ਆਰਬੀਆਈ ਵੱਲੋਂ ਵਿਆਜ ਦਰਾਂ ਵਿੱਚ 35 ਅਧਾਰੀ ਅੰਕਾਂ ਦੀ ਕਟੌਤੀ

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਬੁੱਧਵਾਰ ਨੂੰ ਵਿਆਜ ਦਰਾਂ ’ਚ 35 ਆਧਾਰੀ ਅੰਕਾਂ ਦੀ ਕਟੌਤੀ ਕਰ ਦਿੱਤੀ। ਅਰਥਚਾਰੇ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਤਹਿਤ ਲਗਾਤਾਰ ਚੌਥੀ ਵਾਰ ਇਹ ਕਟੌਤੀ ਕੀਤੀ ਗਈ ਹੈ। ਉਂਜ ਕੇਂਦਰੀ ਬੈਂਕ ਨੇ ਮੰਗ ਅਤੇ ਨਿਵੇਸ਼ ’ਚ ਮੰਦੀ ਕਾਰਨ ਮੌਜੂਦਾ ਵਿੱਤੀ ਵਰ੍ਹੇ ਲਈ ਵਿਕਾਸ ਦਰ 7 ਫ਼ੀਸਦੀ ਤੋਂ ਘਟਾ ਕੇ 6.9 ਫ਼ੀਸਦੀ ਰਹਿਣ ਦਾ ਅਨੁਮਾਨ ਲਾਇਆ ਹੈ। ਆਰਬੀਆਈ, ਜਿਸ ਨੇ ਇਸ ਸਾਲ ਰੈਪੋ ਦਰ (ਬੈਂਕਾਂ ਨੂੰ ਜਿਸ ਦਰ ’ਤੇ ਆਰਬੀਆਈ ਕਰਜ਼ਾ ਦਿੰਦਾ ਹੈ) 1.1 ਫ਼ੀਸਦੀ ਤੱਕ ਘਟਾ ਦਿੱਤੀ ਹੈ, ਨੇ ਅੱਗੇ ਨੀਤੀਗਤ ਦਰਾਂ ’ਚ ਹੋਰ ਬਦਲਾਅ ਦਾ ਨਜ਼ਰੀਆ ਪੇਸ਼ ਕੀਤਾ ਹੈ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਮੰਨਿਆ ਕਿ ਮੁਲਕ ਮੰਦੀ ਦੀ ਮਾਰ ਹੇਠ ਹੈ ਪਰ ਇਹ ਢਾਂਚਾਗਤ ਸੁਧਾਰਾਂ ਦੀ ਤਹਿ ਤਕ ਨਹੀਂ ਹੈ। ਆਰਬੀਆਈ ਵੱਲੋਂ ਵਿਆਜ ਦਰਾਂ ’ਚ ਕਟੌਤੀ ਦੇ ਐਲਾਨ ਨਾਲ ਹੀ ਭਾਰਤੀ ਸਟੇਟ ਬੈਂਕ ਨੇ ਉਧਾਰ ਦੇਣ ਦੀਆਂ ਦਰਾਂ ’ਚ 15 ਆਧਾਰੀ ਅੰਕਾਂ ਦੀ ਕਟੌਤੀ ਕਰ ਦਿੱਤੀ ਹੈ। ਮੁਦਰਾ ਨੀਤੀ ਕਮੇਟੀ (ਐੱਮਪੀਸੀ) ਦੇ ਛੇ ’ਚੋਂ ਚਾਰ ਮੈਂਬਰਾਂ ਨੇ 35 ਆਧਾਰੀ ਅੰਕਾਂ ਦੀ ਕਟੌਤੀ ਨੂੰ ਪ੍ਰਵਾਨਗੀ ਦਿੱਤੀ। ਹੁਣ ਰੈਪੋ ਦਰ ਘੱਟ ਕੇ 5.4 ਫ਼ੀਸਦੀ ਹੋ ਗਈ ਹੈ ਜੋ ਅਪਰੈਲ 2010 ਤੋਂ ਸਭ ਤੋਂ ਘੱਟ ਹੈ। ਮਾਹਿਰਾਂ ਨੇ 25 ਆਧਾਰੀ ਅੰਕਾਂ ਦੀ ਕਟੌਤੀ ਦੀ ਸੰਭਾਵਨਾ ਜ਼ਾਹਰ ਕੀਤੀ ਸੀ ਪਰ ਇਹ 10 ਆਧਾਰੀ ਅੰਕ ਵੱਧ ਰਹੀ। ਇਸੇ ਤਰ੍ਹਾਂ ਰਿਵਰਸ ਰੈਪੋ ਦਰ ਘੱਟ ਕੇ 5.15 ਫ਼ੀਸਦੀ ਹੋ ਗਈ ਹੈ। ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਵਾਜ਼ਨ ਬਿਠਾਉਣ ਲਈ 35 ਆਧਾਰੀ ਅੰਕਾਂ ਦੀ ਕਟੌਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੰਗ ਅਤੇ ਨਿਵੇਸ਼ ’ਚ ਮੰਦੀ ਕਾਰਨ ਵਿਕਾਸ ’ਤੇ ਮਾੜਾ ਅਸਰ ਪੈ ਰਿਹਾ ਹੈ ਅਤੇ ਇਹ ਮੰਦੀ ਦਾ ਗੇੜ ਹੈ। ਉਨ੍ਹਾਂ ਢਾਂਚਾਗਤ ਸੁਧਾਰਾਂ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਮੌਜੂਦਾ ਵਿੱਤੀ ਵਰ੍ਹੇ ਦੀ ਚੌਥੀ ਤਿਮਾਹੀ ਵੇਲੇ ਵਿਕਾਸ ਦੇ ਰਫ਼ਤਾਰ ਫੜਨ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਕਰਜ਼ ’ਤੇ ਵਿਆਜ ’ਚ ਬੈਂਕਾਂ ਨੇ ਆਪਣੇ ਗਾਹਕਾਂ ਨੂੰ ਕੁੱਲ 0.29 ਫ਼ੀਸਦੀ ਦਾ ਲਾਭ ਦਿੱਤਾ ਹੈ ਜਦਕਿ ਕਟੌਤੀ 0.75 ਅੰਕਾਂ ਦੀ ਹੋ ਚੁੱਕੀ ਹੈ। ਉਨ੍ਹਾਂ ਬੈਂਕਾਂ ਨੂੰ ਅਪੀਲ ਕੀਤੀ ਕਿ ਉਹ ਗਾਹਕਾਂ ਨੂੰ ਵਿਆਜ ਦਰਾਂ ’ਚ ਕਟੌਤੀ ਦਾ ਲਾਭ ਦੇਣ। ਖਪਤਕਾਰ ਕੀਮਤ ਸੂਚਕ ਅੰਕ ’ਤੇ ਆਧਾਰਿਤ ਪਰਚੂਨ ਮਹਿੰਗਾਈ ਦਰ ਦੇ ਸਤੰਬਰ ਤਿਮਾਹੀ ਲਈ 3.1 ਫ਼ੀਸਦੀ ਅਤੇ ਦੂਜੇ ਅੱਧ ’ਚ 3.5-3.7 ਫ਼ੀਸਦ ਰਹਿਣ ਦਾ ਅੰਦਾਜ਼ਾ ਲਾਇਆ ਗਿਆ ਹੈ। ਮੁਦਰਾ ਨੀਤੀ ਕਮੇਟੀ ਦੀ ਅਗਲੀ ਬੈਠਕ ਪਹਿਲੀ, 3 ਅਤੇ 4 ਅਕਤੂਬਰ ਨੂੰ ਹੋਵੇਗੀ। ਫਿੱਕੀ ਦੇ ਪ੍ਰਧਾਨ ਸੰਦੀਪ ਸੋਮਨੀ ਅਤੇ ਪੀਐੱਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਪ੍ਰਧਾਨ ਰਾਜੀਵ ਤਲਵਾੜ ਨੇ ਕਿਹਾ ਕਿ ਆਰਬੀਆਈ ਵੱਲੋਂ ਦਰਾਂ ’ਚ ਕਟੌਤੀ ਦਾ ਲਾਭ ਬੈਂਕਾਂ ਨੂੰ ਅੱਗੇ ਆਪਣੇ ਗਾਹਕਾਂ ਨੂੰ ਵੀ ਦੇਣਾ ਚਾਹੀਦਾ ਹੈ ਤਾਂ ਹੀ ਅਰਥਚਾਰੇ ਨੂੰ ਇਸ ਦਾ ਫਾਇਦਾ ਹੋਵੇਗਾ। ਸੀਨੀਅਰ ਆਰਥਿਕ ਮਾਹਿਰ ਸੁਵੋਦੀਪ ਰਕਸ਼ਿਤ ਨੇ ਕਿਹਾ ਕਿ ਆਰਬੀਆਈ ਨੇ ਦਰ ’ਚ ਵਧੇਰੇ ਕਟੌਤੀ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।

Previous articleਰਾਸ਼ਟਰਪਤੀ ਵੱਲੋਂ ਧਾਰਾ 370 ਮਨਸੂਖ਼ ਕਰਨ ਨੂੰ ਪ੍ਰਵਾਨਗੀ
Next articleਪਰਨੀਤ ਕੌਰ ਨਾਲ 23 ਲੱਖ ਰੁਪਏ ਦੀ ਠੱਗੀ; ਜਾਅਲਸਾਜ਼ ਕਾਬੂ