ਪਾਕਿਸਤਾਨ ਦੇ ਬੱਲੇਬਾਜ਼ ਸ਼ੋਇਬ ਮਲਿਕ ਨੇ ਬੰਗਲਾਦੇਸ਼ ਖ਼ਿਲਾਫ਼ ਆਈਸੀਸੀ ਵਿਸ਼ਵ ਕੱਪ ਮੁਕਾਬਲੇ ਵਿੱਚ ਟੀਮ ਦੀ ਜਿੱਤ ਮਗਰੋਂ ਇੱਕ ਰੋਜ਼ਾ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ, ਪਰ ਉਹ ਟੀ-20 ਕ੍ਰਿਕਟ ਖੇਡਣਾ ਜਾਰੀ ਰੱਖੇਗਾ। ਮਲਿਕ ਨੇ 2016 ਵਿੱਚ ਹੀ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ। ਮਲਿਕ ਨੂੰ ਵਿਦਾਇਗੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ। ਉਹ ਆਪਣਾ ਆਖ਼ਰੀ ਮੈਚ 16 ਜੂਨ ਨੂੰ ਭਾਰਤ ਖ਼ਿਲਾਫ਼ ਖੇਡਿਆ ਸੀ। ਮਲਿਕ ਨੇ ਬੀਤੇ ਸਾਲ ਹੀ ਕਿਹਾ ਸੀ ਕਿ ਉਹ ਵਿਸ਼ਵ ਕੱਪ ਮਗਰੋਂ ਇੱਕ ਰੋਜ਼ਾ ਤੋਂ ਸੰਨਿਆਸ ਲੈ ਲਵੇਗਾ ਅਤੇ ਲਾਰਡਜ਼ ਦੇ ਮੈਦਾਨ ’ਤੇ ਬੰਗਲਾਦੇਸ਼ ਖ਼ਿਲਾਫ਼ ਟੀਮ ਦੀ 94 ਦੌੜਾਂ ਦੀ ਜਿੱਤ ਮਗਰੋਂ ਉਸ ਨੇ ਇਸ ਦੀ ਪੁਸ਼ਟੀ ਵੀ ਕਰ ਦਿੱਤੀ। ਮੌਜੂਦਾ ਵਿਸ਼ਵ ਕੱਪ ਦੌਰਾਨ ਤਿੰਨ ਮੈਚਾਂ ਵਿੱਚ ਦੋ ਵਾਰ ਸਿਫ਼ਰ ’ਤੇ ਆਊਟ ਹੋਣ ਮਗਰੋਂ ਟੀਮ ਤੋਂ ਬਾਹਰ ਕੀਤੇ ਗਏ ਮਲਿਕ ਨੇ ਕਿਹਾ, ‘‘ਮੈਂ ਇੱਕ ਰੋਜ਼ਾ ਕ੍ਰਿਕਟ ਤੋਂ ਸੰਨਿਆਸ ਲੈ ਰਿਹਾ ਹਾਂ। ਮੈਂ ਨਿਰਾਸ਼ ਹਾਂ ਕਿਉਂਕਿ ਮੈਂ ਉਸ ਕ੍ਰਿਕਟ ਨੂੰ ਛੱਡ ਰਿਹਾ ਹਾਂ, ਜੋ ਮੈਨੂੰ ਸਭ ਤੋਂ ਵੱਧ ਪਸੰਦ ਹੈ, ਪਰ ਇਸ ਨਾਲ ਮੈਨੂੰ ਆਪਣੇ ਪਰਿਵਾਰ ਨਾਲ ਵੱਧ ਸਮਾਂ ਬਿਤਾਉਣ ਅਤੇ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ’ਤੇ ਧਿਆਨ ਕੇਂਦਰਿਤ ਕਰਨ ਦਾ ਮੌਕਾ ਮਿਲੇਗਾ।’’ ਸ਼ੋਇਬ ਨੇ ਸਾਲ 1999 ਵਿੱਚ ਵੈਸਟ ਇੰਡੀਜ਼ ਖ਼ਿਲਾਫ਼ ਸ਼ਾਰਜ਼ਾਹ ਵਿੱਚ ਆਪਣੇ ਇੱਕ ਰੋਜ਼ਾ ਕਰੀਅਰ ਦਾ ਆਗਾਜ਼ ਕੀਤਾ ਸੀ। ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨਾਲ ਨਿਕਾਹ ਕਰਵਾਉਣ ਵਾਲੇ ਮਲਿਕ ਨੇ 287 ਇੱਕ ਰੋਜ਼ਾ ਮੈਚਾਂ ਵਿੱਚ ਨੌਂ ਸੈਂਕੜੇ ਵਾਲੀਆਂ ਪਾਰੀਆਂ ਦੀ ਮਦਦ ਨਾਲ 7,534 ਦੌੜਾਂ ਬਣਾਈਆਂ ਅਤੇ ਆਫ ਸਪਿੰਨ ਗੇਂਦਬਾਜ਼ੀ ਰਾਹੀਂ 158 ਵਿਕਟਾਂ ਲਈਆਂ। ਉਸ ਨੇ ਪਾਕਿਸਤਾਨ ਲਈ 41 ਇੱਕ ਰੋਜ਼ਾ ਵਿੱਚ ਕਪਤਾਨੀ ਵੀ ਕੀਤੀ ਹੈ। ਮਲਿਕ ਨੇ ਕਿਹਾ ਕਿ ਉਸ ਨੂੰ ਨਿਰਾਸ਼ਾ ਹੈ ਕਿ ਉਸ ਦਾ ਕਰੀਅਰ ਉਮੀਦ ਮੁਤਾਬਕ ਖ਼ਤਮ ਨਹੀਂ ਹੋਇਆ। ਉਸ ਨੇ ਕਿਹਾ, ‘‘ਮੈਂ ਆਪਣੇ ਇੱਕ ਰੋਜ਼ਾ ਕਰੀਅਰ ਤੋਂ ਸੰਤੁਸ਼ਟ ਹਾਂ ਅਤੇ ਚੈਂਪੀਅਨਜ਼ ਟਰਾਫ਼ੀ ਜਿੱਤਣਾ ਮੇਰੇ ਇੱਕ ਰੋਜ਼ਾ ਕੈਰੀਅਰ ਦਾ ਮੁੱਖ ਖਿੱਚ ਦਾ ਕੇਂਦਰ ਰਿਹਾ ਹੈ।’’ ਪਾਕਿਸਤਾਨ ਨੇ 2017 ਵਿੱਚ ਇੰਗਲੈਂਡ ਵਿੱਚ ਹੀ ਚੈਂਪੀਅਨਜ਼ ਟਰਾਫ਼ੀ ਦਾ ਖ਼ਿਤਾਬ ਜਿੱਤਿਆ ਸੀ।
Sports ਸ਼ੋਇਬ ਮਲਿਕ ਨੇ ਇੱਕ ਰੋਜ਼ਾ ਕ੍ਰਿਕਟ ਤੋਂ ਸੰਨਿਆਸ ਲਿਆ