ਚੰਡੀਗੜ੍ਹ ਵਿਚ ਲੋੜਵੰਦਾਂ ਨੂੰ ਸਸਤੀ ਰੋਟੀ, ਸਸਤੀਆਂ ਜਾਂ ਮੁਫਤ ਦਵਾਈਆਂ ਛੇਤੀ ਹੀ ਨਸੀਬ ਹੋਣਗੀਆਂ। ਇਹ ਪਹਿਲ ਸਰਵ ਰਿਤੂ ਫਾਊਂਡੇਸ਼ਨ ਨੇ ਸ਼ਹਿਰ ਵਿਚ ਵਿਲਖਣ ਕਿਸਮ ਦੀ ਕੰਟੀਨ ਅਤੇ ਦਵਾਈਆਂ ਦਾ ਸਟੋਰ ਖੋਲ੍ਹਣ ਦਾ ਐਲਾਨ ਕਰਨ ਮੌਕੇ ਅੱਜ ਕੀਤੀ। ਫਾਊਂਡੇਸ਼ਨ ਨੇ ਸ਼ਹਿਰ ਦੇ ਕੁਝ ਪਾਰਕਾਂ ਨੂੰ ਗੋਦ ਲੈ ਕੇ ਉਨ੍ਹਾਂ ਨੂੰ ਵਿਲਖਣ ਦਿਖ ਦੇਣ ਦਾ ਐਲਾਨ ਵੀ ਕੀਤਾ ਹੈ। ਫਾਊਂਡੇਸ਼ਨ ਨੇ ਇਨਸਾਨੀਅਤ ਦੇ ਇਨ੍ਹਾਂ ਕਾਰਜ ਲਈ ਸਾਲਾਨਾ ਡੇਢ ਕਰੋੜ ਰੁਪਏ ਖਰਚਣ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਸ਼ੁਭ ਕਾਰਜ ਦਾ ਮਹੂਰਤ ਚੰਡੀਗੜ੍ਹ ਤੋਂ ਕੀਤਾ ਜਾਵੇਗਾ। ਇਸ ਕਾਰਜ ਦਾ ਰਸਮੀ ਆਰੰਭ ਅੱਜ ਇਥੇ ਭਾਜਪਾ ਚੰਡੀਗੜ੍ਹ ਦੇ ਪ੍ਰਧਾਨ ਸੰਜੇ ਟੰਡਨ, ਪੰਜਾਬ ਦੇ ਸਾਬਕਾ ਮੰਤਰੀ ਅਦੇਸ਼ਪ੍ਰਤਾਪ ਸਿੰਘ ਕੈਰੋਂ ਦੀ ਪਤਨੀ ਪਰਨੀਤ ਕੌਰ ਕੈਰੋਂ ਅਤੇ ਨਗਰ ਕੌਸਲ ਪੱਟੀ ਦੇ ਪ੍ਰਧਾਨ ਸੁਰਿੰਦਰ ਕੁਮਾਰ ਨੇ ਕੀਤੀ। ਇਸ ਮੌਕੇ ਫਾਊਡੇਸ਼ਨ ਦੇ ਮੁਖੀ ਡਾ. ਸਾਜਨ ਸ਼ਰਮਾ, ਅਰੁਣ ਹੁੱਡਾ ਅਤੇ ਪ੍ਰਿਅੰਕਾ ਮਹਾਜਨ ਨੇ ਐਲਾਨ ਕੀਤਾ ਕਿ ਚੰਡੀਗੜ੍ਹ ਵਿਚ ਅਜਿਹੀ ਕੰਟੀਨ ਸ਼ੁਰੂ ਕੀਤੀ ਜਾਵੇਗੀ, ਜਿਸ ਨੂੰ ਸਾਰੇ ਗੂੰਗੇ-ਬੋਲੇ ਅਤੇ ਅੰਗਹੀਣ ਮੁਲਾਜ਼ਮ ਚਲਾਉਣਗੇ। ਇਸ ਤੋਂ ਇਲਾਵਾ ਸੈਕਟਰ- 44 ਵਿਚ ਫਾਊਂਡੇਸ਼ਨ ਦਾ ਪਹਿਲਾ ਦਵਾਈਆਂ ਦਾ ਸਟੋਰ ਖੋਲ੍ਹਿਆ ਜਾਵੇਗਾ ਜਿਥੋਂ ਮਰੀਜ਼ਾਂ ਨੂੰ ਮਾਰਕੀਟ ਤੋਂ 75 ਤੋਂ 80 ਫੀਸਦ ਸਸਤੀਆਂ ਦਵਾਈਆਂ ਮਿਲਣਗੀਆਂ। ਸ਼੍ਰੀ ਸਤਿਆ ਸਾਈ ਸੇਵਾ ਸੰਸਥਾ ਵਿਚ ਲੰਮੇਂ ਸਮੇਂ ਤੋਂ ਬਤੌਰ ਟਰੱਸਟੀ ਸੇਵਾ ਕਰਦੇ ਆ ਰਹੇ ਡਾ. ਸਾਜਨ ਸ਼ਰਮਾ ਨੇ ਦੱਸਿਆ ਕਿ ਜਿਹੜੇ ਮਰੀਜ਼ ਪੈਸੇ ਖਰਚਣ ਤੋਂ ਅਸਮਰਥ ਹਨ,, ਉਨ੍ਹਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ। ਇਸ ਲਈ ਇਕ ਹੈਲਪਲਾਈਨ ਵੀ ਸ਼ੁਰੂ ਕੀਤੀ ਜਾ ਰਹੀ ਹੈ, ਜਿਥੇ ਲੋੜਵੰਦ ਵਿਅਕਤੀ ਫੋਨ ਕਰਕੇ ਦਵਾਈਆਂ ਹਾਸਲ ਕਰਨ ਦੀ ਜਾਣਕਾਰੀ ਲੈ ਸਕਦੇ ਹਨ। ਮਾਰਕੀਟ ਵਿਚ ਕੈਂਸਰ ਦੀ ਬਿਮਾਰੀ ਦਾ 12 ਹਜ਼ਾਰ ਰੁਪਏ ਦੇ ਮਿਲਣ ਵਾਲਾ ਟੀਕਾ ਸਟੋਰ ਵਿਚੋਂ 2-3 ਹਜ਼ਾਰ ਰੁਪਏ ਵਿੱਚ ਮਿਲੇਗਾ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਹਿੱਸਿਆ ਵਿਚ ਅਜਿਹੇ 40 ਸਟੋਰ ਖੋਲ੍ਹੇ ਜਾਣਗੇ। ਇਸ ਤੋਂ ਇਲਾਵਾ ਫਾਊਡੇਸ਼ਨ ਨੇ ਅੱਜ ਚੰਡੀਗੜ੍ਹ ਅਤੇ ਦਿੱਲੀ ਦੀਆਂ 5-5 ਕੁੜੀਆਂ ਗੋਦ ਲੈਣ ਦਾ ਐਲਾਨ ਕੀਤਾ ਜਿਨ੍ਹਾਂ ਨੂੰ ਪੜ੍ਹਾਈ ਤੇ ਪਰਵਰਿਸ਼ ਲਈ 3 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ। ਡਾ. ਸਾਜਨ ਨੇ ਇਸ ਮੌਕੇ ਸ਼ਹਿਰ ਦੇ ਦੋ ਪਾਰਕ ਗੋਦ ਲੈ ਕੇ ਉਨ੍ਹਾਂ ਨੂੰ ਵਿਲਖਣ ਦਿੱਖ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਾਰਕਾਂ ਦੀ ਮੁਕੰਮਲ ਸਫ਼ਾਈ ਕਰਵਾ ਕੇ ਸਿਹਤ ਲਈ ਨਰੋਏ ਮੰਨੇ ਜਾਂਦੇ ਦਰੱਖਤ ਲਗਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਸੰਸਥਾ ਗੈਰ-ਸਿਆਸੀ ਹੈ ਅਤੇ ਲਾਭ ਨਹੀਂ ਦੇ ਅਧਾਰ ’ਤੇ ਚਲਾਈ ਜਾਵੇਗੀ। ਕਿਸੇ ਤੋਂ ਵੀ ਡੋਨੇਸ਼ਨ ਵਗੈਰਾ ਨਹੀਂ ਲਈ ਜਾਵੇਗੀ। ਸੰਸਥਾ ਵਿੱਚ ਸਿਹਤ, ਸਿੱਖਿਆ ਅਤੇ ਵਿਭਾਗੀ ਸੇਵਾ ਵਿੰਗ ਹੋਣਗੇ। ਸਿੱਖਿਆ ਵਿੰਗ ਵਿੱਚ ਜ਼ਰੂਰਤਮੰਦ ਵਿਦਿਆਰਥੀਆਂ ਨੂੰ 10 ਲੱਖ ਰੁਪਏ ਤੱਕ ਦੀ ਸਕਾਲਰਸ਼ਿਪ ਦਿੱਤੀ ਜਾਵੇਗੀ। ਵਿਭਾਗੀ ਵਿੰਗ ਵਿਚ ਵਾਲੰਟੀਅਰ ਲੋੜਵੰਦ ਲੋਕਾਂ ਦੇ ਹਿਤਾਂ ਲਈ ਕੰਮ ਕਰਣਗੇ, ਜਿਨ੍ਹਾਂ ਨੂੰ ਮੁਫਤ ਰਾਸ਼ਨ ਵੀ ਉਪਲਬਧ ਕਰਵਾਇਆ ਜਾਵੇਗਾ।
INDIA ਸਰਵ ਰਿਤੂ ਫਾਊਂਡੇਸ਼ਨ ਸਸਤੀ ਰੋਟੀ ਤੇ ਦਵਾਈਆਂ ਮੁਹੱਈਆ ਕਰਵਾਏਗੀ