ਤਿੰਨ ਹੋਰ ਗੰਭੀਰ ਜ਼ਖ਼ਮੀ; ਧੀ ਨੂੰ ਕੈਨੇਡਾ ਲਈ ਜਹਾਜ਼ ਚੜ੍ਹਾ ਕੇ ਮੁੜ ਰਿਹਾ ਸੀ ਪਰਿਵਾਰ
ਆਪਣੀ ਧੀ ਨੂੰ ਕੈਨੇਡਾ ਦੀ ਉਡਾਣ ’ਤੇ ਚੜ੍ਹਾ ਕੇ ਵਾਪਸ ਮੁੜ ਰਿਹਾ ਨੇੜਲੇ ਪਿੰਡ ਦਮਦਮਾ ਦਾ ਪਰਿਵਾਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿੱਚ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਅਤ ਤਿੰਨ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਿਸਾਰ ਦੇ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੋਸਟਮਾਰਟਮ ਮਗਰੋਂ ਮ੍ਰਿਤਕ ਦੇਹਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਜਾਣਕਾਰੀ ਅਨੁਸਾਰ ਸਿਰਸਾ ਦੇ ਪਿੰਡ ਦਮਦਮਾ ਵਾਸੀ ਜਸਕਰਨ ਸਿੰਘ (42 ਸਾਲ) ਆਪਣੀ ਵੱਡੀ ਧੀ ਜੰਨਤ ਨੂੰ ਕੈਨੇਡਾ ਦੀ ਉਡਾਣ ’ਤੇ ਚੜ੍ਹਾਉਣ ਲਈ ਆਪਣੀ ਪਤਨੀ ਹਰਵਿੰਦਰ ਕੌਰ, ਪੁੱਤਰ ਜਸ਼ਨਦੀਪ ਸਿੰਘ, ਧੀ ਜੈਕੌਰ ਤੇ ਗਗਨਦੀਪ ਕੌਰ (8 ਸਾਲ) ਅਤੇ ਭਰਾ ਗੁਰਮੁਖ ਸਿੰਘ (32 ਸਾਲ) ਨਾਲ ਆਪਣੀ ਕਾਰ (ਨੰਬਰ ਐਚਆਰ-44 ਕੇ-8726) ’ਚ ਸਵਾਰ ਹੋ ਕੇ ਬੀਤੀ ਕੱਲ੍ਹ ਦੇਰ ਸ਼ਾਮ ਹਵਾਈ ਅੱਡੇ ਗਿਆ ਸੀ। ਪਰਿਵਾਰ ਜਦੋਂ ਜੰਨਤ ਨੂੰ ਕੈਨੇਡਾ ਦੀ ਉਡਾਣ ’ਤੇ ਚੜ੍ਹਾ ਕੇ ਅੱਜ ਸਵੇਰੇ ਵਾਪਸ ਪਿੰਡ ਪਰਤ ਰਿਹਾ ਸੀ ਤਾਂ ਹਾਂਸੀ ਨੇੜੇ ਉਨ੍ਹਾਂ ਦੀ ਕਾਰ ਸੜਕ ਕਿਨਾਰੇ ਖੜ੍ਹੇ ਟਰਾਲੇ (ਨੰਬਰ ਐਚਆਰ-39-ਡੀ-6506) ਵਿਚ ਜਾ ਵੱਜੀ। ਹਾਦਸੇ ਵਿਚ ਜਸਕਰਨ ਸਿੰਘ, ਗੁਰਮੁਖ ਸਿੰਘ ਅਤੇ ਗਗਨਦੀਪ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਹਰਵਿੰਦਰ ਕੌਰ, ਜਸ਼ਨਦੀਪ ਸਿੰਘ ਤੇ ਜੈਕੌਰ ਗੰਭੀਰ ਜ਼ਖ਼ਮੀ ਹੋ ਗਏ। ਰਾਹਗੀਰਾਂ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ, ਜਿਥੇ ਉਨ੍ਹਾਂ ਦੀ ਸਥਿਤੀ ਸਥਿਰ ਦੱਸੀ ਗਈ ਹੈ। ਹਾਂਸੀ ਥਾਣੇ ਦੇ ਏਐੱਸਆਈ ਓਮ ਪ੍ਰਕਾਸ਼ ਨੇ ਦੱਸਿਆ ਹੈ ਕਿ ਜ਼ਖ਼ਮੀਆਂ ਨੂੰ ਹਿਸਾਰ ਦੇ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਟਰਾਲਾ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਹਾਦਸੇ ਕਾਰਨ ਪਿੰਡ ਦਮਦਮਾ ਵਿੱਚ ਮਾਤਮ ਛਾ ਗਿਆ।