ਡਾ. ਮਾਂਗਟ ਅਤੇ ਪਤਨੀ ਪਰਮਜੀਤ ਕੌਰ (ਵਿਚਕਾਰ), ਐਮ.ਪੀ. ਦਰਸ਼ਨ ਸਿੰਘ ਕੰਗ, ਐਮ.ਐਲ.ਏ. ਦਵਿੰਦਰ ਸਿੰਘ ਤੂਰ, ਬ੍ਰਹਮ ਪ੍ਰਕਾਸ਼ ਸਿੰਘ ਲੁੱਡੂ, ਸੰਤ ਸਿੰਘ ਧਾਲੀਵਾਲ, ਡੈਨ ਸਿੱਧੂ ਅਤੇ ਹੋਰ ਨਾਮਵਰ ਸ਼ਖ਼ਸੀਅਤਾਂ
ਕੈਲਗਰੀ ਵਿੱਚ ਅਜਾਦੀ ਦੇ ਸ਼ਹੀਦਾਂ ਦੀ ਯਾਦ ਵਿੱਚ ਕਰਵਾਏ ਗਏ 3 ਦਿਨਾਂ ਮੇਲੇ ਦੇ ਆਖਰੀ ਦਿਨ 4 ਅਗਸਤ, 2019 ਨੂੰ ਹਜ਼ਾਰਾਂ ਦਰਸ਼ਕਾਂ ਦੀ ਮੌਜੂਦਗੀ ਵਿੱਚ ਗੁਰੂ ਅਮਰ ਦਾਸ ਅਪਾਹਜ ਆਸ਼ਰਮ, ਸਰਾਭਾ ਦੇ ਸੇਵਾਦਾਰ ਡਾ. ਨੌਰੰਗ ਸਿੰਘ ਮਾਂਗਟ ਨੂੰ ਸ਼ਹੀਦ ਮੇਵਾ ਸਿੰਘ ਲੋਪੋਕੇ ਅਵਾਰਡ ਨਾਲ ਸਨਮਾਨਤ ਕੀਤਾ ਗਿਆ। ਡਾ. ਮਾਂਗਟ ਨੂੰ ਇਹ ਪੁਰਸਕਾਰ ਉਹਨਾਂ ਵੱਲੋਂ ਪਿਛਲੇ 14 ਸਾਲਾਂ ਤੋਂ ਲਾਵਾਰਸਾਂ-ਅਪਾਹਜਾਂ ਦੀ ਕੀਤੀ ਜਾ ਰਹੀ ਨਿਰਸਵਾਰਥ ਸੇਵਾ ਨੂੰ ਮੁੱਖ ਰੱਖਦੇ ਹੋਏ ਦਿੱਤਾ ਗਿਆ।
ਸੁਤੰਤਰਤਾ ਸੰਗਰਾਮੀਆਂ ਦੀ ਯਾਦ ਵਿੱਚ ਇਹ ਮੇਲਾ ਕੈਲਗਰੀ ਤੋਂ ਛਪਦੇ ਪੰਜਾਬੀ ਦੇ ਅਖ਼ਬਾਰ ਦੇਸ ਪੰਜਾਬ ਟਾਈਮਜ਼ ਦੇ ਚੀਫ਼ ਐਡੀਟਰ ਬ੍ਰਹਮ ਪ੍ਰਕਾਸ਼ ਸਿੰਘ ਲੁੱਡੂ ਅਤੇ ਸਹਿਯੋਗੀਆਂ ਵੱਲੋਂ ਹਰ ਸਾਲ ਕਰਵਾਇਆ ਜਾਂਦਾ ਹੈ। ਇਸ ਸਾਲ ਉੱਨੀਵੇਂ ਮੇਲੇ ਤੇ ਦਰਸ਼ਕਾਂ ਨੇ ਭਾਰਤ ਤੋਂ ਆਏ ਕਲਾਕਾਰਾਂ ਹਰਜੀਤ ਹਰਮਨ, ਜੀਤ ਪੈਂਚਰਾਂ ਵਾਲਾ, ਦੀਪ ਢਿੱਲੋਂ, ਭੁਪਿੰਦਰ ਗਿੱਲ, ਬਲਜਿੰਦਰ ਰਿੰਪੀ ਦੇ ਗੀਤਾਂ ਅਤੇ ਸਕਿੱਟਾਂ ਦਾ ਅਨੰਦ ਮਾਣਿਆ । ਇਸ ਮੇਲੇ ਦੌਰਾਨ 2 ਅਗਸਤ ਨੂੰ ਕਵੀ ਦਰਬਾਰ ਅਤੇ 3 ਅਗਸਤ ਨੂੰ ਮੇਲਾ ਮਾਵਾਂ-ਧੀਆਂ ਦਾ ਵੀ ਅਯੋਜਤ ਕੀਤਾ ਗਿਆ ।
