ਕੌਂਸਲ ਖ਼ਿਲਾਫ਼ ਸ਼ੁਰੂ ਹੋਇਆ ਮਰਨ ਵਰਤ ਸਮਾਪਤ

ਮੰਡੀ ਗੋਬਿੰਦਗੜ੍ਹ ਦੀਆਂ ਸਮਾਜ ਸੇਵੀ ਸੰਸਥਾਵਾਂ ਵਲੋਂ ਜਨਤਕ ਮਸਲਿਆਂ ਨੂੰ ਲੈ ਕੇ ਬਣਾਈ ਸਾਂਝੀ ਸੰਘਰਸ਼ ਕਮੇਟੀ ਵਲੋਂ ਸ਼ਹਿਰ ਵਿਚ ਘੁੰਮਦੇ ਲਵਾਰਿਸ ਪਸ਼ੂਆਂ ਦੀ ਸਮੱਸਿਆ ਨੂੰ ਲੈ ਕੇ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਦਫ਼ਤਰ ਅੱਗੇ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਸੀ ਪਰ ਕਾਰਵਾਈ ਨਾ ਹੋਣ ਕਾਰਨ ਉਨ੍ਹਾਂ ਵਲੋਂ ਕੱਲ੍ਹ ਇਸਨੂੰ ਮਰਨ ਵਰਤ ‘ਚ ਤਬਦੀਲ ਕਰ ਦਿੱਤਾ ਗਿਆ ਸੀ।
ਮੂਵਮੈਂਟ ਅਗੇਂਸਟ ਕਰੱਪਸ਼ਨ, ਕ੍ਰਾਈਮ ਦੇ ਸਕੱਤਰ ਸੁਤੰਤਰਦੀਪ ਸਿੰਘ ਬੱਡਗੁਜਰਾਂ ਖੁਦ ਮਰਨ ਵਰਤ ‘ਤੇ ਬੈਠ ਗਏ ਸਨ। ਧਰਨਾਕਾਰੀਆਂ ਦਾ ਕਹਿਣਾ ਸੀ ਕਿ ਜਦੋਂ ਤੱਕ ਕੌਂਸਲ ਸ਼ਹਿਰ ‘ਚ ਘੁੰਮਦੇ ਸਾਰੇ ਲਵਾਰਿਸ ਪਸ਼ੂਆਂ ਨੂੰ ਕਾਬੂ ਨਹੀਂ ਕਰਦੀ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਕੌਂਸਲ ਵਿਚ ਅੱਜ ਛੁੱਟੀ ਹੋਣ ਦੇ ਬਾਵਜੂਦ ਪ੍ਰਸ਼ਾਸਨ ਵਲੋਂ ਕੌਂਸਲ ਅਧਿਕਾਰੀਆਂ ਨੂੰ ਬੁਲਾ ਕੇ ਧਰਨਾਕਾਰੀਆਂ ਦੀਆਂ ਮੰਗਾਂ ਪ੍ਰਵਾਨ ਕਰ ਕੇ ਇਹ ਧਰਨਾ ਸਮਾਪਤ ਕਰਵਾ ਦਿੱਤਾ ਗਿਆ।
ਇਸੇ ਦੌਰਾਨ ਸਾਂਝੀ ਐਕਸ਼ਨ ਕਮੇਟੀ ਦੇ ਭਾਈ ਗੁਰਜੀਤ ਸਿੰਘ ਖ਼ਾਲਸਾ ਅਤੇ ਰਣਧੀਰ ਸਿੰਘ ਪੱਪੀ ਨੇ ਦੱਸਿਆ ਕਿ ਕੱਲ੍ਹ ਵੀ ਕੌਂਸਲ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਸੀ ਜੋ ਬੇਸਿੱਟਾ ਰਹੀ ਅਤੇ ਅੱਜ ਮੰਗਾਂ ਮੰਨਣ ਤੋਂ ਬਾਅਦ ਇਹ ਧਰਨਾ ਸਮਾਪਤ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਲਵਾਰਿਸ ਪਸ਼ੂਆਂ, ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਸਖ਼ਤੀ ਨਾਲ ਰੋਕਣ, ਨਾਜਾਇਜ਼ ਕਬਜ਼ੇ ਖਤਮ ਕਰਨ, ਸ਼ਹਿਰ ਦੀ ਸਫਾਈ ਕਰਨ ਅਤੇ ਬਗੈਰ ਪ੍ਰਵਾਨਗੀ ਕਲੋਨੀਆਂ ਆਦਿ ਮਾਮਲਿਆਂ ਨੂੰ ਲੈ ਕੇ ਕੌਂਸਲ ਦਫ਼ਤਰ ਅੱਗੇ 26 ਜੂਨ ਤੋਂ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਸੀ ਪਰ ਮੰਗਾਂ ਨਾ ਮੰਨੇ ਜਾਣ ਕਾਰਨ 29 ਜੂਨ ਨੂੰ ਮਰਨ ਵਰਤ ਸ਼ੁਰੂ ਕੀਤਾ ਗਿਆ ਸੀ। ਕੌਂਸਲ ਵਲੋਂ ਅਵਾਰਾਂ ਪਸ਼ੂਆਂ ਨੂੰ ਕਾਬੂ ਕਰਨ ਲਈ ਮਾਲੇਰਕੋਟਲਾ ਕੌਂਸਲ ਤੋਂ ਪਸ਼ੂ ਕੈਚਰ ਗੱਡੀ ਮੰਗਵਾਈ ਗਈ ਅਤੇ ਸੁਤੰਤਰਦੀਪ ਸਿੰਘ ਬੱਡਗੁਜਰਾਂ ਨੂੰ ਜੂਸ ਪਿਲਾ ਕੇ ਮਰਨ ਵਰਤ ਖਤਮ ਕਰਵਾਇਆ ਗਿਆ।
ਇਸ ਸਮਝੌਤੇ ਮੌਕੇ ਨਾਇਬ ਤਹਿਸੀਲਦਾਰ ਮਨਮੋਹਨ ਕੁਮਾਰ, ਕਾਰਜ ਸਾਧਕ ਅਫ਼ਸਰ ਜਗਜੀਤ ਸਿੰਘ ਜੱਜ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਉਨ੍ਹਾਂ ਬਾਕੀ ਮੰਗਾਂ ਦਾ ਵੀ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਹਰਵਿੰਦਰ ਸਿੰਘ, ਰਣਧੀਰ ਸਿੰਘ ਬਾਗੜੀਆਂ ਪ੍ਰਧਾਨ ਸਰਬ ਹਿੱਤ ਚੈਰੀਟੇਬਲ ਟਰਸੱਟ, ਕੁਲਵੰਤ ਸਿੰਘ ਨਸਰਾਲੀ, ਡਾ. ਅਮਿਤ ਸੰਦਲ ਪ੍ਰਧਾਨ ਲੋਕ ਇਨਸਾਫ਼ ਪਾਰਟੀ ਅਤੇ ਕੁਲਵੰਤ ਸਿੰਘ ਨਸਰਾਲੀ ਹਾਜ਼ਰ ਸਨ।

Previous articleਸਰਵ ਰਿਤੂ ਫਾਊਂਡੇਸ਼ਨ ਸਸਤੀ ਰੋਟੀ ਤੇ ਦਵਾਈਆਂ ਮੁਹੱਈਆ ਕਰਵਾਏਗੀ
Next articleਡਿਊਬਾਲ ਚੈਂਪੀਅਨਸ਼ਿਪ: ਭਾਰਤ ਦੇ ਮੁੰਡੇ ਤੇ ਕੁੜੀਆਂ ਚੈਂਪੀਅਨ