ਅਜ਼ਹਰ, ਸਈਦ, ਦਾਊਦ ਤੇ ਲਖਵੀ ਨਵੇਂ ਕਾਨੂੰਨ ਤਹਿਤ ਅਤਿਵਾਦੀ ਐਲਾਨੇ

ਸਰਕਾਰ ਨੇ ਨਵੇਂ ਅਤਿਵਾਦ ਵਿਰੋਧੀ ਕਾਨੂੰਨ ਤਹਿਤ ਅੱਜ ਜੈਸ਼-ਏ-ਮੁਹੰਮਦ ਮੁਖੀ ਮਸੂਦ ਅਜ਼ਹਰ, ਲਸ਼ਕਰ-ਏ-ਤਇਬਾ ਦੇ ਸੰਸਥਾਪਕ ਹਾਫ਼ਿਜ਼ ਮੁਹੰਮਦ ਸਈਦ, ਮੁੰਬਈ ਦਹਿਸ਼ਤਗਰਦ ਹਮਲੇ ਦੇ ਦੋਸ਼ੀ ਜ਼ਕੀ-ਉਰ-ਰਹਿਮਾਨ-ਲਖ਼ਵੀ ਤੇ ਭਗੌੜੇ ਸਰਗਣਾ ਦਾਊਦ ਇਬਰਾਹਿਮ ਨੂੰ ਅਤਿਵਾਦੀ ਐਲਾਨ ਦਿੱਤਾ ਹੈ। ਸੰਸਦ ਵੱਲੋਂ ਗ਼ੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ 1967 ਵਿਚ ਇਕ ਅਹਿਮ ਸੋਧ ਨੂੰ ਮਨਜ਼ੂਰੀ ਦਿੱਤੇ ਜਾਣ ਦੇ ਕਰੀਬ ਇਕ ਮਹੀਨੇ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ। ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਨਵੇਂ ਕਾਨੂੰਨ ਤਹਿਤ ਉਹ ਸਭ ਤੋਂ ਪਹਿਲਾਂ ਅਤਿਵਾਦੀ ਐਲਾਨੇ ਗਏ ਹਨ। ਮੰਤਰਾਲੇ ਨੇ ਕਈ ਘਟਨਾਵਾਂ ਦਾ ਹਵਾਲਾ ਦਿੱਤਾ ਹੈ ਜਿਨ੍ਹਾਂ ਵਿਚ ਪਾਕਿਸਤਾਨ ਅਧਾਰਿਤ ਅਜ਼ਹਰ ਸ਼ਾਮਲ ਸੀ। ਇਨ੍ਹਾਂ ਵਿਚ 2001 ’ਚ ਜੰਮੂ ਕਸ਼ਮੀਰ ਵਿਧਾਨ ਸਭਾ ਕੰਪਲੈਕਸ ’ਤੇ ਹਮਲਾ, 2001 ਵਿਚ ਸੰਸਦ ’ਤੇ ਹਮਲਾ, 2016 ’ਚ ਪਠਾਨਕੋਟ ਏਅਰਬੇਸ ’ਤੇ ਹਮਲਾ ਅਤੇ 2017 ਵਿਚ ਸ੍ਰੀਨਗਰ ’ਚ ਬੀਐੱਸਐਫ ਕੈਂਪ ਉੱਤੇ ਹਮਲਾ ਤੇ 14 ਫਰਵਰੀ ਨੂੰ ਪੁਲਵਾਮਾ ’ਚ ਸੀਆਰਪੀਐਫ ਦੀ ਇਕ ਬੱਸ ’ਚ ਹੋਇਆ ਬੰਬ ਧਮਾਕਾ ਸ਼ਾਮਲ ਹੈ। ਮੰਤਰਾਲੇ ਨੇ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਤਜਵੀਜ਼ 1267 ਤਹਿਤ ਮਈ, 2019 ਵਿਚ ਅਜ਼ਹਰ ਨੂੰ ਕੌਮਾਂਤਰੀ ਅਤਿਵਾਦੀ ਐਲਾਨਿਆ ਹੈ। ਨਵੀਂ ਦਿੱਲੀ ਦੀ ਵਿਸ਼ੇਸ਼ ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦਿੱਤਾ ਹੈ। ਇਸੇ ਤਰ੍ਹਾਂ ਸਈਦ ਦੇ ਵੀ ਮੁੰਬਈ ਸਣੇ ਕਈ ਹਮਲਿਆਂ ਵਿਚ ਸ਼ਾਮਲ ਹੋਣ ਬਾਰੇ ਵੇਰਵੇ ਦਿੱਤਾ ਗਿਆ ਹੈ। ਜਮਾਤ-ਉਦ-ਦਾਵਾ ਦੇ ਸੰਸਥਾਪਕ ਸਈਦ ਨੂੰ ਵੀ ਸੰਯੁਕਤ ਰਾਸ਼ਟਰ ਨੇ ਦਸੰਬਰ, 2008 ਵਿਚ ਸਲਾਮਤੀ ਕੌਂਸਲ ਦੀ ਤਜਵੀਜ਼ ਤਹਿਤ ਕੌਮਾਂਤਰੀ ਅਤਿਵਾਦੀ ਐਲਾਨਿਆ ਸੀ। ਲਸ਼ਕਰ ਕਮਾਂਡਰ ਲਖ਼ਵੀ ਬਾਰੇ ਸੰਨ 2000 ਦੇ ਲਾਲ ਕਿਲਾ ਹਮਲੇ ਸਣੇ ਕਈ ਹੋਰ ਹਮਲਿਆਂ ਦਾ ਜ਼ਿਕਰ ਕੀਤਾ ਗਿਆ ਹੈ। ਲਸ਼ਕਰ ਨੂੰ ਅਤਿਵਾਦੀ ਸੰਗਠਨ ਐਲਾਨਿਆ ਜਾ ਚੁੱਕਾ ਹੈ ਤੇ 2008 ਵਿਚ ਲਖਵੀ ਨੂੰ ਕੌਮਾਂਤਰੀ ਅਤਿਵਾਦੀ ਐਲਾਨਿਆ ਜਾ ਚੁੱਕਾ ਹੈ। ਦਾਊਦ ਚਲਾਉਂਦਾ ਹੈ ਕੌਮਾਂਤਰੀ ਅੰਡਰਵਰਲਡ ਅਪਰਾਧ ਸਿੰਡੀਕੇਟ: ਮੰਤਰਾਲਾ: ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਦਾਊਦ ਇਕ ਕੌਮਾਂਤਰੀ ਅੰਡਰਵਰਲਡ ਅਪਰਾਧ ਸਿੰਡੀਕੇਟ ਚਲਾਉਂਦਾ ਹੈ। ਉਹ ਭਾਰਤ ਤੇ ਵਿਦੇਸ਼ਾਂ ’ਚ ਬੇਨਾਮੀ ਰੀਅਲ ਅਸਟੇਟ ਕਾਰੋਬਾਰ ਤੋਂ ਇਲਾਵਾ ਧਾਰਮਿਕ ਕੱਟੜਵਾਦ, ਅਤਿਵਾਦ ਫੰਡਿੰਗ, ਹਥਿਆਰਾਂ ਦੀ ਤਸਕਰੀ, ਜਾਅਲੀ ਕਰੰਸੀ ਤੇ ਮਨੀ ਲਾਂਡਰਿੰਗ ਜਿਹੇ ਅਪਰਾਧਾਂ ਵਿਚ ਸ਼ਾਮਲ ਹੈ। 1993 ਦੇ ਮੁੰਬਈ ਧਮਾਕਿਆਂ ਲਈ ਵੀ ਉਹ ਜ਼ਿੰਮੇਵਾਰ ਹੈ।

Previous article‘ਕਸ਼ਮੀਰ ’ਚ ਘੁਸਪੈਠ ਦੀ ਲਗਾਤਾਰ ਕੋਸ਼ਿਸ਼ ਕਰ ਰਿਹੈ ਪਾਕਿ’
Next articleਭਾਰਤ ਤੇ ਰੂਸ ਅੰਦਰੂਨੀ ਮਾਮਲਿਆਂ ’ਚ ‘ਬਾਹਰੀ ਦਖ਼ਲ’ ਦੇ ਖ਼ਿਲਾਫ਼