ਪੰਚਕੂਲਾ ਜ਼ਿਲ੍ਹੇ ਦੇ ਪਿੰਡ ਗੁਮਥਲਾ ’ਚ ਕੋਈ ਵੋਟ ਨਹੀਂ ਪਈ

ਪੰਚਕੂਲਾ ਜ਼ਿਲ੍ਹੇ ਦੇ ਪਿੰਡ ਗੁਮਥਲਾ ’ਚ ਅੱਜ ਕਿਸੇ ਨੇ ਇੱਕ ਵੀ ਵੋਟ ਨਹੀਂ ਪਾਈ| ਹੇਠਲੇ ਪੱਧਰ ਦੇ ਕਈ ਅਧਿਕਾਰੀ ਮੌਕੇ ’ਤੇ ਪਹੁੰਚੇ ਤੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਭਾਵੇਂ ਉਹ ਨੋਟਾਂ ’ਤੇ ਵੋਟ ਪਾਉਣ ਪਰ ਕਿਸੇ ਨੇ ਨਹੀਂ ਪਾਈ| ਪਿੰਡ ਦੇ ਲੋਕਾਂ ਵਿੱਚ ਜਸਵੰਤੀ ਦੇਵੀ, ਕੁਲਵਿੰਦਰ ਕੌਰ, ਸੀਮਾ, ਵਿੱਦਿਆ, ਕਰਮੋ ਦੇਵੀ, ਸੰਦੀਪ ਕੁਮਾਰ, ਰੂਪ ਲਾਲ, ਪਿਆਰਾ ਸਿੰਘ ਆਦਿ ਨੇ ਦੱਸਿਆ ਕਿ ਪਿੰਡ ’ਚ ਇੱਕ ਵੀ ਸਹੂਲਤ ਨਹੀਂ ਦਿੱਤੀ ਗਈ| ਉਨ੍ਹਾਂ ਦੱਸਿਆ ਕਿ ਨਾ ਪਿੰਡ ਵਿੱਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ| ਟੈਂਕਰਾਂ ਤੋਂ ਪਾਣੀ ਮੰਗਵਾਉਣਾ ਪੈਂਦਾ ਹੈ| ਪੰਚਕੂਲਾ ਨੂੰ ਜਾਂਦੀ ਦਸ ਕਿਲੋਮੀਟਰ ਦੀ ਸੜਕ ਟੁੱਟੀ ਪਈ ਹੈ| ਬਰਸਾਤਾਂ ’ਚ ਨਦੀ ਚੜ੍ਹ ਆਉਂਦੀ ਹੈ ਤੇ ਕਈ ਕਈ ਮਹੀਨੇ ਨਦੀ ਪਾਰ ਨਾ ਹੋਣ ਕਾਰਨ ਬੱਚੇ ਸਕੂਲ ਜਾਣ ਤੋਂ ਬੈਠੇ ਰਹਿੰਦੇ ਹਨ| ਪਿੰਡ ਵਿੱਚ ਇੱਕ ਪ੍ਰਾਇਮਰੀ ਸਕੂਲ ਹੈ ਪਰ ਚਾਰ ਸਾਲਾਂ ਤੋਂ ਬੰਦ ਪਿਆ ਹੈ| ਪਿੰਡ ਦੇ ਲੋਕਾਂ ਨੇ ਦੱਸਿਆ ਪਿੰਡ ’ਚ ਕੋਈ ਟਰਾਂਸਫਾਰਮ ਨਹੀਂ ਹੈ| ਕਈ ਕਈ ਦਿਨ ਲੋਕ ਬਿਜਲੀ ਤੋਂ ਬਿਨਾਂ ਹੀ ਰਹਿੰਦੇ ਹਨ। ਇਸ ਪਿੰਡ ਦੇ ਲੋਕਾਂ ਨੇ ਸਪਸ਼ਟ ਕੀਤਾ ਕਿ ਉਹ ਅੱਗੇ ਵਿਧਾਨ ਸਭਾ ਦੀਆਂ ਚੋਣਾਂ ਤੇ ਪੰਚਕੂਲਾ ਨਗਰ ਨਿਗਮ ਦੀਆਂ ਚੋਣਾਂ ਦਾ ਵੀ ਬਾਈਕਾਟ ਕਰਨਗੇ| ਲੋਕਾਂ ਨੇ ਦੱਸਿਆ ਕਿ ਆਜ਼ਾਦੀ ਤੋਂ ਬਾਅਦ ਕਿਸੇ ਨੇ ਵੀ ਇਸ ਪਿੰਡ ਦੀ ਸਾਰ ਨਹੀਂ ਲਈ| ਇਸ ਪਿੰਡ ਨੂੰ ਸਰਕਾਰੀ ਗੈਰ ਸਰਕਾਰੀ ਕੋਈ ਲੋਕਲ ਬੱਸ ਸੇਵਾ ਨਹੀਂ ਹੈ। ਪੰਚਕੂਲਾ ਤੱਕ ਦਸ ਕਿਲੋਮੀਟਰ ਦਾ ਰਸਤਾ ਤੈਅ ਕਰਨ ਲਈ ਪਿੰਡ ਵਾਲਿਆਂ ਨੂੰ ਡੇਢ ਸੌ ਰੁਪਏ ਆਟੋ ਰਿਕਸ਼ਾ ਵਾਲਿਆਂ ਨੂੰ ਦੇਣੇ ਪੈਂਦੇ ਹਨ|

Previous articleDelhi parties blame heat for lower voter turnout
Next articleChinese cargo plane with aid arrives in Venezuela