ਹਾਊਸਿੰਗ ਬੋਰਡ ਫਲੈਟਾਂ ਦੀਆਂ ਵਾਧੂ ਉਸਾਰੀਆਂ ਢਾਹੁਣ ਦੇ ਹੁਕਮ

ਯੂਟੀ ਪ੍ਰਸ਼ਾਸਨ ਤੇ ਹਾਊਸਿੰਗ ਬੋਰਡ ਨੇ ਸੈਕਟਰ-41 ਦੇ 637 ਫਲੈਟਾਂ ਵਿਚ ਕੀਤੀਆਂ ਵਾਧੂ ਉਸਾਰੀਆਂ ਨੂੰ ਢਾਹੁਣ ਦਾ ਫਰਮਾਨ ਜਾਰੀ ਕੀਤਾ ਹੈ। ਇਸ ਕਾਰਨ ਹਾਊਸਿੰਗ ਬੋਰਡ ਦੇ ਫਲੈਟਾਂ ਵਿਚ ਰਹਿੰਦੇ ਪਰਿਵਾਰਾਂ ਵਿਚ ਤਣਾਅ ਦਾ ਮਾਹੌਲ ਹੈ ਅਤੇ ਸੰਕੇਤ ਮਿਲੇ ਹਨ ਕਿ ਅਜਿਹੇ ਨੋਟਿਸ ਹੋਰ ਫਲੈਟਾਂ ਦੇ ਮਾਲਕਾਂ ਨੂੰ ਵੀ ਜਾਰੀ ਹੋ ਸਕਦੇ ਹਨ।
ਚੋਣਾਂ ਦੌਰਾਨ ਵੋਟਰਾਂ ਦਾ ਸਾਥ ਦੇਣ ਦਾ ਦਾਅਵਾ ਕਰਨ ਵਾਲੀਆਂ ਸਿਆਸੀ ਪਾਰਟੀਆਂ ਦੇ ਕਿਸੇ ਵੀ ਆਗੂ ਨੇ ਫਿਲਹਾਲ ਇਨ੍ਹਾਂ ਪੀੜਤ ਲੋਕਾਂ ਦੀ ਬਾਤ ਨਹੀਂ ਪੁੱਛੀ। ਚੰਡੀਗੜ੍ਹ ਹਾਊਸਿੰਗ ਬੋਰਡ ਦੇ ਫਲੈਟਾਂ ਵਿਚ ਰਹਿੰਦੇ ਵਸਨੀਕਾਂ ਨੇ ਅੱਜ ਤੋਂ ਸੈਕਟਰ-41 ਵਿਚ ਅਣਮਿਥੇ ਸਮੇਂ ਲਈ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਪੀੜਤ ਪਰਿਵਾਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਫਲੈਟਾਂ ਵਿਚ ਲੋੜਾਂ ਅਨੁਸਾਰ ਕੁਝ ਉਸਾਰੀਆਂ ਕੀਤੀਆਂ ਸਨ। ਪੀੜਤਾਂ ਅਨੁਸਾਰ ਇਹ ਉਸਾਰੀਆਂ ਅਲਾਟ ਕੀਤੇ ਪਲਾਟ ਦੇ ਅੰਦਰ ਹੀ ਕੀਤੀਆਂ ਸਨ ਅਤੇ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਨਹੀਂ ਕੀਤੇ। ਉਨ੍ਹਾਂ ਦੱਸਿਆ ਕਿ ਇਹ ਉਸਾਰੀਆਂ ਚੰਡੀਗੜ੍ਹ ਹਾਊਸਿੰਗ ਬੋਰਡ ਵੱਲੋਂ ਸਮੇਂ-ਸਮੇਂ ਜਾਰੀ ਕੀਤੇ ਨੋਟੀਫਿਕੇਸ਼ਨਾਂ ਅਤੇ ਗਾਈਡਲਾਈਨਜ਼ ਦੇ ਅਧਾਰ ’ਤੇ ਹੀ ਕੀਤੀਆਂ ਹਨ। ਪੀੜਤਾਂ ਨੇ ਦੁਹਾਈ ਦਿੱਤੀ ਕਿ ਹਾਊਸਿੰਗ ਬੋਰਡ ਵੱਲੋਂ ਫਰਵਰੀ 2019 ਵਿਚ ਬਣਾਈ ਨਵੀਂ ਨੀਤੀ ਅਨੁਸਾਰ ਫਲੈਟਾਂ ਵਿਚ ਲੋੜ ਅਨੁਸਾਰ ਕੀਤੀਆਂ ਸਾਰੀਆਂ ਉਸਾਰੀਆਂ ਗੈਰ-ਕਾਨੂੰਨੀ ਕਰਾਰ ਦੇ ਦਿੱਤੀਆਂ ਹਨ ਜਿਸ ਨਾਲ ਹੋਰਨਾਂ ਫਲੈਟ ਮਾਲਕਾਂ ਉਪਰ ਵੀ ਗਾਜ਼ ਡਿੱਗਣ ਦਾ ਖਤਰਾ ਮੰਡਰਾ ਰਿਹਾ ਹੈ। ਪੀੜਤਾਂ ਨੇ ਦੱਸਿਆ ਕਿ ਸਿਆਸੀ ਪਾਰਟੀਆਂ ਨੇ ਵੀ ‘ਲੋੜ ਅਨਸਾਰ ਕੀਤੀਆਂ ਉਸਾਰੀਆਂ ਨੂੰ ਇਕੋ ਵਾਰ ਨਿਬੇੜਨ’ ਦਾ ਸਮਰਥਨ ਕੀਤਾ ਸੀ।
