(ਸਮਾਜ ਵੀਕਲੀ)
16 ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ। ਅਖ਼ਬਾਰ ਰਾਹੀਂ ਇਸ਼ਤਿਹਾਰ ਦਿੱਤਾ ਗਿਆ ਸੀ ਤੇ ਇਸ ਤਰ੍ਹਾਂ ਦੋ ਪਰਿਵਾਰਾਂ ਦੀ ਸਹਿਮਤੀ ਨਾਲ ਉਸ ਦਾ ਵਿਆਹ ਹੋ ਗਿਆ ਸੀ। ਕੋਈ ਸਾਲ ਭਰ ਸਭ ਕੁਝ ਠੀਕ-ਠਾਕ ਚੱਲਿਆ ਪਰ ਹੌਲੀ ਹੌਲੀ ਉਸਦੇ ਪਤੀ ਦੀਆਂ ਪਰਤਾਂ ਖੁੱਲਣ ਲੱਗੀਆਂ। ਆਪਣੇ ਆੜਤ ਦੇ ਕੰਮ ਦੇ ਨਾਲ ਨਾਲ ਉਹ ਜਿੱਥੇ ਕਿਤੇ ਹੱਥ ਪੈਂਦਾ ਨਸ਼ੇ ਵੀ ਵੇਚ ਲੈਂਦਾ ਤੇ ਖ਼ੁਦ ਵੀ ਕਰਦਾ।
ਕਲ੍ਹਾ, ਕਲੇਸ਼, ਨਿੱਤ ਦੀ ਤੂੰ ਤੂੰ ਮੈਂ ਮੈਂ,ਇਥੋਂ ਤੱਕ ਕੇ ਹੱਥੋ ਪਾਈ ਵੀ ਹੋ ਜਾਂਦੀ ਸੀ।ਵਿਆਹ ਤੋਂ ਦੋ ਸਾਲ ਬਾਅਦ ਉਨ੍ਹਾਂ ਦੇ ਘਰ ਪਹਿਲੀ ਬੱਚੀ ਨੇ ਜਨਮ ਲਿਆ, ਜੋ ਕਿ ਗਰਭ ਦੌਰਾਨ ਸਹੀ ਸੰਭਾਲ ਅਤੇ ਸਹੀ ਵਾਤਾਵਰਣ ਜਿਸ ਵਿੱਚ ਉਹ ਇੱਕ ਤੰਦਰੁਸਤ ਬੱਚੇ ਦੀ ਕਾਮਨਾ ਕਰ ਸਕਦੀ, ਉਸ ਨੂੰ ਨਸੀਬ ਨਾ ਹੋਏ। ਇਸ ਤਰਾਂ ਉਸ ਦੀ ਇਹ ਬੱਚੀ ਦਿਮਾਗੀ ਤੌਰ ਤੇ ਪੂਰੀ ਤੰਦਰੁਸਤ ਨਹੀਂ ਸੀ। ਹੌਲੀ ਹੌਲੀ ਇਹ ਗੱਲ ਬਿਲਕੁੱਲ ਸਾਫ਼ ਹੋ ਗਈ ਕੀ ਬੱਚੀ ਦਾ ਦਿਮਾਗ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋ ਸਕਿਆ ਸੀ ਜਿਸ ਕਰਕੇ ਉਹ ਛੋਟੀ-ਛੋਟੀ ਗੱਲ ਵੀ ਸਿੱਖਣ ਵਿੱਚ ਬਹੁਤ ਜਿਆਦਾ ਸਮਾਂ ਲੈਂਦੀ ਸੀ। ਬੱਚੀ ਦੀ ਇਸ ਹਾਲਤ ਲਈ ਵੀ ਉਸੇ ਨੂੰ ਹੀ ਜ਼ਿੰਮੇਵਾਰ ਠਹਿਰਾ ਦਿੱਤਾ ਗਿਆ।
ਪਤੀ ਦਾ ਤੇ ਸੱਸ ਦਾ ਤਸ਼ੱਦਦ ਹੋਰ ਵੀ ਜ਼ਿਆਦਾ ਵਧ ਗਿਆ। ਉਸ ਦੇ ਪਤੀ ਨੇ ਬਾਹਰ ਹੋਰ ਔਰਤਾਂ ਨਾਲ ਸਬੰਧ ਬਣਾ ਲਏ ਅਤੇ ਚਾਰ ਕੁ ਸਾਲ ਬਾਅਦ ਉਸ ਦੇ ਘਰ ਇੱਕ ਹੋਰ ਬੇਟੀ ਨੇ ਜਨਮ ਲਿਆ। ਦੂਸਰੀ ਵਾਰ ਵੀ ਬੇਟੀ ਨੂੰ ਜਨਮ ਦੇਣ ਨਾਲ ਉਸਦੀਆਂ ਮੁਸ਼ਕਲਾਂ ਹੋਰ ਵੀ ਵਧ ਗਈ ਹੈ। ਉਸ ਦਾ ਪਤੀ ਨਸ਼ੇ ਦੀ ਹਾਲਤ ਵਿਚ ਉਸ ਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਬਹੁਤ ਜ਼ਿਆਦਾ ਪਰੇਸ਼ਾਨ ਕਰਨ ਲੱਗਾ।
ਦੂਸਰੀ ਬੱਚੀ ਦੇ ਜਨਮ ਤੋਂ ਦੋ ਕੁ ਸਾਲ ਬਾਅਦ ਜਦ ਹਾਲਾਤ ਬਹੁਤ ਜਿਆਦਾ ਖਰਾਬ ਹੋ ਗਏ ਤਾਂ ਉਸ ਨੇ ਪੜ੍ਹੀ-ਲਿਖੀ ਹੋਣ ਕਰਕੇ ਸਰਕਾਰੀ ਨੌਕਰੀ ਲਈ ਅਪਲਾਈ ਕਰ ਦਿੱਤਾ ਅਤੇ ਇਕ ਦੋ ਮਹੀਨਿਆਂ ਵਿਚ ਹੀ ਉਸ ਨੂੰ ਸਰਕਾਰੀ ਡਾਕਖਾਨੇ ਵਿਚ ਨੌਕਰੀ ਮਿਲ ਗਈ। ਥੋੜਾ ਸਮਾਂ ਵਧੀਆ ਲੰਘਣ ਲੱਗਾ ਕਿਉਂਕਿ ਸਾਰਾ ਦਿਨ ਦੇ ਕਾਟੋ ਕਲੇਸ਼ ਤੋਂ ਉਸਦਾ ਛੁਟਕਾਰਾ ਹੋ ਗਿਆ ਸੀ ਤੇ ਘਰੋਂ ਬਾਹਰ ਨਿਕਲਣ ਕਰਕੇ ਉਸ ਦੀ ਮਨੋ ਅਵਸਥਾ ਵੀ ਬਦਲ ਗਈ ਸੀ।
ਪਰ ਇਹ ਸਭ ਜਿਆਦਾ ਦੇਰ ਨਾ ਚੱਲ ਸਕਿਆ ਕਿਉਂਕਿ ਉਸ ਦੇ ਪਤੀ ਦੇ ਨਸ਼ੇ ਹੋਰ ਵੀ ਵਧ ਗਏ। ਜਦੋਂ ਵੀ ਉਸ ਨੂੰ ਤਨਖਾਹ ਮਿਲਦੀ ਅੱਧੀ ਤੋਂ ਜ਼ਿਆਦਾ ਉਸਦਾ ਪਤੀ ਹੀ ਦਬੋਚ ਲੈਂਦਾ। ਇਕ ਦਿਨ ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰ ਸੀ ਕੀ ਉਸ ਦਾ ਪਤੀ ਬਿਨਾਂ ਕੁਝ ਦੱਸੇ ਪੁੱਛੇ ਸ਼ਾਮ ਨੂੰ ਆਪ ਵੀ ਘਰੋਂ ਚਲਾ ਗਿਆ ਤੇ ਉਸ ਦਾ ਗਹਿਣਾ-ਗੱਟਾ ਵੀ ਲੈ ਗਿਆ। ਰਾਤ ਬੀਤੀ, ਅਗਲਾ ਦਿਨ ਬੀਤਿਆ ਤੇ ਫਿਰ ਅਗਲੀ ਰਾਤ, ਜਦ ਕੋਈ ਖ਼ਬਰ ਨਾ ਮਿਲੀ ਪੁਲਸ ਰਿਪੋਰਟ ਕੀਤੀ ਗਈ ਪਰ ਉਸ ਦਾ ਕੋਈ ਥਹੁ-ਪਤਾ ਨਹੀਂ ਲੱਗਾ।
ਹੌਲੀ ਹੌਲੀ ਉਸ ਦੀ ਸੱਸ ਨੇ ਆਪਣੇ ਪੁੱਤ ਦੇ ਗਾਇਬ ਹੋ ਜਾਣ ਦਾ ਇਲਜ਼ਾਮ ਵੀ ਉਸ ਦੇ ਸਿਰ ਧਰ ਦਿੱਤਾ ਅਤੇ ਗੱਲ ਗੱਲ ਤੇ ਤਾਨੇ ਮਿਹਣੇ ਦੇਣੇ ਸ਼ੁਰੂ ਕਰ ਦਿੱਤੇ ਤੇ ਇਕ ਦਿਨ ਅੱਕ ਕੇ ਉਹ ਆਪਣੀਆਂ ਬੱਚੀਆਂ ਸਮੇਤ ਆਪਣੇ ਸਹੁਰਿਆਂ ਦਾ ਘਰ ਛੱਡ ਕੇ ਆਪਣੇ ਪੇਕੇ ਘਰ ਆ ਗਈ। ਕੁਝ ਮਹੀਨੇ ਆਪਣੇ ਮਾਂ ਬਾਪ ਕੋਲ ਰਹਿਣ ਤੋਂ ਬਾਅਦ ਉਸ ਨੇ ਬੈਂਕ ਤੋਂ ਲੋਨ ਲੈ ਕੇ ਆਪਣੇ ਤੇ ਆਪਣੇ ਬੇਟੀਆਂ ਲਈ ਛੋਟਾ ਜਿਹਾ ਘਰ ਖਰੀਦ ਲਿਆ।
ਜ਼ਿੰਦਗੀ ਹੌਲੀ ਹੌਲੀ ਆਪਣੀ ਚਾਲੇ ਚਲਦੀ ਰਹੀ ਤੇ ਅੱਜ ਛੇ ਸਾਲ ਹੋ ਗਏ ਹਨ ਉਸ ਦੇ ਪਤੀ ਨੂੰ ਘਰੋਂ ਗਇਆਂ ਤੇ ਉਸਦਾ ਇੰਤਜ਼ਾਰ ਅੱਜ ਵੀ ਜਾਰੀ ਹੈ, ਉਸਨੂੰ ਇਸ ਗੱਲ ਦੀ ਵੀ ਕੋਈ ਖ਼ਬਰ ਨਹੀਂ ਕਿ ਉਹ ਹਾਲੇ ਸੁਹਾਗਣ ਹੈ ਜਾਂ ਵਿਧਵਾ ਹੋ ਚੁੱਕੀ ਹੈ।
ਹਰਪਾਲ ਸਿੰਘ
9417074669