ਇਸ ਮੇਲੇ ਤੇ ਕੈਲਗਰੀ ਦੀਆਂ ਦੋ ਹੋਰ ਨਾਮਵਰ ਸਖਸ਼ੀਅਤਾਂ ਨੂੰ ਵੀ ਲੋਕ ਸੇਵਾ ਲਈ ਪਾਏ ਯੋਗਦਾਨ ਵਜੋਂ ਸਨਮਾਨਤ ਕੀਤਾ ਗਿਆ । ਬੀਬੀ ਗੁਰਦੀਸ਼ ਕੌਰ ਗਰੇਵਾਲ ਨੂੰ ਪੰਜਾਬੀ ਕਵਿਤਾ ਵਿੱਚ ਪਾਏ ਯੋਗਦਾਨ ਲਈ ਭਾਈ ਵੀਰ ਸਿੰਘ ਐਵਾਰਡ ਨਾਲ ਸਨਮਾਨਤ ਕੀਤਾ ਗਿਆ । ਸਾਬਕਾ ਇਫ਼ਕੋ ਅਫ਼ਸਰ ਸੁਖਵਿੰਦਰ ਸਿੰਘ ਬਰਾੜ ਨੂੰ ਕੈਨੇਡਾ ਅਤੇ ਪੰਜਾਬ ਵਿੱਚ ਲੋਕਾਂ ਨੂੰ ਹੈਲਦੀ ਲਾਈਫ਼ ਸਟਾਈਲ (ਤੰਦਰੁਸਤ ਜੀਵਨ) ਵਾਰੇ ਜਾਗਰੁਕ ਕਰਨ ਲਈ ਐਮ.ਐਲ.ਏ. ਹੈਰੀ ਸੋਹਲ ਐਵਾਰਡ ਨਾਲ ਸਨਮਾਨਤ ਕੀਤਾ ਗਿਆ ।
ਐਵਾਰਡ ਦੇਣ ਮੌਕੇ ਕੈਲਗਰੀ ਦੇ ਐਮ.ਪੀ. ਦਰਸ਼ਨ ਸਿੰਘ ਕੰਗ, ਅਲਬਰਟਾ ਸਟੇਟ ਦੀ ਮੰਤਰੀ ਰਾਜ ਸਾਹਨੀ, ਕੈਲਗਰੀ ਦੇ ਐਮ.ਐਲ.ਏ. ਦਵਿੰਦਰ ਸਿੰਘ ਤੂਰ, ਚੀਫ਼ ਐਡੀਟਰ ਬ੍ਰਹਮ ਪ੍ਰਕਾਸ਼ ਸਿੰਘ ਲੁੱਡੂ, ਸੰਤ ਸਿੰਘ ਧਾਲੀਵਾਲ, ਬਲਜੀਤ ਸਿੰਘ ਭਰੋਵਾਲ, ਬਲਬੀਰ ਸਿੰਘ ਕੈਥ, ਅਵਿਨਾਸ਼ ਖੰਗੂੜਾ, ਪ੍ਰੋਫ਼ੈਸਰ ਮਨਜੀਤ ਸਿੰਘ, ਡੈਨ ਸਿੱਧੂ, ਪੀ.ਜੇ. ਰੰਧਾਵਾ, ਭੋਲਾ ਚੌਹਾਨ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਨਾਮਵਰ ਸ਼ਖ਼ਸੀਅਤਾਂ ਮੌਜੂਦ ਸਨ ।
ਸ. ਡੈਨ ਸਿੱਧੂ ਨੇ ਸਟੇਜ ਤੋਂ ਬੋਲਦਿਆਂ ਦੱਸਿਆ ਕਿ ਗੁਰੂ ਅਮਰ ਦਾਸ ਅਪਾਹਜ ਆਸ਼ਰਮ, ਸਰਾਭਾ ਵਿੱਚ ਲੋੜਵੰਦਾਂ ਦੀ ਹੋ ਰਹੀ ਸੇਵਾ ਮੈਂ ਆਪਣੇ ਅੱਖੀਂ ਦੇਖ ਕੇ ਆਇਆ ਹਾਂ । ਡੈਨ ਸਿੱਧੂ ਨੇ ਦੱਸਿਆ ਕਿ ਪੀ. ਏ. ਯੂ. ਲੁਧਿਆਣਾ, ਯੂਨੀਵਰਸਿਟੀ ਆਫ਼ ਵਿੰਡਸਰ ਅਤੇ ਮੌਰੀਸਨ ਸਾਇੰਟਿਫਿਕ ਕੰਪਨੀ ਕੈਲਗਰੀ ਦੇ ਸਾਬਕਾ ਪ੍ਰੋਫੈਸਰ ਅਤੇ ਸਾਇੰਸਦਾਨ ਡਾ. ਨੌਰੰਗ ਸਿੰਘ ਮਾਂਗਟ ਨੇ ਕਈ ਸਾਲ ਲੁਧਿਆਣਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸਾਇਕਲ ਤੇ ਫਿਰਕੇ ਸੜਕਾਂ ਕੰਢੇ ਪਏ ਅਜਿਹੇ ਬੇਘਰ, ਲਾਵਾਰਸਾਂ, ਅਪਾਹਜਾਂ ਅਤੇ ਬਿਮਾਰ ਲੋੜਵੰਦਾਂ ਦੀ ਸੇਵਾ-ਸੰਭਾਲ ਕੀਤੀ । ਫਿਰ ਅਜਿਹੇ ਲੋਕਾਂ ਦੀ ਹੋਰ ਬਿਹਤਰ ਢੰਗ ਨਾਲ ਸੇਵਾ-ਸੰਭਾਲ ਕਰਨ ਲਈ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਦੇ ਨਜ਼ਦੀਕ ਤਿੰਨ ਮੰਜ਼ਲਾ ਗੁਰੂ ਅਮਰ ਦਾਸ ਅਪਾਹਜ ਆਸ਼ਰਮ ਬਣਵਾਇਆ।
ਇਸ ਆਸ਼ਰਮ ਵਿੱਚ ਪੰਜਾਬ ਅਤੇ ਹੋਰ ਸੂਬਿਆਂ ਤੋਂ ਤਕਰੀਬਨ 125 (ਸਵਾ ਸੌ) ਦੇ ਕਰੀਬ ਲਾਵਾਰਸ, ਬੇਘਰ, ਬੇਸਹਾਰਾ, ਅਪਾਹਜ, ਨੇਤਰਹੀਣ, ਅਧਰੰਗ ਦੀ ਬਿਮਾਰੀ ਨਾਲ ਪੀੜਤ ਅਤੇ ਦਿਮਾਗੀ ਸੰਤੁਲਨ ਗੁਆ ਚੁੱਕੇ ਲੋੜਵੰਦ ਰਹਿੰਦੇ ਹਨ। ਇਹਨਾਂ ਵਿੱਚੋਂ 30-32 ਅਜਿਹੇ ਹਨ ਜਿਹੜੇ ਪੂਰੀ ਹੋਸ਼-ਹਵਾਸ਼ ਨਾ ਹੋਣ ਕਾਰਨ ਆਪਣੇ ਵਾਰੇ ਕੁੱਝ ਵੀ ਦੱਸਣ ਤੋਂ ਅਸਮਰੱਥ ਹਨ । ਇਹ ਲੋੜਵੰਦ ਆਪਣੀ ਕਿਰਿਆ ਆਪ ਨਹੀਂ ਸੋਧ ਸਕਦੇ ਅਤੇ ਮਲ-ਮੂਤਰ ਵੀ ਕੱਪੜਿਆਂ ਵਿੱਚ ਹੀ ਕਰਦੇ ਹਨ । ਅਜਿਹੇ ਲੋੜਵੰਦਾਂ ਦੀ ਨਿਸ਼ਕਾਮ ਸੇਵਾ-ਸੰਭਾਲ ਕਰਨ ਦੇ ਨਾਲ-ਨਾਲ ਮੁਫ਼ਤ ਮੈਡੀਕਲ ਸਹਾਇਤਾ ਦੇ ਕੇ ਉਹਨਾਂ ਦੀ ਜ਼ਿੰਦਗੀ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ । ਆਸ਼ਰਮ ਵਿੱਚ ਰਹਿਣ ਵਾਲੇ ਲੋੜਵੰਦਾਂ ਨੂੰ ਮੰਜਾ-ਬਿਸਤਰਾ, ਮੈਡੀਕਲ ਸਹਾਇਤਾ, ਗੁਰੂ ਦਾ ਲੰਗਰ, ਕੱਪੜੇ ਆਦਿ ਹਰ ਜ਼ਰੂਰੀ ਵਸਤੂ ਮੁਫ਼ਤ ਮਿਲਦੀ ਹੈ । ਕਿਸੇ ਵੀ ਲੋੜਵੰਦ ਕੋਲੋਂ ਕੋਈ ਵੀ ਫ਼ੀਸ ਜਾਂ ਖ਼ਰਚਾ ਨਹੀਂ ਲਿਆ ਜਾਂਦਾ। ਇੱਥੋਂ ਦਾ ਸਾਰਾ ਪ੍ਰਬੰਧ ਗੁਰੂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚਲਦਾ ਹੈ । ਆਸ਼ਰਮ ਵਾਰੇ ਡਾ. ਮਾਂਗਟ ਨਾਲ ਮੋਬਾਇਲ (ਇੰਡੀਆ) 95018-42505 ਤੇ ਜਾਂ ਕੈਨੇਡਾ ਵਿੱਚ (ਸੈੱਲ): 403-401-8787 ਤੇ ਸੰਪਰਕ ਕੀਤਾ ਜਾ ਸਕਦਾ ਹੈ।