ਕਈ ਮਹੀਨਿਆਂ ਦੀ ਵਿਭਾਗੀ ਜਾਂਚ ਤੋਂ ਬਾਅਦ ਅਲਾਹਾਬਾਦ ਹਾਈ ਕੋਰਟ ਦੇ ਜਸਟਿਸ ਐੱਸ ਐੱਨ ਸ਼ੁਕਲਾ ਅਨੈਤਿਕ ਕਾਰਵਾਈਆਂ ਦੇ ਦੋਸ਼ੀ ਪਾਏ ਗਏ ਹਨ ਅਤੇ ਦੇਸ਼ ਦੇ ਚੀਫ ਜਸਟਿਸ ਰੰਜਨ ਗੋਗੋਈ ਨੇ ਉਨ੍ਹਾਂ ਵਿਰੁੱਧ ਅਗਲੇਰੀ ਕਾਰਵਾਈ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿਫਾਰਸ਼ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਜਸਟਿਸ ਸ਼ੁਕਲਾ ਨੇ ਇੱਕ ਕੇਸ ਵਿੱਚ ਦੇਸ਼ ਦੇ ਚੀਫ਼ ਜਸਟਿਸ ਦੇ ਹੁਕਮਾਂ ਦੀ ਕਥਿਤ ਤੌਰ ਉੱਤੇ ਉਲੰਘਣਾ ਕੀਤੀ ਸੀ। ਤਿੰਨ ਜੱਜਾਂ ਦੀ ਕਮੇਟੀ ਜਿਸ ਦੇ ਵਿੱਚ ਮਦਰਾਸ ਹਾਈ ਕੋਰਟ ਦੇ ਚੀਫ ਜਸਟਿਸ ਇੰਦਰਾ ਬੈਨਰਜੀ, ਸਿੱਕਮ ਹਾਈ ਕੋਰਟ ਦੇ ਚੀਫ ਜਸਟਿਸ ਐੱਸ ਕੇ ਅਗਨੀਹੋਤਰੀ ਅਤੇ ਮੱਧ ਪ੍ਰਦੇਸ਼ ਹਾਈ ਕੋਰਟ ਦੇ ਚੀਫ ਜਸਟਿਸ ਪੀ ਕੇ ਜੈਸਵਾਲ ਸ਼ਾਮਲ ਸਨ, ਨੇ 2018 ਵਿੱਚ ਇਹ ਨਤੀਜਾ ਕੱਢਿਆ ਸੀ ਜਸਟਿਸ ਸ਼ੁਕਲਾ ਵਿਰੁੱਧ ਕੀਤੀ ਸ਼ਿਕਾਇਤ ਕਾਫੀ ਵਜ਼ਨ ਹੈ ਅਤੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੀ ਕਾਰਵਾਈ ਸ਼ੁਰੂ ਕਰਨ ਦੇ ਲਈ ਇਹ ਕਾਫੀ ਹੈ। ਇਸ ਤੋਂ ਬਾਅਦ ਸੁਪਰੀਮ ਕੋਰਟ ਦੇ ਤਤਕਾਲੀ ਚੀਫ ਜਸਟਿਸ ਦੀਪਕ ਮਿਸ਼ਰਾ ਨੇ ਸ਼ੁਕਲਾ ਨੂੰ ਅਸਤੀਫ਼ਾ ਦੇਣ ਜਾਂ ਸਵੈਇਛੁੱਕ ਸੇਵਾਮੁਕਤੀ ਲੈਣ ਦੀ ਸਲਾਹ ਦਿੱਤੀ ਸੀ ਪਰ ਉਨ੍ਹਾਂ ਨੇ ਇਸ ਤਰ੍ਹਾਂ ਦਾ ਕੋਈ ਵੀ ਕਦਮ ਚੁੱਕਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਇਲਾਹਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਕੋਈ ਵੀ ਨਿਆਂਇਕ ਕੰਮ ਨਾ ਦਿੱਤਾ ਜਾਵੇ।
INDIA ਚੀਫ ਜਸਟਿਸ ਵੱਲੋਂ ਹਾਈ ਕੋਰਟ ਦੇ ਜੱਜ ਵਿਰੁੱਧ ਕਾਰਵਾਈ ਦੀ ਸਿਫਾਰਸ਼