ਮੋਦੀ ਦੀ ਰੈਲੀ ਤੋਂ ਵਾਪਸ ਜਾ ਰਹੇ ਸਨ ਤਿੰਨੇ ਭਰਾ;
ਕਰਤਾਰਪੁਰ ਨੇੜੇ ਪਲਟਿਆ ਸ਼ਰਧਾਲੂਆਂ ਦਾ ਵਾਹਨ
ਦੋਆਬਾ ਖੇਤਰ ਵਿੱਚ ਵਾਪਰੇ ਦੋ ਸੜਕ ਹਾਦਸਿਆਂ ਵਿੱਚ ਤਿੰਨ ਭਰਾਵਾਂ ਸਣੇ ਛੇ ਜਣਿਆਂ ਦੀ ਮੌਤ ਹੋ ਗਈ। ਹੁਸ਼ਿਆਰਪੁਰ ਨੇੜੇ ਵਾਪਰੇ ਹਾਦਸੇ ਦੇ ਤਿੰਨੇ ਮ੍ਰਿਤਕ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਵਸਨੀਕ ਸਨ ਜਦਕਿ ਕਰਤਾਰਪੁਰ ਕੋਲ ਪਲਟੇ ਟੈਂਪੂ ਟਰੈਵਲਰ ਵਿਚ ਸਵਾਰ ਔਰਤਾਂ ਹਿਮਾਚਲ ਪ੍ਰਦੇਸ਼ ਦੀਆਂ ਵਸਨੀਕ ਸਨ।
ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੁਸ਼ਿਆਰਪੁਰ ਵਿੱਚ ਚੋਣ ਰੈਲੀ ਤੋਂ ਬਾਅਦ ਬੀਤੀ ਦੇਰ ਰਾਤ ਘਰ ਵਾਪਸ ਜਾ ਰਹੇ ਦੋ ਸਕੇ ਭਰਾਵਾਂ ਅਤੇ ਉਨ੍ਹਾਂ ਦੇ ਚਚੇਰੇ ਭਰਾ ਦੀ ਫਗਵਾੜਾ ਰੋਡ ’ਤੇ ਪਿੰਡ ਅੱਤੋਵਾਲ ਨੇੜੇ ਵਾਪਰੇ ਹਾਦਸੇ ਵਿਚ ਮੌਤ ਹੋ ਗਈ।
ਰਾਤ ਕਰੀਬ 7 ਵਜੇ ਇਹ ਤਿੰਨੇ ਐਕਟਿਵਾ ’ਤੇ ਜਾ ਰਹੇ ਸਨ ਤਾਂ ਟਰਾਲੇ ਦੀ ਲਪੇਟ ’ਚ ਆ ਗਏ। ਇਨ੍ਹਾਂ ਵਿੱਚੋਂ ਦੋ ਦੀ ਮੌਕੇ ’ਤੇ ਮੌਤ ਹੋ ਗਈ ਜਦੋਂਕਿ ਇਕ ਨੇ ਅੱਜ ਸਵੇਰੇ ਦਮ ਤੋੜ ਦਿੱਤਾ। ਚਸ਼ਮਦੀਦਾਂ ਅਨੁਸਾਰ ਇਹ ਐਕਟਿਵਾ ਸਵਾਰ ਬੱਸ ਨੂੰ ਓਵਰਟੇਕ ਕਰਨ ਲੱਗੇ ਪਹਿਲਾਂ ਬੱਸ ਨਾਲ ਟਕਰਾਏ ਅਤੇ ਫਿਰ ਟਰਾਲੇ ਵਿਚ ਜਾ ਵੱਜੇ। ਟਰਾਲਾ ਚਾਲਕ ਨੂੰ ਲੋਕਾਂ ਨੇ ਫੜ ਕੇ ਪੁਲੀਸ ਹਵਾਲੇ ਕਰ ਦਿੱਤਾ ਜਦੋਂਕਿ ਬੱਸ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਮ੍ਰਿਤਕਾਂ ਦੀ ਪਛਾਣ ਰਾਹੁਲ (22 ਸਾਲ), ਉਸ ਦਾ ਭਰਾ ਸੋਮ ਪਾਲ (20 ਸਾਲ) ਅਤੇ ਉਨ੍ਹਾਂ ਦੇ ਚਚੇਰੇ ਭਰਾ ਰਮਾ ਸ਼ੰਕਰ (18 ਸਾਲ) ਵਜੋਂ ਹੋਈ ਹੈ। ਇਹ ਉੱਤਰ ਪ੍ਰਦੇਸ਼ ਦੇ ਮੂਲ ਵਾਸੀ ਸਨ ਅਤੇ ਫ਼ਗਵਾੜਾ ਦੇ ਮੁਹੱਲਾ ਵਿਕਾਸ ਨਗਰ ’ਚ ਰਹਿੰਦੇ ਸਨ। ਥਾਣਾ ਮੇਹਟੀਆਣਾ ਦੇ ਐੱਸ.ਐੱਚ.ਓ. ਰਾਜੀਵ ਕੁਮਾਰ ਨੇ ਦੱਸਿਆ ਕਿ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਬੱਸ ਅਤੇ ਟਰਾਲਾ ਚਾਲਕਾਂ ਖ਼ਿਲਾਫ਼ ਦਫ਼ਾ 304-ਏ ਅਤੇ 279 ਤਹਿਤ ਕੇਸ ਦਰਜ ਕੀਤਾ ਗਿਆ ਹੈ।