ਸਰਕਾਰ ਨੇ ਹੜ੍ਹ ਪੀੜਿਤਾਂ ਦੀ ਮਦਦ ਲਈ ਭੇਜ ਦਿੱਤੇ ਹੈਲੀਕਪਟਰ
ਸੁਲਤਾਨਪੁਰ ਲੋਧੀ – (ਹਰਜਿੰਦਰ ਛਾਬੜਾ) ਸੁਲਤਾਨਪੁਰ ਲੋਧੀ ਦੇ ਪਿੰਡ ਮਡਾਲਾ ‘ਚ ਵੀ ਸਤਲੁਜ ਦਰਿਆ ਦੇ ਪਾਣੀ ਨੇ ਕਹਿਰ ਮਚਾ ਦਿੱਤਾ ਹੈ। ਸਤਲੁਜ ਦਰਿਆ ਅੰਦਰ ਆਏ ਵੱਡੀ ਮਾਤਰਾ ’ਚ ਪਾਣੀ ਕਾਰਣ ਮੰਡ ਖੇਤਰ ਦੇ ਦਰਜਣ ਪਿੰਡ ਡੁੱਬ ਚੁੱਕੇ ਹਨ, ਹੈਲੀਕਪਟਰਾਂ ਦੀ ਮਦਦ ਨਾਲ ਫੌਜ ਵੱਲੋਂ ਰਾਸ਼ਨ ਲੋਕਾਂ ਦੇ ਘਰਾਂ ਤੇ ਸੁੱਟਿਆ ਜਾ ਰਿਹਾ ਹੈ, ਇੱਥੇ ਬੰਨ੍ਹ ਟੁੱਟਣ ਕਾਰਨ ਹਾਲਾਤ ਬੇਹੱਦ ਨਾਜ਼ੁਕ ਬਣੇ ਹੋਏ ਹਨ। ਪਾਣੀ ਦਾ ਵਹਾਅ ਬਹੁਤ ਤੇਜ਼ ਹੈ, ਜਿਸ ਕਾਰਨ ਲੋਕ ਪਾਣੀ ਤੋਂ ਬਚਣ ਲਈ ਆਪੋ-ਆਪਣੇ ਘਰਾਂ ਦੀਆਂ ਛੱਤਾਂ ‘ਤੇ ਚੜ੍ਹੇ ਹੋਏ ਹਨ ਪਰ ਜੇਕਰ ਪਾਣੀ ਦੇ ਵਹਾਅ ਨੂੰ ਦੇਖਿਆ ਜਾਵੇ ਤਾਂ ਇਹ ਘਰ ਡਿਗ ਵੀ ਸਕਦੇ ਹਨ, ਜਿਸ ਕਾਰਨ ਵੱਡਾ ਨੁਕਸਾਨ ਹੋ ਸਕਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਵੀ ਇੱਥੇ ਇਕ ਨੌਜਵਾਨ ਦੀ ਮੌਤ ਹੋ ਗਈ ਸੀ, ਜਿਸ ਦੀ ਲਾਸ਼ ਅਜੇ ਤੱਕ ਮਿਲ ਨਹੀਂ ਸਕੀ ਹੈ। ਫਿਲਹਾਲ ਅਜੇ ਤੱਕ ਇੱਥੇ ਐੱਨ. ਡੀ. ਆਰ. ਐੱਫ. ਦੀ ਕੋਈ ਵੀ ਟੀਮ ਰੈਸਕਿਊ ਕਰਨ ਲਈ ਆਈ ਦਿਖਾਈ ਨਹੀਂ ਦੇ ਰਹੀ।
ਬੰਨ੍ਹ ਦੇ ਨੇੜਿਓਂ ਮਿੱਟੀ ਲਗਾਤਾਰ ਖੁਰ ਰਹੀ ਹੈ, ਜਿਸ ਕਾਰਨ ਪਾੜ ਹੋਰ ਵਧਦਾ ਜਾ ਰਿਹਾ ਹੈ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਇਸ ਹੜ੍ਹ ਦੀ ਮਾਰ ਹੇਠ ਬਹੁਤ ਸਾਰੇ ਪਿੰਡ ਆ ਗਏ ਹਨ ਅਤੇ ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ।