ਸੜਕ ਹਾਦਸਿਆਂ ਵਿੱਚ ਪੰਜ ਹਲਾਕ, ਚਾਰ ਜ਼ਖ਼ਮੀ

ਸਰਹਿੰਦ ਰੋਡ ’ਤੇ ਸਥਿਤ ਪਿੰਡ ਹਰਦਾਸਪੁਰ ਨੇੜੇ ਬੀਤੀ ਅੱਧ ਰਾਤ ਵਾਪਰੇ ਵਾਪਰੇ ਸੜਕ ਹਾਦਸੇ ਦੌਰਾਨ ਇੱੱਕ ਕਾਰ ਅੱਗੇ ਜਾ ਰਹੇ ਟਰੈਕਟਰ-ਟਰਾਲੀ ਵਿਚ ਜਾ ਵੱਜੀ, ਜਿਸ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ ਤੇ ਜਦਕਿ ਦੋ ਜਣੇ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿੱਚ ਪਟਿਆਲਾ ਤੋਂ ਅਕਾਲੀ ਪੱਤ੍ਰਿਕਾ ਦੇ ਪੱਤਰਕਾਰ ਜਗਜੀਤ ਸਿੰਘ ਸੱਗੂ ਦਾ 22 ਸਾਲਾ ਪੁੱਤਰ ਅਮਰਿੰਦਰ ਸਿੰਘ ਸੱਗੂ ਵੀ ਸ਼ਾਮਲ ਹੈ। ਜਦਕਿ ਦੂਜੇ ਮ੍ਰਿਤਕ ਦੀ ਪਛਾਣ ਜਾਲਖੇੜੀ ਪਿੰਡ ਵਾਸੀ 38 ਸਾਲਾ ਬਲਜਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਜੋਂ ਹੋਈ, ਜੋ ਟਰੈਕਟਰ ਚਲਾ ਰਿਹਾ ਸੀ। ਜ਼ਖ਼ਮੀਆਂ ਵਿੱਚ ਜਸਕਰਨ ਸਿੰਘ ਅਤੇ ਪਵਿੱਤਰ ਸਿੰਘ ਵਾਸੀਆਨ ਦਸਮੇਸ਼ ਨਗਰ ਤ੍ਰਿਪੜੀ ਸ਼ਾਮਲ ਹਨ, ਜੋ ਕਾਰ ’ਚ ਸਵਾਰ ਸਨ।
ਜਾਣਕਾਰੀ ਅਨੁਸਾਰ ਅਮਰਿੰਦਰ ਸਿੰਘ ਆਪਣੇ ਸਾਥੀਆਂ ਸਮੇਤ ਗੁਰਦਵਾਰਾ ਦੂਖਨਿਵਾਰਨ ਸਾਹਿਬ ਤੋਂ ਗੁਰਦਵਾਰਾ ਫਤਿਹਗੜ੍ਹ ਸਾਹਿਬ ਜਾ ਰਿਹਾ ਸੀ। ਉਨ੍ਹਾਂ ਦੀ ਆਈ-20 ਕਾਰ ਸਰਹਿੰਦ ਵੱਲ ਹੀ ਜਾ ਰਹੇ ਟਰੈਕਟਰ ਟਰਾਲੀ ਦੇ ਪਿੱਛੇ ਜਾ ਟਕਰਾਈ। ਹਾਦਸਾ ਏਨਾ ਭਿਆਨਕ ਸੀ ਕਿ ਅਮਰਿੰਦਰ ਸਿੰਘ ਤੇ ਟਰੈਕਟਰ ਚਾਲਕ ਬਲਜਿੰਦਰ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ। ਕਾਰ ਪਿੱਛੋਂ ਟੱਕਰ ਵੱਜਣ ਕਾਰਨ ਟਰੈਕਟਰ ਚਾਲਕ ਹੇਠਾਂ ਜਾ ਡਿੱਗਿਆ।
ਇਤਲਾਹ ਮਿਲਣ ’ਤੇ ਪੁਲੀਸ ਚੌਕੀ ਫੱਗਣਮਾਜਰਾ ਦੇ ਇੰਚਾਰਜ ਜਤਿੰਦਰਪਾਲ ਸਿੰਘ ਤੇ ਹੋਰ ਮੁਲਾਜ਼ਮ ਘਟਨਾ ਸਥਾਨ ’ਤੇ ਪੁੱਜੇ। ਡੀਐੱਸਪੀ ਸਿਟੀ-2 ਦਲਬੀਰ ਗਰੇਵਾਲ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ। ਚੌਕੀ ਇੰਚਾਰਜ ਦਾ ਕਹਿਣਾ ਸੀ ਕਿ ਇਸ ਸਬੰਧੀ ਕਿਸੇ ਦੇ ਖ਼ਿਲਾਫ਼ ਵੀ ਕੋਈ ਕਾਰਵਾਈ ਨਾ ਕਰਦਿਆਂ, ਸੀਅਰਸੀਪੀ ਦੀ ਧਾਰਾ 174 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।
ਇਸੇ ਦੌਰਾਨ ਇਥੇ ਇੱਕੀ ਨੰਬਰ ਰੇਲਵੇ ਫਾਟਕ ਦੇ ਕੋਲ ਵਾਪਰੇ ਇੱਕ ਵੱਖਰੇ ਹਾਦਸੇ ਦੌਰਾਨ ਇੱਕ ਸਾਈਕਲ ਸਵਾਰ ਦੀ ਵੀ ਮੌਤ ਹੋ ਗਈ। ਉਸ ਨੂੰ ਇੱਕ ਅਣਪਛਾਤੇ ਵਾਹਨ ਨੇ ਫੇਟ ਮਾਰ ਦਿੱਤੀ। ਮ੍ਰਿਤਕ ਦੀ ਪਛਾਣ ਮਨਮੋਹਨ ਕੁਮਾਰ ਵਾਸੀ ਸੇਵਕ ਕਲੋਨੀ ਪਟਿਆਲਾ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਵਿਜੈ ਦੀ ਸ਼ਿਕਾਇਤ ’ਤੇ ਥਾਣਾ ਲਾਹੌਰੀ ਗੇਟ ਪਟਿਆਲਾ ਦੀ ਪੁਲੀਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਧਾਰਾ 279 ਅਤੇ 304 ਏ ਤਹਿਤ ਕੇਸ ਦਰਜ ਕੀਤਾ ਹੈ।ਸਰਹਿੰਦ ਰੋਡ ’ਤੇ ਹੀ ਸਥਿਤ ਫੱਗਣਮਾਜਰਾ ਦੇ ਕੋਲ਼ ਵਾਪਰੇ ਇੱੱਕ ਹੋਰ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਮਾਮਾ ਭਾਣਜੀ ਨੂੰ ਸੱਟਾਂ ਵੱਜੀਆਂ। ਉਨ੍ਹਾਂ ਨੂੰ ਇਕ ਕਾਰ ਨੇ ਫੇਟ ਮਾਰ ਦਿੱਤੀ। ਕਾਰ ਚਾਲਕ ਦੇ ਖ਼ਿਲਾਫ਼ ਥਾਣਾ ਅਨਾਜ ਮੰਡੀ ਦੀ ਪੁਲੀਸ ਨੇ ਧਾਰਾ 279, 337, 338 ਅਤੇ 427 ਤਹਿਤ ਕੇਸ ਦਰਜ ਕੀਤਾ ਹੈ। ਜ਼ਖਮੀਆਂ ਵਿਚ ਅਠਾਰਾਂ ਸਾਲਾ ਜਸ਼ਨਪ੍ਰੀਤ ਕੌਰ ਅਤੇ ਦਵਿੰਦਰ ਸਿੰਘ ਦੇ ਨਾਮ ਸ਼ਾਮਲ ਹਨ।
ਬੋਹਾ (ਨਿਰੰਜਨ ਬੋਹਾ): ਪਿੰਡ ਮਘਾਣਿਆਂ ਨੇੜੇ ਵਾਪਰੇ ਇਕ ਸੜਕ ਹਾਦਸੇ ਵਿਚ ਇਕ ਵਿਅਕਤੀ ਤੇ ਇਕ ਸਕੂਲ ਵਿਦਿਆਰਥਣ ਦੀ ਮੌਤ ਹੋ ਗਈ। ਪਿੰਡ ਸੇਰਖਾਂ ਵਾਲਾ ਦੀ ਸਰਪੰਚ ਬਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਲੜਕੀ ਮਨਪ੍ਰੀਤ ਕੌਰ ਪਿੰਡ ਮਘਾਣੀਆ ਦੇ ਸਰਕਾਰੀ ਹਾਈ ਸਕੂਲ ਵਿੱਚ ਪੜ੍ਹਦੀ ਸੀ। ਜਦੋਂ ਉਹ ਸਕੂਲ ਵਿੱਚ ਛੁੱਟੀ ਹੋਣ ਤੋਂ ਬਾਅਦ ਆਪਣੇ ਸਾਈਕਲ ਦਾ ਪੈਂਚਰ ਲਗਵਾਉਣ ਲਈ ਮਘਾਣੀਆਂ ਦੇ ਬੱਸ ਅੱਡੇ ਨੇੜੇ ਖੜ੍ਹੀ ਸੀ ਤਾਂ ਇਸ ਦੌਰਾਨ ਪਿੰਡ ਗੰਢੂ ਕਲਾਂ ਨਿਵਾਸੀ ਜਸਪਾਲ ਸਿੰਘ ਬਰੇਟਾ ਵਾਲੇ ਪਾਸਿਉਂ ਆਪਣੀ ਪਤਨੀ ਸਮੇਤ ਮੋਟਰਸਾਈਕਲ ’ਤੇ ਆ ਰਿਹਾ ਸੀ, ਜੋ ਵਿਦਿਆਰਥਣ ਦੇ ਸਾਈਕਲ ਨਾਲ ਟਕਰਾ ਗਿਆ। ਇਸ ਦੌਰਾਨ ਜਸਪਾਲ ਸਿੰਘ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ ਅਤੇ ਮਨਪ੍ਰੀਤ ਕੌਰ ਨੂੰ ਪੀਜੀਆਈ ਚੰਡੀਗੜ੍ਹ ਦੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।

Previous articleਸੁੱਤੇ ਪਏ ਪਰਿਵਾਰ ’ਤੇ ਹਮਲਾ
Next articleਏਅਰ ਇੰਡੀਆ ਦੀਆਂ ਦਿੱਲੀ-ਅੰਮ੍ਰਿਤਸਰ ਉਡਾਣਾਂ ਦੀ ਗਿਣਤੀ ਵਧੇਗੀ