ਹਰ ਖਿਡਾਰੀ ਆਪਣੇ ਕਰੀਅਰ ਨੂੰ ਸੁਰੱਖਿਅਤ ਕਰਨ ਦੀ ਇੱਛਾ ਰੱਖਦਾ ਹੈ ਅਤੇ ਸ਼੍ਰੇਅਸ ਅਈਅਰ ਦਾ ਵੀ ਮੰਨਣਾ ਹੈ ਕਿ ‘ਟੀਮ ਵਿੱਚ ਪੱਕੀ ਥਾਂ ਨਾ ਹੋਣਾ’ ਸਹੀ ਨਹੀਂ ਹੈ, ਜਿਸ ਨਾਲ ਲੰਮੇ ਸਮੇਂ ਵਿੱਚ ਇੱਕ ਖਿਡਾਰੀ ਦੇ ਹੌਸਲੇ ਵਿੱਚ ਕਮੀ ਆਉਂਦੀ ਹੈ। ਇੰਡੀਅਨ ਪ੍ਰੀਮੀਅਰ ਲੀਗ ਦੇ ਸਭ ਤੋਂ ਘੱਟ ਉਮਰ ਦੇ ਕਪਤਾਨ (24 ਸਾਲ) ਅਈਅਰ ਨੇ ਸੱਤ ਸਾਲ ਵਿੱਚ ਪਹਿਲੀ ਵਾਰ ਆਪਣੀ ਟੀਮ ਦਿੱਲੀ ਕੈਪੀਟਲਜ਼ ਨੂੰ ਪਲੇਅ-ਆਫ ਵਿੱਚ ਪਹੁੰਚਾਇਆ ਸੀ। ਉਹ ਵੈਸਟ ਇੰਡੀਜ਼ ਦੇ ਦੌਰੇ ਮੌਕੇ ਹੋਣ ਵਾਲੀ ਇੱਕ ਰੋਜ਼ਾ ਮੈਚਾਂ ਦੀ ਲੜੀ ਦੀ ਤਿਆਰੀ ਵਿੱਚ ਲੱਗਿਆ ਹੋਇਆ ਹੈ। ਉਹ ਦੂਜੀ ਵਾਰ ਕੌਮੀ ਟੀਮ ਵਿੱਚ ਸ਼ਾਮਲ ਹੋਇਆ ਹੈ। ਉਹ ਚਾਹੁੰਦਾ ਹੈ ਕਿ ਉਸ ਨੂੰ ਕੁੱਝ ਹੋਰ ਮੌਕੇ ਮਿਲਣ, ਜਿਸ ਨਾਲ ਉਸ ਨੂੰ ਟੀਮ ਵਿੱਚ ਥਾਂ ਪੱਕੀ ਕਰਨ ਵਿੱਚ ਮਦਦ ਮਿਲੇ। ਅਈਅਰ ਨੇ ਕਿਹਾ, ‘‘ਜੇਕਰ ਤੁਸੀਂ ਬਿਹਤਰੀਨ ਪ੍ਰਤਿਭਾਸ਼ਾਲੀ ਖਿਡਾਰੀ ਹੋ ਤਾਂ ਤੁਹਾਨੂੰ ਖ਼ੁਦ ਨੂੰ ਸਾਬਤ ਕਰਨ ਅਤੇ ਹਾਲਾਤ ਅਨੁਸਾਰ ਢਲਣ ਲਈ ਕੁੱਝ ਮੌਕਿਆਂ ਦੀ ਲੋੜ ਹੈ।’’ ਉਸ ਨੇ ਕਿਹਾ, ‘‘ਜੇਕਰ ਤੁਸੀਂ ਟੀਮ ਦੇ ਅੰਦਰ-ਬਾਹਰ ਹੁੰਦੇ ਰਹਿੰਦੇ ਹੋ ਤਾਂ ਇਹ ਖਿਡਾਰੀ ਦੇ ਆਤਮਵਿਸ਼ਵਾਸ ਲਈ ਚੰਗਾ ਨਹੀਂ ਅਤੇ ਤੁਸੀਂ ਆਪਣੀ ਕਾਬਲੀਅਤ ’ਤੇ ਸ਼ੱਕ ਕਰਨਾ ਸ਼ੁਰੂ ਕਰ ਦਿੰਦੇ ਹੋ। ਜੇਕਰ ਤੁਸੀਂ ਪ੍ਰਤਿਭਾਸ਼ਾਲੀ ਖਿਡਾਰੀ ਹੋ ਤਾਂ ਤੁਹਾਨੂੰ ਕੁੱਝ ਸਮਾਂ ਚਾਹੀਦਾ ਹੈ।’’ ਮੁੰਬਈ ਦੇ ਇਸ ਖਿਡਾਰੀ ਨੇ ਛੇ ਇੱਕ ਰੋਜ਼ਾ ਅਤੇ ਛੇ ਟੀ-20 ਕੌਮਾਂਤਰੀ ਮੈਚ ਖੇਡੇ ਹਨ। ਅਈਅਰ ਦਾ ਘਰੇਲੂ ਅਤੇ ਦੂਜੇ ਦਰਜੇ ਦੀਆਂ ਟੀਮਾਂ ਵਿੱਚ ਲਗਾਤਾਰ ਵਧੀਆ ਪ੍ਰਦਰਸ਼ਨ ਰਿਹਾ ਹੈ। ਉਸ ਨੂੰ ਲਗਾਤਾਰ ਅਣਗੌਲਿਆ ਕਰਨ ਬਾਰੇ ਪੁੱਛਣ ’ਤੇ ਅਈਅਰ ਨੇ ਕਿਹਾ, ‘‘ਹਾਂ, ਤੁਸੀਂ ਧੀਰਜ ਗੁਆਉਣਾ ਸ਼ੁਰੂ ਕਰ ਦਿੰਦੇ ਹੋ, ਪਰ ਚੋਣ ਤੁਹਾਡੇ ਹੱਥਾਂ ਵਿੱਚ ਨਹੀਂ ਹੁੰਦੀ। ਤੁਸੀਂ ਸਿਰਫ਼ ਪ੍ਰਦਰਸ਼ਨ, ਪ੍ਰਦਰਸ਼ਨ ਅਤੇ ਪ੍ਰਦਰਸ਼ਨ ਹੀ ਕਰ ਸਕਦੇ ਹੋ ਅਤੇ ਮੈਂ ਇਹੋ ਕਰਦਾ ਹਾਂ।’’
Sports ਟੀਮ ’ਚ ਪੱਕੀ ਥਾਂ ਨਾ ਮਿਲਣ ਕਾਰਨ ਹੌਸਲਾ ਡਿੱਗਦਾ ਹੈ: ਅਈਅਰ