ਸੁਦਰਸ਼ਨ ਪਟਨਾਇਕ ਦਾ ਅਮਰੀਕਾ ’ਚ ‘ਪੀਪਲਜ਼ ਚੁਆਇਸ ਐਵਾਰਡ’ ਨਾਲ ਸਨਮਾਨ

ਮਸ਼ਹੂਰ ਭਾਰਤੀ ਰੇਤ ਕਲਾਕਾਰ ਅਤੇ ਪਦਮ ਪੁਰਸਕਾਰ ਨਾਲ ਸਨਮਾਨਿਤ ਸੁਦਰਸ਼ਨ ਪਟਨਾਇਕ ਨੂੰ ਅਮਰੀਕਾ ’ਚ ‘ਸੈਂਡ ਸਕਲਪਟਿੰਗ ਫੈਸਟੀਵਲ’ ਦੌਰਾਨ ‘ਪੀਪਲਜ਼ ਚੁਆਇਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਸੁਦਰਸ਼ਨ ਨੇ ਮਹਾਸਾਗਰਾਂ ’ਚ ਪਲਾਸਟਿਕ ਪ੍ਰਦੂਸ਼ਣ ਨਾਲ ਨਜਿੱਠਣ ਬਾਰੇ ਸੁਨੇਹਾ ਦਿੰਦਿਆਂ ਰੇਤ ’ਤੇ ਕਲਾਕ੍ਰਿਤ ਬਣਾਈ ਸੀ। ਮੈਸੇਚੁਐਸਟਸ ਦੇ ਬੋਸਟਨ ’ਚ ‘ਰਿਵੀਅਰ ਬੀਚ’ ’ਤੇ ਹੋਏ ਕੌਮਾਂਤਰੀ ਫੈਸਟੀਵਲ ’ਚ ਹਿੱਸਾ ਲੈਣ ਲਈ ਦੁਨੀਆਂ ਭਰ ਤੋਂ ਚੁਣੇ ਗਏ ਮੋਹਰੀ ਰੇਤ ਕਲਾਕਾਰਾਂ ’ਚ ਪਟਨਾਇਕ ਵੀ ਸ਼ਾਮਲ ਸਨ। ਉਨ੍ਹਾਂ ਨੂੰ ਰੇਤ ਕਲਾਕ੍ਰਿਤ ‘ਪਲਾਸਟਿਕ ਪ੍ਰਦੂਸ਼ਣ ਰੋਕੋ, ਆਪਣੇ ਮਹਾਸਾਗਰ ਬਚਾਓ’ ਲਈ ਸਨਮਾਨਿਤ ਕੀਤਾ ਗਿਆ ਹੈ। ਸ੍ਰੀ ਪਟਨਾਇਕ ਨੇ ਬੋਸਟਨ ਤੋਂ ਖ਼ਬਰ ਏਜੰਸੀ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਕਿਹਾ,‘‘ਅਮਰੀਕਾ ’ਚ ਮੇਰੇ ਲਈ ਇਹ ਵੱਡਾ ਪੁਰਸਕਾਰ ਅਤੇ ਸਨਮਾਨ ਹੈ। ਇਹ ਪੁਰਸਕਾਰ ਭਾਰਤ ਲਈ ਹੈ, ਜੋ ਪਲਾਸਟਿਕ ਪ੍ਰਦੂਸ਼ਣ ਨਾਲ ਨਜਿੱਠਣ ਲਈ ਵਧੇਰੇ ਕਦਮ ਉਠਾ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਪਲਾਸਟਿਕ ਪ੍ਰਦੂਸ਼ਣ ਦੀ ਸਮੱਸਿਆ ਨੂੰ ਉਜਾਗਰ ਕਰਨ ਵਾਲੀ ਕਲਾਕ੍ਰਿਤ ਨੂੰ ਹਜ਼ਾਰਾਂ ਵਿਅਕਤੀਆਂ ਨੇ ਵੋਟ ਦਿੱਤਾ ਜੋ ਇਹ ਦਰਸਾਉਂਦਾ ਹੈ ਕਿ ਲੋਕ ਵੀ ਮਹਾਸਾਗਰਾਂ ’ਚ ਫੈਲ ਰਹੇ ਪ੍ਰਦੂਸ਼ਣ ਤੋਂ ਫਿਕਰਮੰਦ ਹਨ। ਪੁਰਸਕਾਰ ਜੇਤੂ ਕਲਾਕ੍ਰਿਤ ’ਚ ਦਿਖਾਇਆ ਗਿਆ ਹੈ ਕਿ ਕਿਵੇਂ ਪਲਾਸਟਿਕ ਦੀ ਥੈਲੀ ’ਚ ਕੱਛੂ ਅਤੇ ਪਲਾਸਟਿਕ ਦਾ ਕਚਰਾ ਮੱਛੀਆਂ ਦੇ ਸਰੀਰ ’ਚ ਫਸ ਜਾਂਦਾ ਹੈ ਜੋ ਉਨ੍ਹਾਂ ਲਈ ਜਾਨਲੇਵਾ ਸਾਬਤ ਹੁੰਦਾ ਹੈ। ਮੱਛੀ ਦੀ ਪੂਛ ਮਨੁੱਖ ਦੇ ਮੂੰਹ ’ਚ ਦਿਖਾਈ ਗਈ ਹੈ ਜੋ ਦਰਸਾਉਂਦੀ ਹੈ ਕਿ ਪਲਾਸਟਿਕ ਪ੍ਰਦੂਸ਼ਨ ਮਹਾਸਾਗਰਾਂ ਰਾਹੀਂ ਲੋਕਾਂ ’ਤੇ ਵੀ ਮਾੜਾ ਅਸਰ ਪਾ ਰਿਹਾ ਹੈ। ਸ੍ਰੀ ਪਟਨਾਇਕ ਦੀ ਇਸ ਪ੍ਰਾਪਤੀ ’ਤੇ ਨਿਊਯਾਰਕ ’ਚ ਭਾਰਤ ਦੇ ਕੌਂਸੁਲ ਜਨਰਲ ਸੰਦੀਪ ਚੱਕਰਵਰਤੀ ਨੇ ਖੁਸ਼ੀ ਜਤਾਈ ਅਤੇ ਉਨ੍ਹਾਂ ਗਰੇਟਰ ਬੋਸਟਨ ਅਤੇ ਅਮਰੀਕਾ ’ਚ ਵਸਦੇ ਭਾਰਤੀ ਭਾਈਚਾਰੇ ਵੱਲੋਂ ਹਮਾਇਤ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

Previous articleਸੁਖਬੀਰ ਬਾਦਲ ਨੇ ਬੰਨ੍ਹਿਆ ਸੀ ਡੇਰਾ ਮੁਖੀ ਦੀ ਰਿਹਾਈ ਦਾ ਮੁੱਢ: ਖਹਿਰਾ
Next articleਟੀਮ ’ਚ ਪੱਕੀ ਥਾਂ ਨਾ ਮਿਲਣ ਕਾਰਨ ਹੌਸਲਾ ਡਿੱਗਦਾ ਹੈ: ਅਈਅਰ