ਕਾਂਗਰਸ ਨੇ ਅੱਜ ਕਰਨਾਟਕ ਦੇ ਮੁੱਦੇ ’ਤੇ ਲੋਕ ਸਭਾ ਵਿੱਚੋਂ ਵਾਕਆਊਟ ਕੀਤਾ। ਪਾਰਟੀ ਨੇ ਦੋਸ਼ ਲਾਇਆ ਕਿ ਭਾਜਪਾ ਕਰਨਾਟਕ ਵਿੱਚ ‘ਵਿਧਾਇਕਾਂ ਦੀ ਖਰੀਦੋ-ਫ਼ਰੋਖਤ ਦੀ ਸਿਆਸਤ’ ਖੇਡ ਰਹੀ ਹੈ। ਕੇਂਦਰ ਦੀ ਸੱਤਾਧਾਰੀ ਸਰਕਾਰ ਨੇ ਹਾਲਾਂਕਿ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਕਾਂਗਰਸ ਨੇ ਅੱਜ ਲੋਕ ਸਭਾ ਵਿੱਚ ਸਿਫ਼ਰ ਕਾਲ ਦੌਰਾਨ ਇਹ ਮੁੱਦਾ ਚੁੱਕਣ ਦੀ ਕੋਸ਼ਿਸ਼ ਕੀਤੀ, ਪਰ ਸਪੀਕਰ ਓਮ ਬਿਰਲਾ ਨੇ ਇਜਾਜ਼ਤ ਦੇਣ ਤੋਂ ਨਾਂਹ ਕਰ ਦਿੱਤੀ। ਕਾਂਗਰਸ ਵਿਧਾਇਕ ਦਲ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਭਾਜਪਾ ਵੱਲੋਂ ਕਰਨਾਟਕ ਸਰਕਾਰ ਨੂੰ ਮਿਥੀ ਸਾਜ਼ਿਸ਼ ਤਹਿਤ ਨਿਸ਼ਾਨਾ ਬਣਾਇਆ ਜਾ ਰਿਹੈ। ਲੋਕ ਸਭਾ ਦੇ ਡਿਪਟੀ ਆਗੂ ਰਾਜਨਾਥ ਸਿੰਘ ਨੇ ਕਰਨਾਟਕ ਮਸਲੇ ਨੂੰਕਾਂਗਰਸ ਦਾ ਅੰਦਰੂਨੀ ਮਾਮਲਾ ਕਰਾਰ ਦਿੱਤਾ। ਇਸ ਤੋਂ ਪਹਿਲਾਂ ਕਾਂਗਰਸੀ ਮੈਂਬਰਾਂ ਨੇ ਸਦਨ ਦੇ ਐਨ ਵਿਚਾਲੇ ਆ ਕੇ ਨਾਅਰੇਬਾਜ਼ੀ ਵੀ ਕੀਤੀ। ਚੌਧਰੀ ਨੇ ਕਿਹਾ ਕਿ ਵਿਧਾਇਕਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਸਿਆਸਤ ਬੰਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅੱਜ ਕਰਨਾਟਕ ਹੈ ਤੇ ਭਲਕੇ ਮੱਧ ਪ੍ਰਦੇਸ਼ ਵੀ ਹੋ ਸਕਦਾ ਹੈ। ਚੌਧਰੀ ਨੇ ਕਿਹਾ, ‘ਤੁਸੀਂ (ਸੱਤਾਧਾਰੀ ਪਾਰਟੀ) ਕਹਿੰਦੇ ਹੋ (ਸਰਕਾਰ ਅਸਥਿਰ ਕਰਨ ਵਿੱਚ) ਸਾਡੀ ਕੋਈ ਭੂਮਿਕਾ ਨਹੀਂ ਹੈ, ਪਰ ਜਦੋਂ ਕੋਈ ਵਿਧਾਇਕ ਰਾਜ ਭਵਨ ’ਚੋਂ ਬਾਹਰ ਆਉਂਦਾ ਹੈ ਤਾਂ ਉਸ ਲਈ ਕਾਰ ਤਿਆਰ ਹੁੰਦੀ ਹੈ। ਜਦੋਂ ਉਹ ਹਵਾਈ ਅੱਡੇ ’ਤੇ ਹੁੰਦਾ ਹੈ, ਤਾਂ ਉਸ ਲਈ ਜਹਾਜ਼ ਤਿਆਰ ਹੁੰਦਾ ਹੈ…ਵਿਧਾਇਕਾਂ ਨੂੰ ਖਰੀਦਣ ਤੇ ਨਿਸ਼ਾਨਾ ਬਣਾਉਣ ਦੀ ਸਿਆਸਤ ਬੰਦ ਕੀਤੀ ਜਾਵੇ।’
INDIA ਭਾਜਪਾ ਨਿਸ਼ਾਨਾ ਬਣਾਉਣ ਦੀ ਸਿਆਸਤ ਬੰਦ ਕਰੇ: ਕਾਂਗਰਸ