ਬਲਾਕ ਮਾਜਰੀ ’ਚ ਧੜੱਲੇ ਨਾਲ ਹੋ ਰਿਹਾ ਨਾਜਾਇਜ਼ ਖਣਨ

ਬਲਾਕ ਮਾਜਰੀ ਦੇ ਪਿੰਡਾਂ ਵਿੱਚ ਪਿਛਲੇ ਕਈ ਸਾਲਾਂ ਤੋਂ ਚੱਲ ਰਹੇ ਅਣਅਧਿਕਾਰਿਤ ਖਣਨ ਨੂੰ ਨੱਥ ਪਾਉਣ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਪ੍ਰਸ਼ਾਸਨ ਦੀ ਨੱਕ ਹੇਠ ਰੇਤ ਮਾਫੀਆ ਖਣਨ ਵਿੱਚ ਦਿਨ ਰਾਤ ਜੁਟਿਆ ਹੋਇਆ ਹੈ। ਇਲਾਕੇ ਦੇ ਲੋਕਾਂ ਨੇ ਇਸ ਨਾਜਾਇਜ਼ ਖਣਨ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ।
ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਵਸੇ ਬਲਾਕ ਮਾਜਰੀ ਬਲਾਕ ਮਾਜਰੀ ਦੇ ਖੇਤਰ ਵਿੱਚ ਸਿਆਸੀ ਸਰਪ੍ਰਸਤੀ ਅਤੇ ਪ੍ਰਸ਼ਾਸਨ ਦੀ ਅਣਦੇਖੀ ਕਾਰਨ ਹੋ ਰਹੀ ਖਣਨ ਕਾਰਨ ਦੇਖਾ-ਦੇਖੀ ਇਲਾਕੇ ਵਿੱਚ ਕਰੀਬ 30 ਕਰੱਸ਼ਰ ਸਥਾਪਤ ਹੋ ਗਏ ਹਨ। ਪਿਛਲੀ ਗੱਠਜੋੜ ਸਰਕਾਰ ਸਮੇਂ ਜਿੱਥੇ ਇਲਾਕੇ ਵਿੱਚ ਮਾਈਨਿੰਗ ਵੱਡੇ ਪੱਧਰ ਉਤੇ ਹੁੰਦੀ ਰਹੀ ਹੈ ਉਥੇ ਕਾਂਗਰਸ ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀਆਂ ਸਖ਼ਤ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਇਲਾਕੇ ਵਿੱਚ ਚੱਲ ਰਹੇ ਸਾਰੇ ਕਰੱਸ਼ਰਾਂ ਨੂੰ ਸੀਲ ਕਰ ਕਰਦਿਆਂ ਇਲਾਕੇ ਨੂੰ ਖਣਨ ਦੇ ਮਾਮਲੇ ਵਿੱਚ ‘ਜ਼ੀਰੋ ਮੂਵਮੈਂਟ ਜ਼ੋਨ’ ਐਲਾਨ ਦਿੱਤਾ ਸੀ। ਪਰ ਪ੍ਰਸ਼ਾਸਨ ਦੀ ਇਸ ਕਾਰਵਾਈ ਤੋਂ ਕੁਝ ਸਮੇਂ ਬਾਅਦ ਹੀ ਇਲਾਕੇ ਵਿੱਚ ਖਣਨ ਦਾ ਕੰਮ ਮੁੜ ਤੋਂ ਜ਼ੋਰ ਫੜ ਗਿਆ ਜੋ ਕਿ ਹੁਣ ਤੱਕ ਧੜੱਲੇ ਨਾਲ ਚੱਲ ਰਿਹਾ ਹੈ।
