ਧਰਨਾਕਾਰੀ ਦੋ ਨਰਸਾਂ ਨੇ ਮਮਟੀ ਤੋਂ ਛਾਲ ਮਾਰੀ

ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਪਿਛਲੇ 22 ਦਿਨਾਂ ਤੋਂ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਮਮਟੀ ’ਤੇ ਬੈਠੀਆਂ ਦੋ ਨਰਸਾਂ ਨੇ ਖੁਦਕੁਸ਼ੀ ਦੀ ਕੋਸਿਸ਼ ਕਰਦਿਆਂ ਅੱਜ ਕਰੀਬ ਪੰਜਾਹ ਫੁੱਟ ਦੀ ਉਚਾਈ ਤੋਂ ਛਾਲਾਂ ਮਾਰ ਦਿੱਤੀਆਂ। ਇਸ ਕਾਰਨ ਨਰਸਿਜ਼ ਅਤੇ ਐਨਸਿਲਰੀ ਸਟਾਫ ਐਸੋਸੀਏਸ਼ਨ ਦੀ ਸੂਬਾ ਪ੍ਰ੍ਧਾਨ ਕਰਮਜੀਤ ਕੌਰ ਔਲਖ ਦਾ ਗੋਡਾ ਟੁੱਟਣ ਸਮੇਤ ਹੋਰ ਸੱਟਾਂ ਵੀ ਵੱਜੀਆਂ ਹਨ ਜਦਕਿ ਬਲਜੀਤ ਕੌਰ ਖਾਲਸਾ ਨੂੰ ਗੁੱੱਝੀਆਂ ਸੱਟਾਂ ਲੱਗੀਆਂ ਹਨ। ਉਨ੍ਹਾਂ ਹੇਠਾਂ ਦੱਬ ਜਾਣ ਕਾਰਨ ਚੌਥਾ ਦਰਜਾ ਇਕ ਮੁਲਾਜ਼ਮ ਦੀ ਲੱਤ ਟੁੱਟ ਗਈ। ਘਟਨਾ ਉਪਰੰਤ ਉੱਚ ਅਧਿਕਾਰੀ ਹਸਪਤਾਲ ਪੁੱਜੇ ਅਤੇ ਹਾਲਾਤ ਕਾਬੂ ਹੇਠ ਰੱਖਣ ਲਈ ਭਾਰੀ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ ਗਈ। ਸੇਵਾਵਾਂ ਰੈਗੂਲਰ ਕਰਵਾਉਣ ਲਈ ਰਾਜਿੰਦਰਾ ਹਸਪਤਾਲ, ਟੀਬੀ ਹਸਪਤਾਲ ਅਤੇ ਮੈਡੀਕਲ ਕਾਲਜ ਪਟਿਆਲਾ ਸਮੇਤ ਗੁਰੂ ਨਾਨਕ ਦੇਵ ਹਸਪਤਾਲ ਅਤੇ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਨਰਸਿਜ਼, ਐਨਸਿਲਰੀ ਅਤੇ ਚੌਥਾ ਦਰਜਾ ਸਟਾਫ਼ ਵੱਲੋਂ 5 ਫਰਵਰੀ ਤੋਂ ਹੜਤਾਲ ਕੀਤੀ ਗਈ ਹੈ। ਉਨ੍ਹਾਂ ਦਾ ਰਾਜਿੰਦਰਾ ਹਸਪਤਾਲ ਦੇ ਐਮਐਸ ਦੇ ਦਫ਼ਤਰ ਬਾਹਰ ਪੱਕਾ ਧਰਨਾ ਚੱਲ ਰਿਹਾ ਹੈ। ਉਕਤ ਦੋਵੇਂ ਨਰਸ ਆਗੂ ਇਸੇ ਹਸਪਤਾਲ ਦੀ ਕਰੀਬ ਅੱਸੀ ਫੁੱਟ ਉੱਚੀ ਮਮਟੀ ’ਤੇ 22 ਦਿਨਾਂ ਤੋਂ ਧਰਨਾ ਮਾਰ ਕੇ ਬੈਠੀਆਂ ਸਨ। ਮੁੱਖ ਮੰਤਰੀ ਨਾਲ 28 ਫਰਵਰੀ ਨੂੰ ਬੈਠਕ ਤੈਅ ਹੋਣ ਮਗਰੋਂ ਕਰਮਜੀਤ ਕੌਰ ਔਲਖ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਇਸ ਮੀਟਿੰਗ ਦੌਰਾਨ ਵੀ ਸੇਵਾਵਾਂ ਰੈਗੂਲਰ ਨਾ ਕੀਤੀਆਂ ਗਈਆਂ, ਤਾਂ ਉਹ ਮਮਟੀ ਤੋਂ ਛਾਲਾਂ ਮਾਰ ਦੇਣਗੀਆਂ। ਸਰਹੱਦ ’ਤੇ ਗੰਭੀਰ ਹਾਲਾਤ ਬਣਨ ਅਤੇ ਮੁੱਖ ਮੰਤਰੀ ਦੇ ਰੁਝੇਵਿਆਂ ਕਰਕੇ ਅੱਜ ਹੋਣ ਵਾਲੀ ਮੀਟਿੰਗ 5 ਮਾਰਚ ’ਤੇ ਪਾ ਦਿੱਤੀ ਗਈ ਸੀ। ਇਸ ਉਪਰੰਤ ਵੀਰਵਾਰ ਸ਼ਾਮ ਸਾਢੇ ਛੇ ਵਜੇ ਜਦੋਂ ਕੁਝ ਪੁਲੀਸ ਅਤੇ ਸਿਵਲ ਅਧਿਕਾਰੀ ਇਨ੍ਹਾਂ ਨਰਸਾਂ ਨੂੰ ਹੇਠਾਂ ਉਤਰਨ ਲਈ ਮਨਾਉਣ ਵਾਸਤੇ ਪੁੱਜੇ, ਤਾਂ ਦੋਵਾਂ ਨੇ ਮਮਟੀ ਤੋਂ ਛਾਲਾਂ ਮਾਰ ਦਿੱਤੀਆਂ। ਪਹਿਲਾਂ ਬਲਜੀਤ ਕੌਰ ਖਾਲਸਾ ਨੇ ਛਾਲ ਮਾਰੀ, ਜੋ ਪ੍ਰਸ਼ਾਸਨ ਵੱਲੋਂ ਬਚਾਅ ਲਈ ਲਾਏ ਗਏ ਜਾਲ ’ਤੇ ਡਿੱਗੀ ਪਰ ਜਾਲ ਟੁੱਟਣ ਕਾਰਨ ਉਹ ਇਸ ਤੋਂ ਹੇਠਾਂ ਸਥਿਤ ਪੋਰਚ ਦੀ ਛੱਤ ’ਤੇ ਡਿੱਗ ਗਈ। ਉਂਂਜ ਛੱਤ ’ਤੇ ਵੀ ਪ੍ਰਸ਼ਾਸਨ ਨੇ ਗੱਦੇ ਰਖਵਾਏ ਹੋਏ ਸਨ। ਹਸਪਤਾਲ ਮੈਨੇਜਮੈਂਟ ਵੱਲੋਂ ਛੱਤ ’ਤੇ ਤਾਇਨਾਤ ਕੀਤਾ ਗਿਆ ਚੌਥਾ ਦਰਜਾ ਰੈਗੂਲਰ ਮੁਲਾਜ਼ਮ ਮਜਨੂੰ ਉਸ ਦੇ ਹੇਠਾਂ ਆ ਗਿਆ ਜਿਸ ਕਾਰਨ ਉਸ ਦੀ ਲੱਤ ਟੁੱਟ ਗਈ। ਇਸ ਤੋਂ ਤੁਰੰਤ ਬਾਅਦ ਕਰਮਜੀਤ ਕੌਰ ਔਲਖ ਨੇ ਵੀ ਛਾਲ ਮਾਰ ਦਿੱਤੀ ਪਰ ਜਾਲ ਟੁੱਟ ਚੁੱਕਾ ਹੋਣ ਕਾਰਨ ਉਹ ਸਿੱਧੀ ਪੋਰਚ ਦੀ ਛੱਤ ’ਤੇ ਆ ਡਿੱਗੀ। ਤਿੰਨਾਂ ਨੂੰ ਤੁਰੰਤ ਐਮਰਜੈਂਸੀ ਵਾਰਡ ਵਿਚ ਦਾਖ਼ਲ ਕਰਵਾਇਆ ਗਿਆ ਜਿਥੇ ਦੇਰ ਰਾਤ ਤਕ ਦੋਵੇਂ ਬੀਬੀਆਂ ਆਈਸੀਯੂ ਵਿਚ ਸਨ।

Previous articleWe want airspace to open at earliest: Pakistan
Next articleBSF apprehends youth in Punjab’s Ferozepur