ਬਾਲਾਕੋਟ ਮਗਰੋਂ ਪਾਕਿ ਨਾਲ ਦੋ-ਦੋ ਹੱਥ ਕਰਨ ਲਈ ਤਿਆਰ ਸੀ: ਰਾਵਤ

ਬਾਲਾਕੋਟ ’ਚ ਹਵਾਈ ਹਮਲੇ ਦੌਰਾਨ ਥਲ ਸੈਨਾ ਮੁਖੀ ਜਨਰਲ ਬਿਪਿਨ ਰਾਵਤ ਨੇ ਸਪੱਸ਼ਟ ਸ਼ਬਦਾਂ ’ਚ ਸਰਕਾਰ ਨੂੰ ਆਖ ਦਿੱਤਾ ਸੀ ਕਿ ਭਾਰਤੀ ਫ਼ੌਜ ਪਾਕਿਸਤਾਨ ਦੇ ਕਿਸੇ ਵੀ ਮੈਦਾਨੀ ਹਮਲੇ ਦਾ ਟਾਕਰਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਦੁਸ਼ਮਣ ਨਾਲ ਉਸ ਦੇ ਇਲਾਕੇ ’ਚ ਦਾਖ਼ਲ ਹੋ ਕੇ ਲੋਹਾ ਲਿਆ ਜਾਵੇਗਾ। ਫ਼ੌਜ ਦੇ ਸੂਤਰਾਂ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਭਾਰਤੀ ਫ਼ੌਜ ਪਾਕਿਸਤਾਨ ਨਾਲ ਰਵਾਇਤੀ ਜੰਗ ਲਈ ਤਿਆਰ ਸੀ ਅਤੇ ਪਾਕਿਸਤਾਨ ਦੇ ਅੰਦਰ ਜਾਣ ਤਕ ਦੀ ਪੂਰੀ ਯੋਜਨਾ ਬਣੀ ਹੋਈ ਸੀ। ਸੂਤਰਾਂ ਨੇ ਕਿਹਾ ਕਿ ਜਨਰਲ ਰਾਵਤ ਨੇ ਸੋਮਵਾਰ ਨੂੰ ਸੇਵਾਮੁਕਤ ਫ਼ੌਜ ਅਧਿਕਾਰੀਆਂ ਨਾਲ ਬੰਦ ਕਮਰੇ ’ਚ ਗੱਲਬਾਤ ਦੌਰਾਨ ਕਿਹਾ ਕਿ ਬਾਲਾਕੋਟ ਹਮਲੇ ਮਗਰੋਂ ਪਾਕਿਸਤਾਨੀ ਫ਼ੌਜ ਵੱਲੋਂ ਕੀਤੇ ਜਾਣ ਵਾਲੇ ਕਿਸੇ ਵੀ ਹਮਲੇ ਦਾ ਟਾਕਰਾ ਕਰਨ ਲਈ ਥਲ ਸੈਨਾ ਤਿਆਰ ਸੀ। ਸੂਤਰਾਂ ਨੇ ਕਿਹਾ ਕਿ ਭਾਰਤੀ ਸੈਨਾ ਨੇ 2016 ’ਚ ਉੜੀ ਦਹਿਸ਼ਤੀ ਹਮਲੇ ਮਗਰੋਂ 11 ਹਜ਼ਾਰ ਕਰੋੜ ਰੁਪਏ ਮੁੱਲ ਦਾ ਗੋਲੀ-ਸਿੱਕਾ ਖ਼ਰੀਦਣ ਦੇ ਠੇਕੇ ਨੂੰ ਅੰਤਿਮ ਰੂਪ ਦਿੱਤਾ ਸੀ ਅਤੇ ਉਨ੍ਹਾਂ ਨੂੰ 95 ਫ਼ੀਸਦੀ ਅਸਲਾ ਮਿਲ ਚੁੱਕਿਆ ਹੈ। ਫ਼ੌਜ ਨੇ ਅਹਿਮ ਹਥਿਆਰ ਖ਼ਰੀਦਣ ਲਈ 7 ਹਜ਼ਾਰ ਕਰੋੜ ਰੁਪਏ ਮੁੱਲ ਦੇ 33 ਸੌਦਿਆਂ ਨੂੰ ਵੀ ਅੰਤਿਮ ਰੂਪ ਦਿੱਤਾ ਹੈ ਜਦਕਿ 9 ਹਜ਼ਾਰ ਕਰੋੜ ਰੁਪਏ ਮੁੱਲ ਦੇ ਹੋਰ ਹਥਿਆਰ ਖ਼ਰੀਦਣ ਬਾਰੇ ਗੱਲਬਾਤ ਜਾਰੀ ਹੈ।

Previous articleਆਰਥਿਕ ਮੰਦੀ ਚਿੰਤਾ ਦਾ ਵਿਸ਼ਾ: ਰਾਜਨ
Next articleਪਾਕਿ ਫ਼ੌਜ ਮੁਖੀ ਦੇ ਕਾਰਜਕਾਲ ’ਚ ਤਿੰਨ ਸਾਲ ਦਾ ਵਾਧਾ