ਸਰਕਾਰ ਵਲੋਂ ਇਲਾਕੇ ਵਿੱਚ ਪੈਂਦੀ ਕੋਈ ਵੀ ਨਦੀ ਖਣਨ ਲਈ ਮਨਜ਼ੂਰ ਨਹੀਂ ਕੀਤੀ ਗਈ ਪਰ ਇਸ ਦੇ ਬਾਵਜੂਦ ਘਾੜ ਇਲਾਕੇ ਦੇ ਪਿੰਡਾਂ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਜੂਹ ਤੱਕ ਖਣਨ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਕੋਈ ਵੀ ਖੱਡ ਖਣਨ ਲਈ ਮਨਜ਼ੂਰ ਨਾ ਹੋਣ ਦੇ ਬਾਵਜੂਦ ਇਲਾਕੇ ਵਿੱਚ ਚੱਲ ਰਹੇ 30 ਦੇ ਕਰੀਬ ਕਰੱਸ਼ਰ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਹੇ ਹਨ। ਇਨ੍ਹਾਂ ਕਰੱਸ਼ਰਾਂ ਨੂੰ ਕੱਚਾ ਮਾਲ ਕਿਥੋਂ ਮਿਲ ਰਿਹਾ ਹੈ ਇਹ ਸਵਾਲ ਹਾਲੇ ਤੱਕ ਬੁਝਾਰਤ ਬਣਿਆ ਹੋਇਆ ਹੈ ਜਦਕਿ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਦੇਖ ਰਿਹਾ ਹੈ। ਪ੍ਰਸ਼ਾਸਨ ਨੂੰ ਝਕਾਨੀ ਦੇਣ ਲਈ ਹੀ ਮਾਈਨਿੰਗ ਮਾਫੀਏ ਵਲੋਂ ਖਿਜ਼ਰਾਬਾਦ ਤੋਂ ਕਾਫੀ ਦੂਰੀ ’ਤੇ ਪੈਂਦੇ ਪਿੰਡਾਂ ਅਤੇ ਪਹਾੜੀਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਖਿਜ਼ਰਾਬਾਦ ਤੋਂ 10 ਕਿਲੋਮੀਟਰ ਦੂਰੀ ਤੋਂ ਲੈ ਕੇ ਪਹਾੜਾਂ ਵਿੱਚ ਵੀ ਰਾਤ ਸਮੇਂ ਮਾਈਨਿੰਗ ਲਈ ਟਿੱਪਰਾਂ ਤੇ ਮਸ਼ੀਨਾਂ ਦੀ ਹਲਚਲ ਦੇਖੀ ਜਾ ਸਕਦੀ ਹੈ। ਬਲਾਕ ਦੇ ਪਿੰਡ ਕੁੱਬਾਹੇੜੀ ਵਿੱਚ ਰੇਤ ਮਾਫੀਏ ਵਲੋਂ ਪਾਏ ਵੱਖ ਵੱਡੇ ਟੋਏ ਦਿਖਾਉਂਦਿਆਂ ਆਪ ਆਗੂ ਜਗਦੇਵ ਸਿੰਘ ਮਲੋਆ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਨਾਜਾਇਜ਼ ਖਣਨ ਖ਼ਿਲਾਫ਼ ਆਵਾਜ਼ ਬੁਲੰਦ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਸਰਕਾਰ ਅਤੇ ਪ੍ਰਸ਼ਾਸਨ ਦੇ ਕੰਨ ’ਤੇ ਜੂੰ ਨਹੀਂ ਸਰਕ ਰਹੀ। ਉਨ੍ਹਾਂ ਕਿਹਾ ਕਿ ਉਹ ਇਲਾਕੇ ਦੇ ਵਾਤਾਵਰਣ ਨੂੰ ਬਚਾਉਣ ਲਈ ਲੋਕ ਲਹਿਰ ਸ਼ੁਰੂ ਕਰਨਗੇ।

Previous articleਲੋਕ ਸਭਾ ਵਲੋਂ ਕੌਮੀ ਮੈਡੀਕਲ ਕਮਿਸ਼ਨ ਬਿੱਲ ਪਾਸ
Next articleਡਰੱਗ ਮਨੀ: ਟਾਂਡਾ ਪੁਲੀਸ ਵਲੋਂ ਇਕ ਕਾਬੂ; ਦੂਜਾ ਫਰਾਰ