ਸਾਈਬਰ ਠੱਗਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਪਰਨੀਤ ਕੌਰ ਨਾਲ 23 ਲੱਖ ਰੁਪਏ ਦੀ ਠੱਗੀ ਮਾਰ ਲਈ। ਫੋਨ ’ਤੇ ਆਪਣੇ ਆਪ ਨੂੰ ਬੈਂਕ ਅਧਿਕਾਰੀ ਦੱਸ ਕੇ ਵਿਅਕਤੀ ਨੇ ਪਰਨੀਤ ਕੌਰ ਤੋਂ ਬੈਂਕ ਖਾਤੇ ਅਤੇ ਏਟੀਐੱਮ ਕਾਰਡ ਦੇ ਵੇਰਵੇ ਲੈ ਕੇ ਉਨ੍ਹਾਂ ਦੇ ਖਾਤੇ ਵਿਚੋਂ 23 ਲੱਖ ਰੁਪਏ ਕਢਵਾ ਲਏ। ਪਟਿਆਲਾ ਪੁਲੀਸ ਕੋਲ ਜਦੋਂ ਸ਼ਿਕਾਇਤ ਪੁੱਜੀ ਤਾਂ ਉਸ ਨੇ ਤੁਰੰਤ ਹਰਕਤ ’ਚ ਆਉਂਦਿਆਂ ਮੁਲਜ਼ਮ ਦਾ ਪਤਾ ਲਾ ਲਿਆ। ਮੁਲਜ਼ਮ ਦੀ ਪਛਾਣ ਝਾਰਖੰਡ ਵਾਸੀ ਅਤਾਉੱਲ੍ਹਾ ਅਨਸਾਰੀ ਵਜੋਂ ਹੋਈ ਹੈ। ਪੁਲੀਸ ਟੀਮ ਕੱਲ ਮੁਲਜ਼ਮ ਨੂੰ ਨਾਲ ਲੈ ਕੇ ਪਟਿਆਲਾ ਪਰਤ ਆਵੇਗੀ। ਜੁਲਾਈ ਦੇ ਅਖੀਰਲੇ ਹਫ਼ਤੇ ’ਚ ਸੰਸਦ ਮੈਂਬਰ ਪਰਨੀਤ ਕੌਰ ਜਦੋਂ ਦਿੱਲੀ ਵਿਚ ਸਨ, ਤਾਂ ਉਨ੍ਹਾਂ ਨੂੰ ਇੱਕ ਫੋਨ ਆਇਆ। ਫੋਨ ਕਰਨ ਵਾਲੇ ਨੇ ਆਪਣੀ ਪਛਾਣ ਐੱਸਬੀਆਈ ਨਾਲ ਸਬੰਧਤ ਰਾਹੁਲ ਅਗਰਵਾਲ ਵਜੋਂ ਕਰਵਾਈ ਅਤੇ ਜ਼ਰੂਰੀ ਕਾਰਜ ਪ੍ਰਣਾਲੀ ਦੇ ਹਵਾਲੇ ਨਾਲ ਉਸ ਨੇ ਪਰਨੀਤ ਕੌਰ ਤੋਂ ਧੋਖੇ ਨਾਲ ਬੈਂਕ ਖਾਤੇ ਤੇ ਏਟੀਐੱਮ ਸਬੰਧੀ ਜਾਣਕਾਰੀ ਹਾਸਲ ਕਰ ਲਈ। ਜਿਵੇਂ ਹੀ ਉਨ੍ਹਾਂ ਨੰਬਰ ਦੱਸਿਆ ਤਾਂ ਖਾਤੇ ’ਚੋਂ 23 ਲੱਖ ਰੁਪਏ ਨਿਕਲ ਗਏ। ਇਸ ਸਬੰਧੀ ਪਤਾ ਲੱਗਣ ’ਤੇ 29 ਜੁਲਾਈ ਨੂੰ ਥਾਣਾ ਸਿਵਲ ਲਾਈਨ ਪਟਿਆਲਾ ’ਚ ਕੇਸ ਦਰਜ ਕਰਵਾਇਆ ਗਿਆ। ਭਾਰਤੀ ਦੰਡਾਵਲੀ ਦੀ ਧਾਰਾ 420 ਅਤੇ ਆਈਟੀ ਐਕਟ 2000 ਦੀ ਧਾਰਾ 66 ਤੇ 66 ਡੀ ਤਹਿਤ ਇਹ ਕੇਸ ਪਰਨੀਤ ਕੌਰ ਦੇ ਅਕਾਊਂਟੈਂਟ ਵਿਜੈ ਕੁਮਾਰ ਵੱਲੋਂ ਦਰਜ ਕਰਵਾਇਆ ਗਿਆ ਹੈ। ਸੰਸਦ ਮੈਂਬਰ ਦਾ ਬੈਂਕ ਖਾਤਾ ਪਟਿਆਲਾ ਵਿਚ ਹੋਣ ਕਰਕੇ ਕੇਸ ਪਟਿਆਲਾ ’ਚ ਦਰਜ ਕੀਤਾ ਗਿਆ ਹੈ। ਪੁਲੀਸ ਮਾਮਲੇ ਨੂੰ ਗੁਪਤ ਰੱਖ ਕੇ ਮੁਲਜ਼ਮ ਦੀ ਪੈੜ ਨੱਪਦੀ ਰਹੀ ਅਤੇ ਆਖਰ ਉਸ ਨੂੰ ਦਬੋਚ ਲਿਆ। ਪੁਲੀਸ ਅਧਿਕਾਰਤ ਤੌਰ ’ਤੇ ਭਾਵੇਂ ਕੁਝ ਵੀ ਨਹੀਂ ਦੱਸ ਰਹੀ ਹੈ, ਪਰ ਰਾਂਚੀ ਪੁਲੀਸ ਨੇ ਅਤਾਉੱਲ੍ਹਾ ਨੂੰ ਕਿਸੇ ਮਾਮਲੇ ’ਚ ਗ੍ਰਿਫ਼ਤਾਰ ਕਰਕੇ ਜੇਲ੍ਹ ’ਚ ਡੱਕਿਆ ਹੋਇਆ ਹੈ। ਪਟਿਆਲਾ ਪੁਲੀਸ ਸਥਾਨਕ ਅਦਾਲਤ ਤੋਂ ਪ੍ਰੋਡਕਸ਼ਨ ਵਾਰੰਟ ਲੈ ਕੇ ਮੁਲਜ਼ਮ ਨੂੰ ਇਥੇ ਲੈ ਕੇ ਆਵੇਗੀ।
INDIA ਪਰਨੀਤ ਕੌਰ ਨਾਲ 23 ਲੱਖ ਰੁਪਏ ਦੀ ਠੱਗੀ; ਜਾਅਲਸਾਜ਼ ਕਾਬੂ