ਅਮਰੀਕੀ ਸਟਾਰ ਸੇਰੇਨਾ ਵਿਲੀਅਮਜ਼ ਨੇ ਏਲੀਨਾ ਸਵਿਤੋਲੀਨਾ ਨੂੰ ਹਰਾ ਕੇ ਅਮਰੀਕੀ ਓਪਨ ਟੈਨਿਸ ਗੈ੍ਂਡਸਲੈਮ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ। ਸ਼ਨੀਵਾਰ ਨੂੰ ਉਸ ਦੀ ਟੱਕਰ ਕੈਨੇਡਾ ਦੀ ਬਿਆਂਕਾ ਏਂਦਰੀਸਕੂ ਨਾਲ ਹੋਵੇਗੀ। ਸੇਰੇਨਾ 24ਵੇਂ ਗਰੈਂਡਸਲੈਮ ਦੀ ਕੋਸ਼ਿਸ਼ ’ਚ ਜੁਟੀ ਹੈ ਜਿਸ ਤੋਂ ਉਹ ਮਾਰਗ੍ਰੇਟ ਕੋਰਟ ਦੇ ਰਿਕਾਰਡ ਦੀ ਬਰਾਬਰੀ ਕਰ ਲਵੇਗੀ। ਉਸ ਨੇ ਅੰਤਿਮ ਚਾਰ ਦੇ ਮੁਕਾਬਲੇ ’ਚ ਯੂਕਰੇਨ ਦੀ ਸਵਿਤੋਲੀਨਾ ਨੂੰ 6-3, 6-1 ਨਾਲ ਮਾਤ ਦੇ ਕੇ ਉਸ ਦਾ ਸਫ਼ਰ ਸਮਾਪਤ ਕਰ ਦਿੱਤਾ ਜੋ ਆਪਣੇ ਪ੍ਰਦਰਸ਼ਨ ’ਚ ਸੁਧਾਰ ਕਰਕੇ ਪਿਛਲੇ ਗ੍ਰੈਂਡਸਲੈਮ ਦੇ ਸੈਮੀਫਾਈਨਲ ਤਕ ਪਹੁੰਚੀ ਸੀ। ਹਾਲਾਂਕਿ ਸਵਿਤੋਲੀਨਾ ਇਸ ਦੇ ਬਾਵਜੂਦ ਸੋਮਵਾਰ ਨੂੰ ਜਾਰੀ ਹੋਣ ਵਾਲੀ ਵਿਸ਼ਵ ਰੈਂਕਿੰਗ ’ਚ ਤੀਜੇ ਸਥਾਨ ’ਤੇ ਪਹੁੰਚ ਜਾਏਗੀ ਜੋ ਉਸ ਦੇ ਕਰੀਅਰ ਦੀ ਸਰਵੋਤਮ ਰੈਂਕਿੰਗ ਹੋਵੇਗੀ। ਸਵੀਤੋਲੀਨਾ ਨੇ ਸ਼ੁਰੂ ਵਿੱਚ ਸੇਰੇਨਾ ਨੂੰ ਪ੍ਰੇਸ਼ਾਨ ਕੀਤਾ ਪਰ ਉਹ ਸ਼ੁਰੂਆਤੀ ਗੇਮ ’ਚ ਤਿੰਨ ਬ੍ਰੇਕ ਪੁਆਇੰਟ ਦਾ ਫਾਇਦਾ ਨਹੀਂ ਉਠਾ ਸਕੀ। ਉਥੇ ਦੂਜੇ ਸੈਮੀਫਾਈਨਲ ਵਿੱਚ ਏਂਦਰੀਸਕੂ ਗ੍ਰੈਂਡਸਲੈਮ ਫਾਈਨਲ ਵਿੱਚ ਪਹੁੰਚਣ ਵਾਲੀ ਕੈਨੇਡਾ ਦੀ ਦੂਜੀ ਖਿਡਾਰਨ ਹੈ। ਜੇ ਉਹ ਜਿੱਤ ਜਾਂਦੀ ਹੈ ਤਾਂ ਮਾਰਿਆ ਸ਼ਾਰਾਪੋਵਾ ਤੋਂ ਬਾਅਦ ਇਥੇ ਖਿਤਾਬ ਹਾਸਲ ਕਰਨ ਵਾਲੀ ਸਭ ਤੋਂ ਯੁਵਾ ਬਣ ਜਾਵੇਗੀ। ਸ਼ਾਰਾਪੋਵਾ ਨੇ 2006 ਵਿੱਚ ਅਮਰੀਕੀ ਓਪਨ ਜਿੱਤਿਆ ਸੀ। ਪਹਿਲੀ ਵਾਰ ਅਮਰੀਕੀ ਓਪਨ ਮੁੱਖ ਡਰਾਅ ਵਿੱਚ ਖੇਡ ਰਹੀ ਏਂਦਰੀਸਕੂ ਨੇ 13ਵੀਂ ਰੈਂਕਿੰਗ ਵਾਲੀ ਸਵਿਟਜ਼ਰਲੈਂਡ ਦੀ ਬੇਂਚਿਚ ਦੇ ਖ਼ਿਲਾਫ਼ ਪਹਿਲੇ ਸੈੱਟ ਵਿੱਚ ਸੈੱਟ ਪੁਆਇੰਟ ਬਚਾਇਆ। ਇਹ ਮੁਕਾਬਲੇ ਟਾਈਬ੍ਰੇਕਰ ਵਿੱਚ ਜਿੱਤਿਆ। ਦੂਜੇ ਸੈੱਟ ’ਚ ਉਹ 205 ਤੋਂ ਪਿੱਛੇ ਸੀ ਪਰ ਉਸ ਤੋਂ ਬਾਅਦ ਆਖ਼ਰੀ ਪੰਜ ਗਮ ਆਪਣੇ ਨਾਂ ਕਰਕੇ ਜਿੱਤ ਦਰਜ ਕੀਤੀ।
Sports ਸੇਰੇਨਾ ਦੀਆਂ ਨਜ਼ਰਾਂ ਰਿਕਾਰਡ ਦੀ ਬਰਾਬਰੀ ’ਤੇ