ਪੀਵੀ ਸਿੰਧੂ ਨੇ ਕਿਹਾ ਕਿ ਪਿਛਲੇ ਦੋ ਵਿਸ਼ਵ ਚੈਂਪੀਅਨਸ਼ਿਪ ਫਾਈਨਲ ਵਿੱਚ ਖ਼ਿਤਾਬ ਨਾ ਜਿੱਤਣ ਕਾਰਨ ਹੋ ਰਹੀ ਆਲੋਚਨਾ ਤੋਂ ਉਹ ‘ਨਾਰਾਜ਼ ਤੇ ਦੁਖੀ’ ਸੀ। ਉਸ ਨੇ ਕਿਹਾ ਕਿ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਉਨ੍ਹਾਂ ਆਲੋਚਕਾਂ ਨੂੰ ਜਵਾਬ ਹੈ, ਜਿਨ੍ਹਾਂ ਨੇ ਉਸ ਦੀ ਕਾਬਲੀਅਤ ’ਤੇ ਸਵਾਲ ਉਠਾਇਆ ਸੀ। ਦੋ ਵਾਰ ਉਪ ਜੇਤੂ ਰਹੀ ਸਿੰਧੂ ਨੇ ਐਤਵਾਰ ਨੂੰ ਪਹਿਲੀ ਵਾਰ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤਿਆ। ਜਾਪਾਨ ਦੀ ਨੋਜ਼ੋਮੀ ਓਕੂਹਾਰਾ ਖ਼ਿਲਾਫ਼ ਖ਼ਿਤਾਬੀ ਜਿੱਤ ਮਗਰੋਂ ਵਿਸ਼ਵ ਬੈਡਮਿੰਟਨ ਫੈਡਰੇਸ਼ਨ (ਬੀਡਬਲਯੂਐੱਫ) ਦੀ ਅਧਿਕਾਰਤ ਵੈੱਬਸਾਈਟ ਨੇ ਸਿੰਧੂ ਦੇ ਹਵਾਲੇ ਨਾਲ ਕਿਹਾ, ‘‘ਇਹ ਮੇਰਾ ਉਨ੍ਹਾਂ ਲੋਕਾਂ ਨੂੰ ਜਵਾਬ ਹੈ, ਜੋ ਵਾਰ-ਵਾਰ ਸਵਾਲ ਪੁੱਛ ਰਹੇ ਸਨ। ਮੈਂ ਸਿਰਫ਼ ਆਪਣੇ ਰੈਕੇਟ ਨਾਲ ਜਵਾਬ ਦੇਣਾ ਚਾਹੁੰਦੀ ਸੀ ਅਤੇ ਇਸ ਜਿੱਤ ਨਾਲ ਮੈਂ ਅਜਿਹਾ ਕਰਨ ਵਿੱਚ ਸਫਲ ਰਹੀ।’’ ਉਸ ਨੇ ਕਿਹਾ, ‘‘ਪਹਿਲਾਂ ਵਿਸ਼ਵ ਚੈਂਪੀਅਨਸ਼ਿਪ ਫਾਈਨਲ ਮਗਰੋਂ ਮੈਨੂੰ ਕਾਫ਼ੀ ਬੁਰਾ ਲੱਗ ਰਿਹਾ ਸੀ ਅਤੇ ਪਿਛਲੇ ਸਾਲ ਮੈਂ ਨਾਰਾਜ਼ ਸੀ, ਦੁਖੀ ਸੀ। ਮੈਂ ਖ਼ੁਦ ਨੂੰ ਪੁੱਛ ਰਹੀ ਸੀ ‘ਸਿੰਧੂ ਤੂੰ ਇਹ ਇੱਕ ਮੈਚ ਕਿਉਂ ਨਹੀਂ ਜਿੱਤ ਸਕੀ’? ਪਰ ਅੱਜ ਮੈਂ ਇਹ ਵੀ ਜਿੱਤ ਲਿਆ।’’ ਹੈਦਰਾਬਾਦ ਦੀ 24 ਸਾਲ ਦੀ ਪੀਵੀ ਸਿੰਧੂ ਬਹੁਤ ਹੀ ਇਕਪਾਸੜ ਫਾਈਨਲ ਵਿੱਚ ਓਕੂਹਾਰਾ ਨੂੰ 21-7, 21-7 ਨਾਲ ਹਰਾ ਕੇ ਖ਼ਿਤਾਬ ਜਿੱਤਣ ਵਿੱਚ ਸਫਲ ਰਹੀ। ਸਿੰਧੂ ਨੇ ਫਾਈਨਲ ਵਿੱਚ ਤੀਜੀ ਕੋਸ਼ਿਸ਼ ਮਗਰੋਂ ਇਹ ਖ਼ਿਤਾਬ ਜਿੱਤਿਆ। ਇਸ ਤੋਂ ਪਹਿਲਾਂ ਸਾਲ 2017 ਵਿੱਚ ਉਹ ਓਕੂਹਾਰਾ ਅਤੇ 2018 ਵਿੱਚ ਸਪੇਨ ਦੀ ਕੈਰੋਲੀਨਾ ਮਾਰੀਨ ਤੋਂ ਹਾਰ ਗਈ ਸੀ ਅਤੇ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ ਸੀ। ਇਹ ਵਿਸ਼ਵ ਚੈਂਪੀਅਨਸ਼ਿਪ ਵਿੱਚ ਸਿੰਧੂ ਦਾ ਪੰਜਵਾਂ ਤਗ਼ਮਾ ਹੈ। ਇਸ ਤੋਂ ਪਹਿਲਾਂ 2013 ਅਤੇ 2014 ਵਿੱਚ ਉਸ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਸਿੰਧੂ ਵਿਸ਼ਵ ਚੈਂਪੀਅਨਸ਼ਿਪ ਦੇ ਮਹਿਲਾ ਸਿੰਗਲਜ਼ ਵਿੱਚ ਸਭ ਤੋਂ ਵੱਧ ਤਗ਼ਮੇ ਜਿੱਤਣ ਦੇ ਮਾਮਲੇ ਵਿੱਚ ਚੀਨ ਦੀ ਝੇਂਗ ਨਿੰਗ ਨਾਲ ਚੋਟੀ ’ਤੇ ਹੈ। ਨਿੰਗ ਨੇ 2001 ਤੋਂ 2007 ਦੌਰਾਨ ਇੱਕ ਸੋਨਾ, ਦੋ ਚਾਂਦੀ ਅਤੇ ਦੋ ਕਾਂਸੀ ਦੇ ਤਗ਼ਮੇ ਜਿੱਤੇ ਹਨ।ਸਿੰਧੂ ਨੇ ਕਿਹਾ, ‘‘ਸਾਰੇ ਚਾਹੁੰਦੇ ਸੀ ਕਿ ਮੈਂ ਇਹ ਜਿੱਤ ਦਰਜ ਕਰਾਂ। ਰੀਓ ਓਲੰਪਿਕ ਵਿੱਚ ਚਾਂਦੀ ਦੇ ਤਗ਼ਮੇ ਮਗਰੋਂ ਮੇਰੇ ਤੋਂ ਕਾਫ਼ੀ ਉਮੀਦਾਂ ਸਨ। ਜਦੋਂ ਵੀ ਮੈਂ ਕਿਸੇ ਟੂਰਨਾਮੈਂਟ ਵਿੱਚ ਜਾਂਦੀ ਤਾਂ ਲੋਕ ਮੇਰੇ ਤੋਂ ਸੋਨ ਤਗ਼ਮਾ ਜਿੱਤਣ ਦੀ ਉਮੀਦ ਕਰਦੇ ਸਨ।’’
Sports ਆਲੋਚਕਾਂ ਨੂੰ ਜਵਾਬ ਹੈ ਵਿਸ਼ਵ ਚੈਂਪੀਅਨਸ਼ਿਪ ਖ਼ਿਤਾਬ: ਸਿੰਧੂ