ਫ਼ੌਜ ਨੇ ਫੜੇ ਗਏ ਦੋ ਪਾਕਿਸਤਾਨੀ ਘੁਸਪੈਠੀਆਂ ਦੀਆਂ ਵੀਡੀਓਜ਼ ਜਾਰੀ ਕੀਤੀਆਂ
ਭਾਰਤੀ ਫ਼ੌਜ ਨੇ ਅੱਜ ਕਸ਼ਮੀਰ ਵਾਦੀ ਵਿਚ ਫੜੇ ਗਏ ਦੋ ਪਾਕਿਸਤਾਨੀ ਘੁਸਪੈਠੀਆਂ ਨੂੰ ਵੀਡੀਓਜ਼ ਰਾਹੀਂ ਪੇਸ਼ ਕਰਨ ਤੋਂ ਬਾਅਦ ਕਿਹਾ ਹੈ ਕਿ ਪਾਕਿ ਵਾਦੀ ’ਚ ਘੁਸਪੈਠੀਏ ਭੇਜ ਰਿਹਾ ਹੈ। ਫ਼ੌਜ ਨੇ ਕਿਹਾ ਹੈ ਕਿ ਇਹ ਗਤੀਵਿਧੀ ਪੰਜ ਅਗਸਤ ਨੂੰ ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਜ਼ਿਆਦਾ ਵਧ ਗਈ ਹੈ। ਫ਼ੌਜ ਮੁਤਾਬਕ ਪਾਕਿ ਘੁਸਪੈਠੀਏ ਘੱਲ ਕੇ ਦਹਿਸ਼ਤਗਰਦ ਗਤੀਵਿਧੀਆਂ ਕਰਨ ਤੇ ਵਾਦੀ ਵਿਚ ਗੜਬੜੀ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਾਬੂ ਕੀਤੇ ਗਏ ਦੋਵੇਂ ਦਹਿਸ਼ਤਗਰਦ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਹਨ। ਫ਼ੌਜ ਦੀ 15ਵੀਂ ਕੋਰ ਦੇ ਜੀਓਸੀ ਲੈਫ਼ਟੀਨੈਂਟ ਜਨਰਲ ਕੇਜੇਐੱਸ ਢਿੱਲੋਂ ਤੇ ਵਧੀਕ ਡਾਇਰੈਕਟਰ ਜਨਰਲ (ਪੁਲੀਸ) ਮੁਨੀਰ ਖ਼ਾਨ ਨੇ ਅੱਜ ਬੇਹੱਦ ਸਖ਼ਤ ਸੁਰੱਖਿਆ ਵਾਲੇ ਛਾਉਣੀ ਖੇਤਰ ਵਿਚ ਮੀਡੀਆ ਨਾਲ ਗੱਲਬਾਤ ਦੀਆਂ ਦੋ ਵੀਡੀਓਜ਼ ਵੀ ਚਲਾਈਆਂ ਜਿਨ੍ਹਾਂ ਵਿਚ ਪਾਕਿ ਨਾਗਰਿਕ ਘੁਸਪੈਠ ਕਰਨ ਬਾਰੇ ਕਬੂਲ ਕਰ ਰਹੇ ਹਨ। ਲੈਫ਼ਟੀਨੈਂਟ ਜਨਰਲ ਢਿੱਲੋਂ ਨੇ ਕਿਹਾ ਕਿ ਇਹ ਦੋ ਵੀਡੀਓਜ਼ ਦਿਖਾਉਂਦੀਆਂ ਹਨ ਕਿ ਕਿਵੇਂ ਪਾਕਿਸਤਾਨ, ਇਸ ਦੀ ਫ਼ੌਜ ਤੇ ਨਾਗਰਿਕਾਂ ਨੂੰ ਕਸ਼ਮੀਰ ਵੱਲ ਧੱਕ ਰਿਹਾ ਹੈ ਤਾਂ ਕਿ ਵਾਦੀ ਦੀ ਸਥਿਤੀ ਖ਼ਰਾਬ ਕੀਤੀ ਜਾ ਸਕੇ ਅਤੇ ਦਹਿਸ਼ਤਗਰਦ ਗਤੀਵਿਧੀਆਂ ਕੀਤੀਆਂ ਜਾ ਸਕਣ। ਲਸ਼ਕਰ ਨਾਲ ਸਬੰਧਤ ਇਨ੍ਹਾਂ ਦੋਵਾਂ ਨੂੰ ਫ਼ੌਜ ਨੇ ਕੰਟਰੋਲ ਰੇਖਾ ਨੇੜੇ ਗੁਲਮਰਗ ਸੈਕਟਰ ਵਿਚੋਂ 21 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਸੀ। ਫ਼ੌਜ ਨੂੰ ਖ਼ੁਫੀਆ ਜਾਣਕਾਰੀ ਮਿਲੀ ਸੀ ਕਿ ਸੱਤ ਅਤਿਵਾਦੀ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਹਨ। ਲੈਫ਼ ਜਨਰਲ ਢਿੱਲੋਂ ਨੇ ਕਿਹਾ ਕਿ ਪਾਕਿ ਦੇ ਕਬਜ਼ੇ ਹੇਠਲੇ ਕਸ਼ਮੀਰ ਵਿਚਲੀਆਂ ਅਤਿਵਾਦੀਆਂ ਦੀਆਂ ਸਾਰੀਆਂ ਪਨਾਹਗਾਹਾਂ ਵੱਖ-ਵੱਖ ‘ਤਨਜ਼ੀਮਾਂ’ (ਅਤਿਵਾਦੀ ਸੰਗਠਨਾਂ) ਦੇ ਦਹਿਸ਼ਤਗਰਦਾਂ ਨਾਲ ਭਰੀਆਂ ਪਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਪਾਕਿਸਤਾਨੀ ਫ਼ੌਜ ਦੀਆਂ ਫਾਰਵਰਡ ਪੋਸਟਾਂ ’ਚ ਹੀ ਰਹਿ ਰਹੇ ਸਨ ਤੇ ਮਗਰੋਂ ਪਾਕਿ ਫ਼ੌਜ ਨੇ ਉਨ੍ਹਾਂ ਨੂੰ ਕੰਟਰੋਲ ਰੇਖਾ ਤੱਕ ਪਹੁੰਚਾਇਆ। ਲੈਫ਼ ਜਨਰਲ ਢਿੱਲੋਂ ਨੇ ਦੱਸਿਆ ਕਿ ਫੜੇ ਗਏ ਪਾਕਿ ਨਾਗਰਿਕਾਂ ਨੇ ਮੰਨਿਆ ਹੈ ਕਿ ਕੰਟਰੋਲ ਰੇਖਾ ’ਤੇ ਸਿਰਫ਼ ਕਸ਼ਮੀਰ ਨਾਲ ਲੱਗਦੀ ਸਰਹੱਦ ਨਾਲ ਹੀ ਨਹੀਂ ਬਲਕਿ ਪੁਣਛ, ਰਾਜੌਰੀ ਤੇ ਜੰਮੂ ਦੀਆਂ ਫਾਰਵਰਡ ਪੋਸਟਾਂ ਵੀ ਦਹਿਸ਼ਤਗਰਦਾਂ ਨਾਲ ਭਰੀਆਂ ਪਈਆਂ ਹਨ। ਉਨ੍ਹਾਂ ਕਿਹਾ ਕਿ ਕਸ਼ਮੀਰ ਤੇ ਕਾਰਗਿਲ ਵਿਚ ਮਾਰੇ ਗਏ ਘੁਸਪੈਠੀਆਂ ਦੀਆਂ ਦੇਹਾਂ ਲੈਣ ਤੋਂ ਪਾਕਿ ਨੇ ਇਨਕਾਰ ਹੀ ਕਰ ਦਿੱਤਾ ਸੀ ਪਰ ਹੁਣ ਉਨ੍ਹਾਂ ਕੋਲ ਜਿਊਂਦੇ ਅਤਿਵਾਦੀ ਹਨ ਜੋ ਕਿ ਪਾਕਿ ਨਾਗਰਿਕ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ ਡਾਇਰੈਕਟਰ ਜਰਨਲ ਮਿਲਟਰੀ ਆਪਰੇਸ਼ਨਜ਼ ਨੇ ਆਪਣੇ ਪਾਕਿ ਹਮਰੁਤਬਾ ਨੂੰ ਇਨ੍ਹਾਂ ਫੜੇ ਗਏ ਅਤਿਵਾਦੀਆਂ ਬਾਰੇ ਜਾਣੂ ਕਰਵਾ ਦਿੱਤਾ ਹੈ।