ਸ਼ਹਿਰ ਵਿੱਚ ਅੱਜ ਸਾਰਾ ਦਿਨ ਧਰਨੇ, ਰੈਲੀਆਂ ਅਤੇ ਘਿਰਾਓ ਹੁੰਦਾ ਰਿਹਾ। ਅੱਜ ਸਵੇਰੇ ‘ਐਸੋਸੀਏਸ਼ਨ ਗੌਰਮਿੰਟ ਫਾਰਮਾਸਿਸਟ ਆਫ ਹਰਿਆਣਾ’ ਵੱਲੋਂ ਪੰਚਕੂਲਾ ਜਨਰਲ ਹਸਪਤਾਲ ਦੇ ਬਾਹਰ ਮੁਜ਼ਾਹਰਾ ਕੀਤਾ ਗਿਆ। ਧਰਨੇ ਨੂੰ ਜ਼ਿਲ੍ਹਾ ਪ੍ਰਧਾਨ ਪੁਨੀਤ ਕੁਮਾਰ, ਉਪ ਪ੍ਰਧਾਨ ਸੀਮਾ, ਜਨਰਲ ਸਕੱਤਰ ਸ਼ਸ਼ੀਕਾਂਤ ਨੇ ਸੰਬੋਧਨ ਕੀਤਾ। ਉਨ੍ਹਾਂ 4600 ਰੁਪਏ ਪੇ ਗਰੇਡ ਦੀ ਮੰਗ ਕੀਤੀ। ਹੜਤਾਲ ਕਾਰਨ ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ ਦਾ ਕੰਮ ਠੱਪ ਰਿਹਾ। ਕੱਚੇ ਤੌਰ ’ਤੇ ਰੱਖੀਆਂ ਨਰਸਾਂ ਨੇ ਫਾਰਮਾਸਿਸਟਾਂ ਦੀ ਥਾਂ ਦਵਾਈਆਂ ਵੰਡੀਆਂ। ਪ੍ਰੇਰਕ ਸੰਘ ਹਰਿਆਣਾ ਵੱਲੋਂ ਡੀਸੀ ਦਫਤਰ ਪੰਚਕੂਲਾ ਦਾ ਘਿਰਾਓ ਕੀਤਾ ਗਿਆ। ਵਰਕਰ ਮੁੱਖ ਮੰਤਰੀ ਦਾ ਘਿਰਾਓ ਕਰਨ ਲਈ ਚੰਡੀਗੜ੍ਹ ਵੀ ਗਏ ਅਤੇ ਇਨ੍ਹਾਂ ਨੂੰ ਮਨੀਮਾਜਰਾ ਪੁਲੀਸ ਨੇ ਘੇਰ ਲਿਆ। ਇਨ੍ਹਾਂ ਨੂੰ ਇਨ੍ਹਾਂ ਦੇ ਆਗੂ ਵਿਨੋਦ ਮਾੜੀ, ਅਮਰਜੀਤ ਸਿਰਸਾ, ਵਾਈਸ ਪ੍ਰਧਾਨ ਮੁਹੰਮਦ, ਪ੍ਰੇਰਕ ਸੰਘ ਦੇ ਨੇਤਾ ਅਸ਼ੋਕ ਮਹਿੰਦਰਗੜ੍ਹ ਅਤੇ ਸੁਮੀਤਾ ਰਾਣੀ ਜੀਂਦ ਨੇ ਸੰਬੋਧਨ ਕੀਤਾ। ਇਨ੍ਹਾਂ ਦੀ ਮੰਗ ਹੈ ਕਿ ਇਨ੍ਹਾਂ ਨੂੰ ਸਿੱਖਿਆ ਵਿਭਾਗ ਆਪਣੇ ਵਿਚ ਸ਼ਾਮਲ ਕਰੇ। ਤੀਜਾ ਧਰਨਾ ਪੰਚਕੂਲਾ ਦੇ ਫਾਇਰ ਸਟੇਸ਼ਨ ਦੇ ਬਾਹਰ ਮੁਲਾਜ਼ਮਾਂ ਦਾ ਸੀ। ਇਹ ਮੰਗ ਕਰ ਰਹੇ ਸਨ ਕਿ ਠੇਕੇਦਾਰੀ ਪ੍ਰਥਾ ਬੰਦ ਹੋਵੇ।
ਪ੍ਰਧਾਨ ਆਨੰਦ ਨੇ ਦੱਸਿਆ ਕਿ ਇਨ੍ਹਾਂ ਨੇ ਫਾਇਰ ਸਟੇਸ਼ਨ ਪੰਚਕੂਲਾ ਦੇ ਬਾਹਰ ਤਿੰਨ ਰੋਜ਼ਾ ਧਰਨਾ ਸ਼ੁਰੂ ਕੀਤਾ ਹੈ। ਚੌਥਾ ਪ੍ਰਦਰਸ਼ਨ ਅੱਜ ਹਰਿਆਣਾ ਰੋਡਵੇਜ਼ ਕੱਚਾ ਮੁਲਾਜਮ ਸੰਘ ਵੱਲੋਂ ਕੀਤਾ ਗਿਆ। ਇਹ ਸਾਰੇ ਅੱਜ ਹਰਿਆਣਾ ਭਰ ਤੋਂ ਆਏ ਸਨ ਅਤੇ ਇਨ੍ਹਾਂ ਨੇ ਮੁੱਖ ਮੰਤਰੀ ਦੇ ਘਰ ਦਾ ਘਿਰਾਉ ਕਰਨਾ ਸੀ ਪਰ ਹਾਊਸਿੰਗ ਬੋਰਡ ਚੌਕ ’ਤੇ ਹੀ ਇਨ੍ਹਾਂ ਨੂੰ ਘੇਰ ਲਿਆ। ਇਨ੍ਹਾਂ ਪੱਕਾ ਕਰਨ ਦੀ ਮੰਗ ਕੀਤੀ। ਪੰਜਵਾਂ ਧਰਨਾ ਅੱਜ ਕੰਪਿਊਟਰ ਟੀਚਰਾਂ ਵੱਲੋਂ ਦਿੱਤਾ ਗਿਆ। ਇਨ੍ਹਾਂ ਦੀ ਮੰਗ ਹੈ ਕਿ ਇਨ੍ਹਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਾਮਲ ਕੀਤਾ ਜਾਵੇ। ਛੇਵਾਂ ਧਰਨਾ ਅੱਜ ਹਰਿਆਣਾ ਦੇ ਗੈਸਟ ਟੀਚਰਾਂ ਵੱਲੋਂ ਦਿੱਤਾ ਗਿਆ। ਅਧਿਆਪਕਾਂ ਨੇ ਅੱਜ 11ਵੇਂ ਦਿਨ ਪੰਚਕੂਲਾ ਦੇ ਵੱਖ-ਵੱਖ ਸੈਕਟਰਾਂ ਵਿਚ ਸਰਕਾਰ ਦੇ ਖਿਲਾਫ ਰੋਸ ਮਾਰਚ ਕੀਤਾ।