ਕਰਨਾਟਕ: ਕੁਮਾਰਸਵਾਮੀ ਸਰਕਾਰ ਦੀ ਕਿਸਮਤ ਦਾ ਅੱਜ ਫ਼ੈਸਲਾ ਸੰਭਵ

ਕਰਨਾਟਕ ’ਚ ਚੱਲ ਰਹੀ ਸਿਆਸੀ ਖਿੱਚੋਤਾਣ ਦਰਮਿਆਨ ਕਾਂਗਰਸ-ਜਨਤਾ ਦਲ (ਐੱਸ) ਗੱਠਜੋੜ ਸਰਕਾਰ ਲਈ ਸੋਮਵਾਰ ਦਾ ਦਿਨ ਬਹੁਤ ਅਹਿਮ ਹੈ ਕਿਉਂਕਿ ਉਸ ਦਿਨ ਵਿਧਾਨ ਸਭਾ ’ਚ ਸਰਕਾਰ ਦਾ ਨਿਬੇੜਾ ਹੋਣ ਦੀ ਉਮੀਦ ਹੈ। ਰਾਜਪਾਲ ਵਜੂਭਾਈ ਵਾਲਾ ਵੱਲੋਂ ਸ਼ੁੱਕਰਵਾਰ ਨੂੰ ਸਰਕਾਰ ਨੂੰ ਦੋ ਵਾਰ ਬਹੁਮੱਤ ਸਾਬਿਤ ਕਰਨ ਲਈ ਆਖੇ ਜਾਣ ਦੇ ਬਾਵਜੂਦ ਵਿਧਾਨ ਸਭਾ ਅੰਦਰ ਵੋਟਿੰਗ ਨਹੀਂ ਹੋ ਸਕੀ ਸੀ। ਮੁੱਖ ਮੰਤਰੀ ਐੱਚ ਡੀ ਕੁਮਾਰਸਵਾਮੀ ਵੱਲੋਂ ਵੀਰਵਾਰ ਨੂੰ ਭਰੋਸੇ ਦਾ ਮਤਾ ਪੇਸ਼ ਕੀਤੇ ਜਾਣ ਮਗਰੋਂ ਸਰਕਾਰ ਬਹਿਸ ਨੂੰ ਲਮਕਾਉਣ ਦੀਆਂ ਕੋਸ਼ਿਸ਼ਾਂ ਕਰ ਸੀ ਕਿਉਂਕਿ ਉਸ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲਣ ਦੀ ਕੁਝ ਉਮੀਦ ਬੱਝੀ ਹੈ। ਹੁਕਮਰਾਨ ਗੱਠਜੋੜ ਨੇ ਬਾਗ਼ੀ ਵਿਧਾਇਕਾਂ ਨੂੰ ਵੀ ਮਨਾਉਣ ਦੀਆਂ ਆਪਣੀਆਂ ਕੋਸ਼ਿਸ਼ਾਂ ਜਾਰੀ ਰਖੀਆਂ ਹੋਈਆਂ ਹਨ। ਉਂਜ 16 ’ਚੋਂ 13 ਵਿਧਾਇਕ ਆਪਣੇ ਫ਼ੈਸਲੇ ’ਤੇ ਬਜ਼ਿੱਦ ਹਨ। ਬਸਪਾ ਪ੍ਰਧਾਨ ਕੁਮਾਰੀ ਮਾਇਆਵਤੀ ਨੇ ਐਲਾਨ ਕੀਤਾ ਹੈ ਕਿ ਕਰਨਾਟਕ ਵਿੱਚ ਬਸਪਾ ਦਾ ਇਕੋ-ਇਕ ਵਿਧਾਇਕ ਐਨ. ਮਹੇਸ਼ ਸਰਕਾਰ ਦੇ ਪੱਖ ’ਚ ਵੋਟ ਪਾਏਗਾ। ਸ਼ੁੱਕਰਵਾਰ ਨੂੰ ਸਦਨ ਦੀ ਕਾਰਵਾਈ ਮੁਲਤਵੀ ਕਰਨ ਤੋਂ ਪਹਿਲਾਂ ਸਪੀਕਰ ਕੇ ਆਰ ਰਮੇਸ਼ ਕੁਮਾਰ ਨੇ ਸਰਕਾਰ ਤੋਂ ‘ਵਚਨ’ ਲਿਆ ਕਿ ਸੋਮਵਾਰ ਨੂੰ ਸਦਨ ’ਚ ਭਰੋਸੇ ਦੇ ਮਤੇ ਦਾ ਨਿਬੇੜਾ ਹੋ ਜਾਣਾ ਚਾਹੀਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਸੀ ਕਿ ਕਿਸੇ ਵੀ ਹਾਲਾਤ ’ਚ ਇਸ ਨੂੰ ਅੱਗੇ ਨਹੀਂ ਪਾਇਆ ਜਾਵੇਗਾ। ਸਿਆਸੀ ਗਲਿਆਰਿਆਂ ’ਚ ਸਵਾਲ ਉਠਾਏ ਜਾ ਰਹੇ ਹਨ ਕਿ ਕੀ ਸੋਮਵਾਰ ਨੂੰ ਵੀ ਭਰੋਸੇ ਦੇ ਮਤੇ ’ਤੇ ਬਹਿਸ ਸ਼ੁਰੂ ਹੋ ਸਕੇਗੀ ਅਤੇ ਕੀ ਸਰਕਾਰ ਇਸ ’ਚ ਹੋਰ ਦੇਰੀ ਨਾ ਕਰਕੇ ਆਪਣੇ ਵਾਅਦੇ ਨੂੰ ਪੁਗਾਏਗੀ। ਜੇਕਰ ਹੁਕਮਰਾਨ ਗੱਠਜੋੜ ਨੇ ਸੋਮਵਾਰ ਨੂੰ ਪ੍ਰਕਿਰਿਆ ਲਮਕਾਉਣ ਦੀ ਕੋਸ਼ਿਸ਼ ਕੀਤੀ ਤਾਂ ਸਾਰਿਆਂ ਦੀਆਂ ਨਜ਼ਰਾਂ ਰਾਜਪਾਲ ਦੇ ਅਗਲੇ ਕਦਮ ’ਤੇ ਹੋਣਗੀਆਂ ਜੋ ਕੇਂਦਰ ਨੂੰ ਸੂਬੇ ਦੇ ਨਾਟਕੀ ਘਟਨਾਕ੍ਰਮ ਦੀ ਹਰ ਜਾਣਕਾਰੀ ਦੇ ਰਹੇ ਹਨ। ਸ੍ਰੀ ਕੁਮਾਰਸਵਾਮੀ ਸੋਮਵਾਰ ਨੂੰ ਜੇਕਰ ਸਦਨ ’ਚ ਬਹੁਮੱਤ ਸਾਬਤ ਕਰਨ ’ਚ ਨਾਕਾਮ ਰਹੇ ਤਾਂ ਉਨ੍ਹਾਂ ਨੂੰ ਅਹੁਦੇ ਤੋਂ ਅਸਤੀਫ਼ਾ ਦੇਣਾ ਪਵੇਗਾ ਜਿਸ ਮਗਰੋਂ ਕਰਨਾਟਕ ’ਚ ਨਵੀਂ ਸਰਕਾਰ ਦੇ ਗਠਨ ਦਾ ਅਮਲ ਸ਼ੁਰੂ ਹੋ ਜਾਵੇਗਾ।

Previous articleਹਿਮਾ ਦਾਸ ਨੇ ਮਹੀਨੇ ’ਚ ਪੰਜਵਾਂ ਗੋਲਡ ਜਿੱਤਿਆ
Next articleਗੱਠਜੋੜ ਸਰਕਾਰ ਦਾ ਅੱਜ ਆਖਰੀ ਦਿਨ ਹੋਵੇਗਾ: ਯੇਦੀਯੁਰੱਪਾ