ਮੋਗਾ- ਇਥੇ ਸ਼ਹਿਰ ਦੇ ਬਾਹਰੀ ਖੇਤਰ ਮੱਲਣ ਸ਼ਾਹ ਰੋਡ ’ਤੇ ਲੰਘੀ ਅੱਧੀ ਰਾਤ ਨੂੰ ਦੋ ਵੱਡੀਆਂ ਗੱਡੀਆਂ ’ਚ ਆਏ ਕਰੀਬ ਡੇਢ ਦਰਜਨ ਨੌਜਵਾਨਾਂ ਨੇ ਸਕੂਟਰ ਮਕੈਨਿਕ ਦਾ ਕੰਮ ਕਰਦੇ ਇੱਕ ਵਿਅਕਤੀ ਦੇ ਘਰ ’ਚ ਦਾਖਲ ਹੋ ਕੇ ਘੂਕ ਸੁੱਤੇ ਪਏ ਪਰਿਵਾਰ ਦੇ ਜੀਆਂ ਉੱਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਘਰ ਵਿੱਚ ਖਿੜਕੀਆਂ, ਰਸੋਈ ਆਦਿ ਨੂੰ ਲੱਗੇ ਸ਼ੀਸ਼ੇ ਅਤੇ ਘਰ ’ਚ ਖੜ੍ਹਾ ਸਕੂਟਰ ਤੇ ਮੋਟਰਸਾਈਕਲ ਦੀ ਭੰਨਤੋੜ ਕੀਤੀ। ਇਸ ਵਾਰਦਾਤ ਕਾਰਨ ਆਸ ਪਾਸ ਦੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਹੈ। ਥਾਣਾ ਸਿਟੀ ਦੱਖਣੀ ਮੁਖੀ ਪਲਵਿੰਦਰ ਸਿੰਘ ਨੇ ਕਿਹਾ ਕਿ ਸਿਵਲ ਹਸਪਤਾਲ’ਚ ਦਾਖਲ ਘਰ ਦੇ ਮੁਖੀ ਸਕੂਟਰ ਮਕੈਨਿਕ ਦਾ ਕੰਮ ਕਰਦੇ ਰਾਜਿੰਦਰ ਸਿੰਘ ਦਾ ਬਿਆਨ ਲਿਖ ਲਿਆ ਗਿਆ ਹੈ ਤੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਪੀੜਤ ਸਕੂਟਰ ਮਕੈਨਿਕ ਦੀ ਪਤਨੀ ਪਰਮਿੰਦਰ ਕੌਰ ਨੇ ਦੱਸਿਆ ਕਿ ਲੰਘੀ ਰਾਤ ਕਰੀਬ 12.30 ਵਜੇ ਹਥਿਆਰਬੰਦ ਨੌਜਵਾਨ ਉਨ੍ਹਾਂ ਦੇ ਘਰ ਅੰਦਰ ਦਾਖਲ ਹੋ ਗਏ। ਹਮਲਾਵਰਾਂ ਨੇ ਖਿੜਕੀਆਂ, ਰਸੋਈ ਆਦਿ ਨੂੰ ਲੱਗੇ ਸ਼ੀਸ਼ੇ ਅਤੇ ਸਕੂਟਰ ਤੇ ਮੋਟਰਸਾਈਕਲ ਦੀ ਭੰਨਤੋੜ ਕੀਤੀ। ਮਹਿਲਾ ਨੇ ਦੱਸਿਆ ਕਿ ਉਸਦੇ ਪਤੀ ਨੂੰ ਸੱਟਾਂ ਲੱਗਣ ਕਾਰਨ ਉਹ ਹਸਪਤਾਲ ਦਾਖ਼ਲ ਹੈ। ਪੀੜਤ ਨੇ ਦੱਸਿਆ ਕਿ ਉਹ ਘੂਕ ਸੁੱਤੇ ਪਏ ਸਨ। ਉਨ੍ਹਾਂ ਦੀਆਂ ਦੋ ਜਵਾਨ ਧੀਆਂ ਤੇ ਹੋਰਨਾਂ ਨੇ ਵਾਸ਼ ਰੂਮ ਵਿੱਚ ਛੁਪ ਕੇ ਜਾਨ ਬਚਾਈ। ਉਨ੍ਹਾਂ ਦੱਸਿਆ ਕਿ ਰੌਲਾ ਸੁਣ ਕੇ ਗੁਆਂਢੀ ਆਏ ਪਰ ਉਦੋਂ ਤੱਕ ਹਮਲਾਵਾਰ ਫ਼ਰਾਰ ਹੋ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਦੋ ਵੱਡੀਆਂ ਗੱਡੀਆਂ ’ਚ ਆਏ ਤਕਰੀਬਨ ਡੇਢ ਦਰਜਨ ਨੌਜਵਾਨ ਘਰ ਦੀ ਭੰਨਤੋੜ ਤੋਂ ਇਲਾਵਾ ਉਨ੍ਹਾਂ ਦੇ ਘਰੋਂ ਕਰੀਬ 35 ਹਜ਼ਾਰ ਦੀ ਨਗਦੀ, ਸੋਨੇ ਦੇ ਜੇਵਰ, ਐਲਈਡੀ ਅਤੇ ਸਾਮਾਨ ਵੀ ਲਏ ਗਏ। ਥਾਣਾ ਸਿਟੀ ਦੱਖਣੀ ਪੁਲੀਸ ਨੇ ਸਵੇਰੇ ਘਟਨਾ ਦਾ ਜਾਇਜ਼ਾ ਲੈਣ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।