ਚੰਡੀਗੜ੍ਹ ਹਾਊਸਿੰਗ ਬੋਰਡ ਰੈਜ਼ੀਡੈਂਟਸ ਵੈਲਫੇਅਰ ਫੈਡਰੇਸ਼ਨ ਦੇ ਆਗੂ ਰਜਤ ਮਲਹੋਤਰਾ ਨੇ ਕਿਹਾ ਕਿ ਹਾਊਸਿੰਗ ਬੋਰਡ ਵੱਲੋਂ ਜਾਰੀ ਕੀਤੀ ਨੋਟਿਸਾਂ ਵਿਰੁੱਧ ਉਹ ਸਿਆਸੀ ਆਗੂਆਂ ਕੋਲ ਚੱਕਰ ਲਗਾ ਰਹੇ ਹਨ ਪਰ ਕੋਈ ਵੀ ਉਨ੍ਹਾਂ ਦੀ ਬਾਂਹ ਫੜਨ ਲਈ ਤਿਆਰ ਨਹੀਂ ਹੈ। ਇਸ ਕਾਰਨ ਹੁਣ ਲੋਕਾਂ ਨੇ ਭੁੱਖ ਹੜਤਾਲ ਸ਼ੁਰੂ ਕਰਕੇ ਆਪਣੀਆਂ ਛੱਤਾਂ ਬਚਾਉਣ ਦਾ ਫੈਸਲਾ ਕੀਤਾ ਹੈ।
ਰੈਜੀਡੈਂਟਸ ਵੈੱਲਫੇਅਰ ਫੈਡਰੇਸ਼ਨ ਸੈਕਟਰ 41-ਏ ਦੇ ਪ੍ਰਧਾਨ ਵਿਜੈ ਚਿਕਰਸਾਲ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ 14 ਮਈ ਨੂੰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੰਡੀਗੜ੍ਹ ਆਏ ਸਨ ਤਾਂ ਉਸ ਵੇਲੇ ਕਿਰਨ ਖੇਰ ਨੇ ਕਿਹਾ ਸੀ ਕਿ ਉਹ ਫਲੈਟਾਂ ਵਿਚ ਲੋੜ ਅਨੁਸਾਰ ਕੀਤੀਆਂ ਉਸਾਰੀਆਂ ਦਾ ਮਾਮਲਾ ਇਕੋ ਵਾਰ ਨਿਬੇੜਨ ਦੀ ਨੀਤੀ ਬਣਾਉਣਗੇ ਜਦਕਿ ਇਸ ਦੇ ਉਲਟ ਬੋਰਡ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਬੋਰਡ ਵੱਲੋਂ ਲੋੜ ਅਨੁਸਾਰ ਕੀਤੀਆਂ ਉਸਾਰੀਆਂ ਲਈ ਰਾਸ਼ੀ ਵਸੂਲਣ ਦੇ ਜਾਰੀ ਕੀਤੇ ਨੋਟੀਫਿਕੇਸ਼ਨ ਵਿਰੁੱਧ ਰਿੱਟ ਪਾਈ ਸੀ। ਇਸ ਤੋਂ ਬਾਅਦ ਬੋਰਡ ਨੇ ਇਹ ਨੋਟੀਫਿਕੇਸ਼ਨ ਵਾਪਸ ਲੈ ਲਿਆ ਸੀ। ਉਨ੍ਹਾਂ ਮੰਗ ਕੀਤੀ ਕਿ ਫਰਵਰੀ 2019 ਵਿਚ ਜਾਰੀ ਨੋਟੀਫਿਕੇਸ਼ਨ ਕੇਵਲ ਭਵਿੱਖ ਵਿਚ ਫਲੈਟਾਂ ’ਚ ਹੋਣ ਵਾਲੀਆਂ ਉਸਾਰੀਆਂ ਉਪਰ ਹੀ ਲਾਗੂ ਕੀਤਾ ਜਾਵੇ।

Previous articleਭਾਰਤੀ ਮਹਿਲਾ ਫਿਲਮਸਾਜ਼ ਨੇ ਬਰਮਿੰਘਮ ਭਾਰਤੀ ਫ਼ਿਲਮ ਮੇਲੇ ’ਚ ਜਿੱਤਿਆ ਐਵਾਰਡ
Next articleਡੀਏਸੀ ’ਚ ਲੱਗੇਗਾ ਸ਼ਹਿਰ ਦਾ ਪਹਿਲਾ ਰੇਨ ਵਾਟਰ ਹਾਰਵੈਸਟਿੰਗ ਸਿਸਟਮ