰਡਰਨ ਮੌਜੂਦ ਸਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਮਹਾਤਮਾ ਗਾਂਧੀ ਦੀ 150ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਵਿਸ਼ੇਸ਼ ਯਾਦਗਾਰੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਅੱਜ ਦੇ ਦੌਰ ਵਿੱਚ ਵਿਸ਼ਵ ਭਰ ਵਿੱਚ ਗਾਂਧੀ ਦੀਆਂ ਸਿੱਖਿਆਵਾਂ ਦੀ ਮਹੱਤਤਾ ਬਾਰੇ ਚਰਚਾ ਕੀਤੀ ਗਈ। ਇਸ ਮੌਕੇ ਗਾਂਧੀ ਦੀ 150ਵੀਂ ਵਰ੍ਹੇਗੰਢ ਨੂੰ ਸਮਰਪਿਤ ਯੂਐੱਨ ਦੀ ਵਿਸ਼ੇਸ਼ ਡਾਕ ਟਿਕਟ ਵੀ ਜਾਰੀ ਕੀਤੀ ਗਈ। ਯੂਐੱਨ ਵਿੱਚ ਗਾਂਧੀ ਸੋਲਰ ਪਾਰਕ ਦੀ ਸਥਾਪਤੀ ਭਾਰਤ ਦੀ ਪਹਿਲੀ ਅਜਿਹੀ ਸੰਕੇਤਿਕ ਕੋਸ਼ਿਸ਼ ਹੈ, ਜਿਸ ਵਿੱਚ ਮੁਲਕ ਨੇ ਜਲਵਾਯੂ ਤਬਦੀਲੀ ਦੇ ਮੁੱਦੇ ’ਤੇ ਗੱਲਬਾਤ ਤੋਂ ਅੱਗੇ ਵਧਦਿਆਂ ਕਾਰਵਾਈ ਕੀਤੀ ਹੈ। ਭਾਰਤ ਵਲੋਂ ਤੋਹਫ਼ੇ ਵਜੋਂ ਇੱਕ ਮਿਲੀਅਨ ਅਮਰੀਕੀ ਡਾਲਰ ਦੇ ਯੋਗਦਾਨ ਨਾਲ ਯੂਐੱਨ ਹੈੱਡਕੁਆਰਟਰਜ਼ ਦੀ ਛੱਤ ’ਤੇ 193 ਸੋਲਰ ਪੈਨਲ ਲਾਏ ਗਏ ਹਨ।
HOME ਯੂਐੱਨ ਵਿਚ ਗਾਂਧੀ ਸੋਲਰ ਪਾਰਕ ਤੇ ਪੀਸ ਪਾਰਕ ਦਾ ਉਦਘਾਟਨ