ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਮੰਨਿਆ ਕਿ ਅਫਗਾਨਿਸਤਾਨ ਜਾਂ ਕਸ਼ਮੀਰ ਵਿੱਚੋਂ ਸਿਖਲਾਈ ਪ੍ਰਾਪਤ ਕਰਕੇ ਲੜਨ ਵਾਲੇ ਕਰੀਬ 30-40 ਹਜ਼ਾਰ ‘ਹਥਿਆਰਬੰਦ ਲੋਕ’ ਪਾਕਿਸਤਾਨ ਵਿੱਚ ਹਨ। ਉਨ੍ਹਾਂ ਨੇ ਆਪਣੇ ਮੁਲਕ ਦੀਆਂ ਪਿਛਲੀਆਂ ਸਰਕਾਰਾਂ ’ਤੇ ਅਮਰੀਕਾ ਨੂੰ ਪਾਕਿਸਤਾਨ ਵਿੱਚੋਂ ਚੱਲਦੇ ਦਹਿਸ਼ਤੀ ਸੰਗਠਨਾਂ ਬਾਰੇ ਸੱਚ ਨਾ ਦੱਸਣ ਦੇ ਦੋਸ਼ ਵੀ ਲਾਏ। ਇਹ ਸੰਗਠਨ ਪਾਕਿਸਤਾਨ ਦੇ ਦੋਵੇਂ ਗੁਆਂਢੀ ਮੁਲਕਾਂ ਵਿੱਚ ਹਮਲੇ ਕਰਦੇ ਹਨ।
ਇਮਰਾਨ ਖਾਨ ਨੇ ਇਹ ਵੀ ਮੰਨਿਆ ਕਿ ਪਾਕਿਸਤਾਨ ਦੀਆਂ ਪਿਛਲੀਆਂ ਸਰਕਾਰਾਂ ਨੇ ਅਮਰੀਕਾ ਨੂੰ ਇਹ ਸੱਚ ਨਹੀਂ ਦੱਸਿਆ ਕਿ ਦੇਸ਼ ਵਿੱਚ ਕੁੱਲ 40 ਵੱਖ-ਵੱਖ ਦਹਿਸ਼ਤੀ ਸੰਗਠਨ ਸਰਗਰਮ ਹਨ। ਉਨ੍ਹਾਂ ਅੱਗੇ ਕਿਹਾ, ‘‘ਪਾਕਿਸਤਾਨ ਦੀ ਸਿਆਸਤ ਵਿੱਚ 2014 ਵਿੱਚ ਉਦੋਂ ਅਹਿਮ ਤਬਦੀਲੀ ਆਈ ਜਦੋਂ ਪਾਕਿਸਤਾਨੀ ਤਾਲਿਬਾਨ ਨੇ ਆਰਮੀ ਪਬਲਿਕ ਸਕੂਲ (ਪੇਸ਼ਾਵਰ) ਵਿੱਚ 150 ਸਕੂਲੀ ਬੱਚਿਆਂ ਦੀ ਹੱਤਿਆ ਕੀਤੀ ਤਾਂ ਸਾਰੀਆਂ ਸਿਆਸੀ ਪਾਰਟੀਆਂ ਨੇ ਕੌਮੀ ਐਕਸ਼ਨ ਪਲਾਨ ’ਤੇ ਦਸਤਖ਼ਤ ਕੀਤੇ ਅਤੇ ਉਸ ਤੋਂ ਬਾਅਦ ਅਸੀਂ ਸਾਰਿਆਂ ਨੇ ਫ਼ੈਸਲਾ ਲਿਆ ਕਿ ਅਸੀਂ ਪਾਕਿਸਤਾਨ ਵਿੱਚੋਂ ਕੋਈ ਵੀ ਦਹਿਸ਼ਤੀ ਸੰਗਠਨ ਚੱਲਣ ਨਹੀਂ ਦੇਵਾਂਗੇ।’’
World ਪਾਕਿ ਵਿੱਚ 40 ਦਹਿਸ਼ਤੀ ਸੰਗਠਨ ਸਰਗਰਮ: ਇਮਰਾਨ ਖਾਨ