ਵਿਰੋਧੀ ਧਿਰ ਵੱਲੋਂ ਨਵੇਂ ਸਪੀਕਰ ਨੂੰ ਨਿਰਪੱਖ ਰਹਿਣ ਦੀ ਅਪੀਲ
ਕੌਮੀ ਜਮਹੂਰੀ ਗਠਜੋੜ ਦੇ ਉਮੀਦਵਾਰ ਓਮ ਬਿਰਲਾ ਨੂੰ ਅੱਜ ਸਰਬਸੰਮਤੀ ਨਾਲ ਲੋਕ ਸਭਾ ਦਾ ਸਪੀਕਰ ਚੁਣ ਲਿਆ ਗਿਆ। ਚੋਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਰੋਧੀ ਧਿਰ ਨੇ ਸ੍ਰੀ ਬਿਰਲਾ ਨੂੰ ਯਕੀਨ ਦਿਵਾਇਆ ਕਿ ਉਹ ਸਦਨ ਦੀ ਕਾਰਵਾਈ ਨੂੰ ਸੁਖਾਲੇ ਢੰਗ ਨਾਲ ਚਲਾਉਣ ਲਈ ਹਰ ਸੰਭਵ ਸਹਿਯੋਗ ਦੇਣਗੇ। ਇਸ ਦੌਰਾਨ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ, ਡੀਐੱਮਕੇ ਆਗੂ ਟੀ.ਆਰ.ਬਾਲੂ ਤੇ ਤ੍ਰਿਣਮੂਲ ਕਾਂਗਰਸ ਦੇ ਸੁਦੀਪ ਬੰਧੋਪਾਧਿਆਏ ਸਮੇਤ ਹੋਰਨਾਂ ਨੇ ਵੀ ਬਿਰਲਾ ਦੀ ਹਮਾਇਤ ਕੀਤੀ। ਉਨ੍ਹਾਂ ਸ੍ਰੀ ਬਿਰਲਾ ਨੂੰ ਹੇਠਲੇ ਸਦਨ ਦੇ ਪ੍ਰਮੁੱਖ ਵਜੋਂ ਨਿਰਪੱਖ ਰਹਿਣ ਦੀ ਅਪੀਲ ਕੀਤੀ। ਇਸ ਤੋਂ ਪਹਿਲਾਂ ਬਿਰਲਾ ਦੀ ਹਮਾਇਤ ਵਿੱਚ ਕੁੱਲ 13 ਮਤੇ ਪੇਸ਼ ਕੀਤੇ ਗਏ ਤੇ ਪ੍ਰੋ-ਟੈੱਮ ਸਪੀਕਰ ਵੀਰੇਂਦਰ ਕੁਮਾਰ ਨੇ ਨਵੇਂ ਸਪੀਕਰ ਵਜੋਂ ਬਿਰਲਾ ਦੀ ਨਿਯੁਕਤੀ ਦਾ ਐਲਾਨ ਕਰ ਦਿੱਤਾ। ਸ੍ਰੀ ਮੋਦੀ ਨਵੇਂ ਸਪੀਕਰ ਨੂੰ ਉਨ੍ਹਾਂ ਦੀ ਕੁਰਸੀ ਤਕ ਲੈ ਕੇ ਗਏ। ਭਾਜਪਾ, ਕਾਂਗਰਸ, ਡੀਐੱਮਕੇ ਤੇ ਤ੍ਰਿਣਮੂਲ ਕਾਂਗਰਸ ਦੇ ਕਈ ਆਗੂਆਂ ਨੇ ਪੋਡੀਅਮ ’ਤੇ ਜਾ ਕੇ ਨਵੇਂ ਸਪੀਕਰ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਬਿਰਲਾ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੇ ਜਨਤਕ ਜੀਵਨ ਤੇ ਸਮਾਜਿਕ ਕੰਮਾਂ ਦਾ ਵੀ ਜ਼ਿਕਰ ਕੀਤਾ। ਇਸ ਦੌਰਾਨ ਸ੍ਰੀ ਬਿਰਲਾ ਨੇ ਆਪਣੇ ਸੰਬੋਧਨ ਵਿੱਚ ਸੰਸਦ ਮੈਂਬਰਾਂ ਨੂੰ ਯਕੀਨ ਦਿਵਾਇਆ ਕਿ ਉਹ ਸਦਨ ਦੀ ਕਾਰਵਾਈ ਨੂੰ ਨਿਰਪੱਖ ਰਹਿ ਕੇ ਚਲਾਉਣਗੇ ਤੇ ਹਰ ਕਿਸੇ ਦੀ ਗੱਲ ਸੁਣੀ ਜਾਵੇਗੀ। ਉਧਰ ਲੋਕ ਸਭਾ ਵਿੱਚ ਕਾਂਗਰਸ ਪਾਰਟੀ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਨਵੇਂ ਸਪੀਕਰ ਨੂੰ ਖੁੱਲ੍ਹੇ ਦਿਲ ਨਾਲ ਹਮਾਇਤ ਦੇਣ ਦਾ ਐਲਾਨ ਕਰਦਿਆਂ ਅਪੀਲ ਕੀਤੀ ਕਿ ਉਹ ਇਸ ਜ਼ਿੰਮੇਵਾਰੀ ਦੌਰਾਨ ਨਿਰਪੱਖ ਰਹਿਣ ਤੇ ਵਿਰੋਧੀ ਧਿਰ ਨੂੰ ਲੋਕ ਹਿੱਤ ਨਾਲ ਜੁੜੇ ਮੁੱਦੇ ਚੁੱਕਣ ਲਈ ਲੋੜੀਂਦਾ ਸਮਾਂ ਦੇਣ।