ਲੋਕ ਪ੍ਰੇਸ਼ਾਨ; ਰਜਿਸਟਰੀਆਂ ਤੇ ਸਰਟੀਫ਼ਿਕੇਟ ਜਾਰੀ ਕਰਨ ਜਿਹੇ ਕੰਮ ਲਟਕੇ;
ਅਰਥੀ ਫੂਕ ਮੁਜ਼ਾਹਰੇ ਅੱਜ
ਮੁਲਾਜ਼ਮਾਂ ਵੱਲੋਂ ਮੰਗਲਵਾਰ ਤੋਂ ਆਰੰਭੀ ਅਣਮਿੱਥੇ ਸਮੇਂ ਦੀ ਕਲਮ ਛੋੜ ਹੜਤਾਲ ਕਾਰਨ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਦੇ ਡੀਸੀ ਦਫ਼ਤਰਾਂ ਦਾ ਕੰਮਕਾਰ ਠੱਪ ਹੋ ਗਿਆ ਹੈ। ਹੜਤਾਲ ਕਾਰਨ ਲੋਕਾਂ ਦੇ ਕਈ ਕੰਮ ਲਟਕ ਗਏ ਹਨ। ਸਰਕਾਰ ਨੇ ਹੜਤਾਲ ਖ਼ਤਮ ਕਰਵਾਉਣ ਲਈ ਕੋਈ ਚਾਰਾਜੋਈ ਨਹੀਂ ਕੀਤੀ। ਮੁਲਾਜ਼ਮਾਂ ਦੀ ਹੜਤਾਲ ਕਾਰਨ ਰਜਿਸਟਰੀਆਂ ਨਹੀਂ ਹੋ ਰਹੀਆਂ ਤੇ ਸਰਕਾਰ ਦਾ ਵੀ ਵਿੱਤੀ ਨੁਕਸਾਨ ਹੋ ਰਿਹਾ ਹੈ। ਵਿਆਹ, ਜਾਤ, ਜਨਮ ਤੇ ਮੌਤ ਆਦਿ ਦੇ ਸਰਟੀਫ਼ਿਕੇਟ ਵੀ ਨਹੀਂ ਬਣ ਰਹੇ। ਕੈਦੀਆਂ ਦੀ ਪੈਰੋਲ ਮਨਜ਼ੂਰੀ ਵੀ ਠੱਪ ਪਈ ਹੈ। ਡੀਸੀ ਦਫ਼ਤਰਾਂ ਵਿਚ ਅਸਲਾ ਲਾਇਸੈਂਸ ਦੇਣ ਨਾਲ ਸਬੰਧਤ ਕੰਮ ਵੀ ਰੁਕੇ ਹੋਏ ਹਨ। ਹਾਲਾਂਕਿ ਡੀਸੀ ਦਫ਼ਤਰਾਂ ਦੇ ਮੁਲਾਜ਼ਮ ਬਕਾਇਦਾ ਦਫ਼ਤਰ ਆ ਰਹੇ ਹਨ ਪਰ ਹਾਜ਼ਰੀ ਹੀ ਲਾ ਰਹੇ ਹਨ ਤੇ ਸੀਟਾਂ ’ਤੇ ਬੈਠ ਕਲਮ ਛੋੜ ਹੜਤਾਲ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਹੜਤਾਲ ਬਾਰੇ ਖ਼ਾਮੋਸ਼ੀ ਧਾਰਨ ਕਰਨ ’ਤੇ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਵਿਰਕ ਅਤੇ ਜਨਰਲ ਸਕੱਤਰ ਜੋਗਿੰਦਰ ਕੁਮਾਰ ਜ਼ੀਰਾ ਨੇ ਸੰਘਰਸ਼ ਤਿੱਖਾ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸੇ ਤਹਿਤ ਅੱਜ ਹੜਤਾਲੀ ਮੁਲਾਜ਼ਮਾਂ ਨੇ ਪੰਜਾਬ ਭਰ ਵਿਚ ਰੈਲੀਆਂ ਅਤੇ ਮੁਜ਼ਾਹਰੇ ਕੀਤੇ। ਭਲਕੇ ਪੰਜਾਬ ਭਰ ਵਿਚ ਵੀ ਸਰਕਾਰ ਦੀਆਂ ਅਰਥੀਆਂ ਫੂਕਣ ਦਾ ਫ਼ੈਸਲਾ ਲਿਆ ਗਿਆ ਹੈ।