ਮੁੱਖ ਮੰਤਰੀ ਨੂੰ ਮਿਲਣ ਜਾ ਰਹੇ ਕਾਰਕੁਨ ਰਾਹ ’ਚ ਡੱਕੇ;
ਬੈਂਸ ਸਣੇ 136 ਕਾਰਕੁਨ ਹਿਰਾਸਤ ਵਿਚ ਲਏ
ਚੰਡੀਗੜ੍ਹ ਪੁਲੀਸ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਾਣੀਆਂ ਦੇ ਮੁੱਦੇ ਉੱਤੇ ਮੰਗ ਪੱਤਰ ਦੇਣ ਆਏ ਲੋਕ ਇਨਸਾਫ ਪਾਰਟੀ (ਲਿਪ) ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਮੇਤ ਸੈਂਕੜੇ ਕਾਰਕੁਨਾਂ ਨੂੰ ਪਾਣੀਆਂ ਦੀਆਂ ਬੁਛਾੜਾਂ ਨਾਲ ਹੀ ਝੰਬਿਆ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਪੰਜ ਘੰਟੇ ਹਿਰਾਸਤ ਵਿੱਚ ਰੱਖਣ ਮਗਰੋਂ ਸ਼ਾਮ ਸਮੇਂ ਛੱਡ ਦਿੱਤਾ। ਲੋਕ ਇਨਸਾਫ਼ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ 16 ਨਵੰਬਰ 2016 ਨੂੰ ਹੋਰ ਰਾਜਾਂ ਤੋਂ ਪਾਣੀ ਦੀ ਕੀਮਤ ਵਸੂਲਣ ਦੇ ਪਾਸ ਕੀਤੇ ਮਤੇ ਤਹਿਤ ਰਾਜਸਥਾਨ ਕੋਲੋਂ 16 ਲੱਖ ਕਰੋੜ ਰੁਪਏ ਵਸੂਲੇ ਜਾਣ ਦੀ ਮੰਗ ਨੂੰ ਲੈ ਕੇ ਰੋਸ ਮਾਰਚ ਕਰ ਕੇ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣ ਦਾ ਐਲਾਨ ਕੀਤਾ ਸੀ। ਲਿਪ ਕਾਰਕੁਨ ਅੱਜ ਸੈਕਟਰ 4 ਸਥਿਤ ਐੱਮਐੱਲਏ ਹੋਸਟਲ ਵਿੱਚ ਇਕੱਤਰ ਹੋਏ ਅਤੇ ਸ੍ਰੀ ਬੈਂਸ ਦੀ ਅਗਵਾਈ ਹੇਠ ਮੁੱਖ ਮੰਤਰੀ ਦੇ ਸਰਕਾਰੀ ਨਿਵਾਸ ਵੱਲ ਵਧੇ। ਚੰਡੀਗੜ੍ਹ ਪੁਲੀਸ ਨੇ ਡੀਐਸਪੀ (ਕੇਂਦਰੀ) ਕ੍ਰਿਸ਼ਨ ਕੁਮਾਰ ਅਤੇ ਸੈਕਟਰ 3 ਥਾਣੇ ਦੇ ਐਸਐਚਓ ਨੀਰਜ ਸਰਨਾ ਦੀ ਅਗਵਾਈ ਹੇਠ ਲਾਏ ਨਾਕੇ ’ਤੇ ਰੋਕ ਲਿਆ, ਪਰ ਪ੍ਰਦਰਸ਼ਨਕਾਰੀਆਂ ਨੇ ਨਾਕੇ ਤੋੜਨ ਦਾ ਯਤਨ ਕੀਤਾ। ਸ੍ਰੀ ਬੈਂਸ ਨੇ ਕਿਹਾ ਕਿ ਉਹ ਵਫਦ ਦੇ ਰੂੁਪ ਵਿਚ ਮੁੱਖ ਮੰਤਰੀ ਦਫਤਰ ਜਾ ਕੇ ਮੰਗ ਪੱਤਰ ਦੇਣਗੇ ਪਰ ਪੁਲੀਸ ਵੱਲੋਂ ਕੋਈ ਹੁੰਗਾਰਾ ਨਹੀਂ ਦਿੱਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਤੈਸ਼ ਵਿੱਚ ਆ ਕੇ ਅੱਗੇ ਵਧਣ ਦਾ ਯਤਨ ਕੀਤਾ। ਮੌਕੇ ’ਤੇ ਮੌਜੂਦਡਿਊਟੀ ਮੈਜਿਸਟਰੇਟ ਤਿਲਕ ਰਾਜ ਨੇ ਬਾਅਦ ਦੁਪਹਿਰ 12.34 ਵਜੇ ਜਲ ਤੋਪਾਂ ਖੋਲ੍ਹਣ ਦੇ ਹੁਕਮ ਦਿੱਤੇ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ਉਪਰ ਪਾਣੀ ਦੀਆਂ ਬੁਛਾੜਾਂ ਛੱਡ ਕੇ ਉਨ੍ਹਾਂ ਨੂੰ ਪਿੱਛੇ ਧੱਕਣ ਦਾ ਯਤਨ ਕੀਤਾ। ਇਸ ਦੌਰਾਨ ਬੈਂਸ ਸਮੇਤ ਕਈਆਂ ਦੀਆਂ ਦਸਤਾਰਾਂ ਢਹਿ ਗਈਆਂ ਅਤੇ ਕਈਆਂ ਦੇ ਕੱਪੜੇ ਪਾਟ ਗਏ। ਪੁਲੀਸ ਰੁਕ-ਰਕ ਕੇ ਪੰਦਰਾਂ ਮਿੰਟ ਤਕ ਪਾਣੀ ਦੀਆਂ ਬੁਛਾੜਾਂ ਚਲਾਉਂਦੀ ਰਹੀ। ਪਾਣੀ ਦੀਆਂ ਬੁਛਾੜਾਂ ਕਰਕੇ ਲਿਪ ਆਗੂ ਅਤੁਲ ਕੁਮਾਰ, ਹਰਪਾਲ ਸਿੰਘ, ਗੁਰਮੀਤ ਸਿੰਘ, ਲਛਮਣ ਸਿੰਘ ਪਟਿਆਲਾ ਅਤੇ ਜਗਜੋਤ ਸਿੰਘ ਖਾਲਸਾ ਸਮੇਤ ਕਈ ਆਗੂ ਜ਼ਖ਼ਮੀ ਹੋ ਗਏ। ਇਸ ਦੌਰਾਨ ਮੀਡੀਆ ਕਰਮੀ ਵੀ ਜਲ ਤੋਪਾਂ ਦੀ ਲਪੇਟ ਵਿਚ ਆ ਗਏ। ਫੋਟੋ ਪੱਤਰਕਾਰ ਜਸਬੀਰ ਮੱਲ੍ਹੀ ਤੇ ਸੰਜੇ ਕੁਰਲ ਆਦਿ ਨੂੰ ਵੀ ਸੱਟਾਂ ਲੱਗੀਆਂ। ਸ੍ਰੀ ਬੈਂਸ ਨੇ ਮਗਰੋਂ ਰਣਨੀਤੀ ਬਦਲਦਿਆਂ ਐਮਐਲਏ ਹੋਸਟਲ ਦੇ ਪਿਛਲੇ ਗੇਟ ਰਾਹੀਂ ਮੁੱਖ ਮੰਤਰੀ ਦੇ ਦਫਤਰ ਵੱਲ ਚਾਲੇ ਪਾ ਲਏ। ਇਸ ਕਾਰਨ ਪਹਿਲਾਂ ਹੀ ਹੰਭ ਚੁੱਕੀ ਪੁਲੀਸ ਨੂੰ ਵਖ਼ਤ ਪੈ ਗਿਆ ਅਤੇ ਪ੍ਰਦਰਸ਼ਨਕਾਰੀ ਬੇਕਾਬੂ ਹੋਏ ਅੱਗੇ ਵਧਦੇ ਗਏ। ਪ੍ਰਦਰਸ਼ਨਕਾਰੀਆਂ ਨੇ ਇਸ ਮੌਕੇ ਬੈਂਸ ਦੇ ਹੱਕ ਵਿੱਚ ਅਤੇ ਕੈਪਟਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਕੱਤਰੇਤ ਨੂੰ ਜਾਂਦੀ ਮੁੱਖ ਸੜਕ ’ਤੇ ਜਾ ਕੇ ਜਾਮ ਲਾ ਦਿੱਤਾ। ਫਿਰ ਸਮੂੁਹ ਥਾਣਿਆਂ ਦੀ ਪੁਲੀਸ ਨੂੰ ਮੌਕੇ ’ਤੇ ਸੱਦਿਆ ਗਿਆ। ਐਸਪੀ ਸਿਟੀ ਨਿਹਾਰਿਕਾ ਭੱਟ ਨੇ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵਧਣ ਤੋਂ ਰੋਕਿਆ। ਪੁਲੀਸ ਨੇ ਬੈਂਸ ਸਮੇਤ ਹੋਰਨਾਂ ਕਾਰਕੁਨਾਂ ਨੂੰ ਹਿਰਾਸਤ ਵਿਚ ਲੈ ਕੇ ਸੈਕਟਰ 34 ਦੇ ਥਾਣੇ ਬੰਦ ਕਰ ਦਿੱਤਾ। ਪੁਲੀਸ ਨੇ ਜਦੋਂ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਕੇ ਬੱਸਾਂ ਵਿੱਚ ਬਿਠਾਇਆ ਤਾਂ ਐਨ ਉਸੇ ਮੌਕੇ ਮੁੱਖ ਮੰਤਰੀ ਦਾ ਓਐਸਡੀ ਮੰਗ ਪੰਤਰ ਲੈਣ ਲਈ ਪੁੱਜ ਗਿਆ। ਸ੍ਰੀ ਬੈਂਸ ਨੇ ਮੰਗ ਪੰਤਰ ਦੇਣ ਤੋਂ ਇਨਕਾਰ ਕਰ ਦਿੱਤਾ। ਸ੍ਰੀ ਬੈਂਸ ਨੇ ਕਿਹਾ ਕਿ ਹੋਰ ਰਾਜਾਂ ਤੋਂ ਪਾਣੀ ਵਸੂਲੀ ਕਰਨ ਦਾ ਉਨ੍ਹਾਂ ਨੇ ਲੰਮੀ ਜੱਦੋ-ਜਹਿਦ ਕਰ ਕੇ ਵਿਧਾਨ ਸਭਾ ਵਿੱਚ ਮਤਾ ਪਾਸ ਕਰਵਾਇਆ ਸੀ। ਮਤੇ ਤਹਿਤ ਰਾਜਸਥਾਨ, ਹਰਿਆਣਾ ਤੇ ਦਿੱਲੀ ਨੂੰ ਪੰਜਾਬ ਵੱਲੋਂ ਦਿੱਤੇ ਪਾਣੀ ਦੀ ਵਸੂਲੀ ਕਰਨੀ ਬਣਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਗੈਰ-ਰਿਪੇਰੀਅਨ ਸੂਬੇ ਰਾਜਸਥਾਨ, ਜਿਸ ਦਾ ਪੰਜਾਬ ਦੇ ਦਰਿਆਵਾਂ ਨਾਲ ਕੋਈ ਵੀ ਸਬੰਧ ਨਹੀਂ ਹੈ, ਨੂੰ ਗੈਰ-ਕਾਨੂੰਨੀ ਢੰਗ ਨਾਲ ਮੁਫਤ ਪਾਣੀ ਦਿੱਤਾ ਜਾ ਰਿਹਾ ਹੈ। ਇਸੇ ਤਰਾਂ ਹਰਿਆਣਾ ਅਤੇ ਦਿੱਲੀ ਨੂੰ ਵੀ ਮੁਫਤ ਪਾਣੀ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਤਾ 19 ਮਹੀਨੇ ਪਹਿਲਾਂ ਪਾਸ ਹੋਣ ਦੇ ਬਾਵਜੂਦ ਕੈਪਟਨ ਸਰਕਾਰ ਵਸੂਲੀ ਕਰਨ ਲਈ ਕਦਮ ਨਹੀਂ ਚੁੱਕ ਰਹੀ। ਉਨ੍ਹਾਂ ਐਲਾਨ ਕੀਤਾ ਕਿ ਇਸ ਮੁੱਦੇ ਉਪਰ ਸੂਬੇ ਭਰ ਵਿਚ ਦਸਤਖਤੀ ਮੁਹਿੰਮ ਚਲਾਈ ਜਾਵੇਗੀ।