ਭਾਰਤ ਦੀ ਸਟਾਰ ਦੌੜਾਕ ਹਿਮਾ ਦਾਸ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਇੱਥੇ 400 ਮੀਟਰ ਮੁਕਾਬਲੇ ਵਿੱਚ 52.09 ਸੈਕਿੰਡ ਦੇ ਸੈਸ਼ਨ ਦੇ ਸਰਵੋਤਮ ਪ੍ਰਦਰਸ਼ਨ ਨਾਲ ਇਸ ਮਹੀਨੇ ਵਿੱਚ ਆਪਣਾ ਪੰਜਵਾਂ ਸੋਨ ਤਗ਼ਮਾ ਜਿੱਤਿਆ। ਹਾਲਾਂਕਿ ਇਹ ਉਸ ਦੇ ਵਿਅਕਤੀਗਤ ਪ੍ਰਦਰਸ਼ਨ 50.79 ਸੈਕਿੰਡ ਤੋਂ ਘੱਟ ਹੈ, ਜੋ ਉਸ ਨੇ ਜਕਾਰਤਾ ਏਸ਼ਿਆਈ ਖੇਡਾਂ ਵਿੱਚ ਕੀਤਾ ਸੀ। ਉਹ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਲੀਫਾਈ ਪੱਧਰ (51.80 ਸੈਕਿੰਡ) ਤੋਂ ਵੀ ਖੁੰਝ ਗਈ।
ਹਿਮਾ ਦੀ ਇਹ ਕਾਰਗੁਜ਼ਾਰੀ ਸੈਸ਼ਨ ਦੇ ਪਿਛਲੇ ਪ੍ਰਦਰਸ਼ਨ 52.88 ਸੈਕਿੰਡ ਤੋਂ ਬਿਹਤਰ ਸੀ। ਦੋ ਜੁਲਾਈ ਨੂੰ ਯੂਰੋਪ ਵਿੱਚ ਪਹਿਲੇ ਦੌੜ ਮੁਕਾਬਲੇ ਵਿੱਚ ਹਿੱਸਾ ਲੈਣ ਮਗਰੋਂ ਹਿਮਾ ਦਾ ਇਹ ਪੰਜਵਾਂ ਗੋਲਡ ਮੈਡਲ ਹੈ। ਉਸ ਨੇ ਪਹਿਲਾ ਗੋਲਡ ਦੋ ਜੁਲਾਈ ਨੂੰ ਪੋਲੈਂਡ ਵਿੱਚ ਹੋਈ ਪੋਜ਼ਨਾਨ ਅਥਲੈਟਿਕਸ ਗ੍ਰਾਂ ਪ੍ਰੀ ਦੀ 200 ਮੀਟਰ ਦੌੜ ਵਿੱਚ 23.65 ਸੈਕਿੰਡ ਨਾਲ ਜਿੱਤਿਆ ਸੀ। ਦੂਜਾ ਸੋਨ ਤਗ਼ਮਾ 7 ਜੁਲਾਈ ਨੂੰ ਕੁਤਨੋ ਅਥਲੈਟਿਕਸ ਮੀਟ ਦੀ 200 ਮੀਟਰ ਦੌੜ ਵਿੱਚ 23.97 ਸੈਕਿੰਡ ਨਾਲ ਹਾਸਲ ਕੀਤਾ ਸੀ। ਚੈੱਕ ਗਣਰਾਜ ਵਿੱਚ 13 ਜੁਲਾਈ ਨੂੰ ਕਲਾਦਨੋ ਅਥਲੈਟਿਕਸ ਮੀਟ ਅਤੇ ਬੁੱਧਵਾਰ ਨੂੰ ਤਾਬੋਰ ਅਥਲੈਟਿਕਸ ਮੀਟ ਵਿੱਚ ਕ੍ਰਮਵਾਰ ਤੀਜਾ ਤੇ ਚੌਥਾ ਸੋਨ ਤਗ਼ਮਾ ਜਿੱਤਿਆ। ਇਸ ਸਾਲ ਅਪਰੈਲ ਵਿੱਚ ਏਸ਼ਿਆਈ ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਪਿੱਠ ਦੇ ਦਰਦ ਤੋਂ ਪ੍ਰੇਸ਼ਾਨ ਰਹੀ ਆਸਾਮ ਦੀ 19 ਸਾਲ ਦੀ ਹਿਮਾ ਨੇ ਪਹਿਲੀ ਵਾਰ 400 ਮੀਟਰ ਵਿੱਚ ਹਿੱਸਾ ਲਿਆ ਸੀ।
ਮੱਧ ਪ੍ਰਦੇਸ਼ ਦੇ ਜਬੀਰ ਨੇ ਵੀ 400 ਮੀਟਰ ਅੜਿੱਕਾ ਦੌੜ ਵਿੱਚ 49.66 ਸੈਕਿੰਡ ਦਾ ਸਮਾਂ ਕੱਢ ਕੇ ਸੋਨਾ ਤਗ਼ਮਾ ਜਿੱਤਿਆ, ਜਦੋਂਕਿ ਮੁਹੰਮਦ ਅਨਸ ਨੂੰ 200 ਮੀਟਰ ਵਿੱਚ 20.95 ਸੈਕਿੰਡ ਦੇ ਸਮੇਂ ਨਾਲ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਸਟਾਰ ਅਥਲੀਟ ਨੂੰ ਪੰਜਵਾਂ ਸੋਨ ਤਗ਼ਮਾ ਜਿੱਤਣ ਲਈ ਵਧਾਈ ਦਿੱਤੀ ਹੈ।
Sports ਹਿਮਾ ਦਾਸ ਨੇ ਮਹੀਨੇ ’ਚ ਪੰਜਵਾਂ ਗੋਲਡ ਜਿੱਤਿਆ