ਡਰੱਗ ਮਨੀ: ਟਾਂਡਾ ਪੁਲੀਸ ਵਲੋਂ ਇਕ ਕਾਬੂ; ਦੂਜਾ ਫਰਾਰ

ਥਾਣਾ ਟਾਂਡਾ ਦੀ ਪੁਲੀਸ ਨੇ ਵੱਡੇ ਪੱਧਰ ’ਤੇ ਨਸ਼ੇ ਦਾ ਧੰਦਾ ਕਰਨ ਵਾਲੇ ਮੁਲਜ਼ਮਾਂ ਵਿੱਚੋਂ ਇਕ ਨੂੰ ਕਾਬੂ ਕੀਤਾ ਹੈ। ਹਾਲਾਂਕਿ ਪੁਲੀਸ ਦੀ ਇਸ ਕਾਰਵਾਈ ਦੌਰਾਨ ਇਕ ਜਣਾ ਭੱਜਣ ਵਿੱਚ ਸਫ਼ਲ ਹੋ ਗਿਆ। ਪੁਲੀਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮ ਦੇ ਕਬਜ਼ੇ ਵਿਚੋਂ ਹੈਰੋਇਨ, ਅਸਲਾ ਅਤੇ ਡਰੱਗ ਮਨੀ ਬਰਾਮਦ ਹੋਈ ਹੈ। ਨਸ਼ਾ ਅਤੇ ਅਸਲਾ ਐਕਟ ਵਿਚ ਨਾਮਜ਼ਦ ਕੀਤੇ ਮੁਲਜ਼ਮਾਂ ਦੀ ਪਛਾਣ ਪਰਮਜੀਤ ਸਿੰਘ ਅਤੇ ਸੁਖਵੀਰ ਸਿੰਘ ਸੁੱਖੀ ਨਿਵਾਸੀ ਖੱਖ ਦੇ ਰੂਪ ਵਿੱਚ ਹੋਈ ਹੈ ਜਿਨ੍ਹਾਂ ਵਿੱਚੋਂ ਪਰਮਜੀਤ ਸਿੰਘ ਨੂੰ ਕਾਬੂ ਕਰ ਲਿਆ ਹੈ। ਪ੍ਰੈਸ ਕਾਨਫਰੰਸ ਦੌਰਾਨ ਡੀਐੱਸਪੀ ਗੁਰਪ੍ਰੀਤ ਸਿੰਘ ਗਿੱਲ ਦੀ ਮੌਜੂਦਗੀ ਵਿੱਚ ਐੱਸਪੀ (ਤਫਤੀਸ਼) ਧਰਮਵੀਰ ਸਿੰਘ ਨੇ ਦੱਸਿਆ ਕਿ ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਦੀ ਟੀਮ ਨੂੰ ਗਸ਼ਤ ਦੌਰਾਨ ਮੁਖਬਰ ਨੇ ਸੂਚਨਾ ਦਿੱਤੀ ਕਿ ਉਕਤ ਦੋਵੇਂ ਭਰਾ ਭਾਰੀ ਮਾਤਰਾ ਵਿੱਚ ਡਰੱਗ ਅਤੇ ਹੈਰੋਇਨ ਵੇਚਦੇ ਹਨ। ਜਿਨ੍ਹਾਂ ਨੇ ਡਰੱਗ ਮਨੀ ਨਾਲ ਕਾਫੀ ਚੱਲ ਅਤੇ ਅਚੱਲ ਜਾਇਦਾਦ ਖ੍ਰੀਦੀ ਹੈ। ਇਨ੍ਹਾਂ ਕੋਲ ਨਜਾਇਜ਼ ਅਸਲਾ ਵੀ ਹੈ ਅਤੇ ਅੱਜ ਉਹ ਗ੍ਰਾਹਕਾਂ ਨੂੰ ਹੈਰੋਇਨ ਸਪਲਾਈ ਕਰ ਕੇ ਪਿੰਡ ਜਹੂਰਾ ਵਲੋਂ ਆ ਰਹੇ ਹਨ। ਸੂਚਨਾ ਦੇ ਅਧਾਰ ’ਤੇ ਜਦੋਂ ਥਾਣਾ ਮੁਖੀ ਦੀ ਟੀਮ ਨੇ ਜਹੂਰਾ ਟੀ ਪੁਆਇੰਟ ਨੇੜੇ ਕੀਤੀ ਨਾਕਾਬੰਦੀ ਦੌਰਾਨ ਐਕਸਯੂਵੀ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ਵਿੱਚੋਂ ਸੁੱਖੀ ਭੱਜਣ ਵਿੱਚ ਸਫਲ ਹੋ ਗਿਆ ਜਦ ਕਿ ਪਰਮਜੀਤ ਸਿੰਘ ਨੂੰ ਪੁਲੀਸ ਨੇ ਕਾਬੂ ਕਰ ਲਿਆ। ਇਸ ਮੌਕੇ ਡੀਐੱਸਪੀ ਗੁਰਪ੍ਰੀਤ ਸਿੰਘ ਗਿੱਲ ਦੇ ਮੌਕੇ ’ਤੇ ਪਹੁੰਚਣ ’ਤੇ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਮੁਢਲੀ ਪੁੱਛਗਿੱਛ ਵਿੱਚ ਦੱਸਿਆ ਕਿ ਉਹ ਗ੍ਰਾਹਕਾਂ ਨੂੰ ਹੈਰੋਇਨ ਸਪਲਾਈ ਕਰ ਕੇ ਆ ਰਹੇ ਸਨ ਅਤੇ ਉਨ੍ਹਾਂ ਕੋਲ ਨਜਾਇਜ਼ ਅਸਲਾ ਅਤੇ ਹੈਰੋਇਨ ਸਪਲਾਈ ਦੀ ਰਕਮ ਵੀ ਹੈ। ਪਰਮਜੀਤ ਸਿੰਘ ਦੇ ਕਬਜ਼ੇ ਵਿੱਚੋਂ 150 ਗ੍ਰਾਮ ਹੈਰੋਇਨ, 1 ਲੱਖ 54 ਹਜ਼ਾਰ 860 ਰੁਪਏ, ਇਕ ਇਲੈਕਟ੍ਰਿਕ ਕੰਡਾ, 1 ਪਿਸਤੌਲ, ਇੱਕ ਦੇਸੀ ਕੱਟਾ, ਇਕ ਮੈਗਜ਼ੀਨ, 32 ਰਾਊਂਦ, 1 ਖੋਲ, ਲੈਪਟੋਪ, 13 ਮੋਬਾਈਲ, ਚਾਰ ਏਟੀਐੱਮ ਕਾਰਡ ਅਤੇ ਐਕਸਯੂਵੀ ਗੱਡੀ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਦੂਜੇ ਮੁਲਜ਼ਮ ਸੁੱਖੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।

Previous articleਬਲਾਕ ਮਾਜਰੀ ’ਚ ਧੜੱਲੇ ਨਾਲ ਹੋ ਰਿਹਾ ਨਾਜਾਇਜ਼ ਖਣਨ
Next articleਐਲਿਸ ਪੈਰੀ ਨੇ ਵਿਸ਼ਵ ਰਿਕਾਰਡ ਬਣਾਇਆ