ਕਾਂਗਰਸ ਦੀ ਸਰਕਾਰ ਹੁੰਦਿਆਂ ਹੋਇਆਂ ਵੀ ਸ਼ਰਾਬ ਦਾ ਠੇਕਾ ਚੁੱਕਵਾਉਣ ਵਰਗੇ ਮਾਮੂਲੀ ਜਿਹੇ ਕੰਮ ਲਈ ਕਾਂਗਰਸੀ ਵਿਧਾਇਕ ਰਜਿੰਦਰ ਬੇਰੀ ਤੇ ਸ਼ਹਿਰ ਦੇ ਮੇਅਰ ਜਗਦੀਸ਼ ਰਾਜਾ ਨੂੰ ਧਰਨਾ ਦੇ ਕੇ ਆਪਣੀ ਹੀ ਸਰਕਾਰ ਦਾ ਵਿਰੋਧ ਕਰਨਾ ਪਿਆ। ਟੈਗੋਰ ਨਗਰ ਵਿੱਚ ਖੁੱਲ੍ਹੇ ਸ਼ਰਾਬ ਦੇ ਠੇਕੇ ਨੇ ਕਾਂਗਰਸੀ ਦੇ ਸਿਰ ਚੜ੍ਹੇ ਸੱਤਾ ਦੇ ਨਸ਼ੇ ਨੂੰ ਉਦੋਂ ਲਾਹ ਦਿੱਤਾ ਜਦੋਂ ਵਿਧਾਇਕ ਤੇ ਮੇਅਰ ਨੂੰ ਕੜਾਕੇ ਦੀ ਗਰਮੀ ਹੋਣ ਦੇ ਬਾਵਜੂਦ ਲੋਕਾਂ ਨਾਲ ਧਰਨੇ ’ਤੇ ਬੈਠਣਾ ਪਿਆ। ਧਰਨੇ ’ਤੇ ਬੈਠੇ ਕਾਂਗਰਸੀ ਆਗੂਆਂ ਬਾਰੇ ਲੋਕ ਤਰ੍ਹਾਂ ਤਰ੍ਹਾਂ ਦੇ ਤੰਜ਼ ਕੱਸ ਰਹੇ ਸਨ। ਲੋਕ ਇਹ ਕਹਿੰਦੇ ਰਹੇ ਕਿ ਜੇ ਲੋਕ ਸਭਾ ਦੀਆਂ ਵੋਟਾਂ ਨਾ ਹੁੰਦੀਆਂ ਤਾਂ ਏਅਰ ਕੰਡੀਸ਼ਨ ਕਮਰਿਆਂ ਵਿੱਚ ਬੈਠਣ ਵਾਲੇ ਇਨ੍ਹਾਂ ਆਗੂਆਂ ਨੇ ਲੋਕਾਂ ਦੀ ਗੱਲ ਨਹੀਂ ਸੀ ਸੁਣਨੀ। ਆਪਣਾ ਵੋਟ ਬੈਂਕ ਪੱਕਾ ਕਰਨ ਲਈ ਮੇਅਰ ਜਗਦੀਸ਼ ਰਾਜਾ ਤੇ ਵਿਧਾਇਕ ਰਜਿੰਦਰ ਬੇਰੀ ਨੂੰ 2 ਘੰਟੇ ਧੁੱਪ ’ਚ ਇਲਾਕਾ ਵਾਸੀਆਂ ਨਾਲ ਬੈਠਣਾ ਪਿਆ। ਇਸ ਮੌਕੇ ਮਹੁੱਲੇ ਦੇ ਲੋਕਾਂ ’ਚ ਇਕਬਾਲ ਸਿੰਘ ਨਿੱਝਰ, ਸੰਤੋਖ ਸਿੰਘ,ਰਾਕੇਸ਼ ਕੁਮਾਰ, ਰਾਹੁਲ ਪੁਰੀ ਅਨਮੋਲ ਗਰੋਵਰ ਆਦਿ ਸ਼ਾਮਲ ਸਨ। ਟੈਗੋਰ ਨਗਰ ਦੇ ਲੋਕ ਪਿਛਲੇ ਕਾਫੀ ਦਿਨਾਂ ਤੋਂ ਉਨ੍ਹਾਂ ਦੇ ਮਹੱਲੇ ਵਿੱਚੋਂ ਇਹ ਠੇਕਾ ਹਟਵਾਉਣ ਦੀ ਮੰਗ ਕਰ ਰਹੇ ਹਨ। ਪ੍ਰਸ਼ਾਸਨ ਤੋਂ ਸ਼ਿਕਾਇਤ ਦੇ ਬਾਵਜੂਦ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ।
ਇਸ ਤੋਂ ਬਾਅਦ ਲੋਕਾਂ ਦੀ ਸ਼ਿਕਾਇਤ ’ਤੇ ਖ਼ੁਦ ਮੇਅਰ ਰਾਜਾ ਤੇ ਵਿਧਾਇਕ ਰਾਜਿੰਦਰ ਬੇਰੀ ਨੇ ਧਰਨੇ ’ਤੇ ਬੈਠ ਕੇ ਪ੍ਰਸ਼ਾਸਨ ਤੋਂ ਠੇਕਾ ਹਟਾਉਣ ਦੀ ਮੰਗ ਕੀਤੀ ਹੈ। ਮੌਕੇ ’ਤੇ ਕਈ ਦਰਜਨ ਮੁਹੱਲਾ ਵਾਸੀ ਵੀ ਪਹੁੰਚੇ ਸਨ। ਵਿਰੋਧ ਪ੍ਰਗਟਾ ਰਹੇ ਲੋਕਾਂ ਨੇ ਕਾਲੀਆਂ ਪੱਟੀਆਂ ਵੀ ਬੰਨ੍ਹੀਆਂ ਹੋਈਆਂ ਸਨ। ਉਧਰ, ਮਲਹੋਤਰਾ ਐਂਡ ਸੰਨਜ਼ ਕੰਪਨੀ ਦੇ ਪ੍ਰਤੀਨਿਧ ਨੇ ਦੱਸਿਆ ਕਿ ਸ਼ਰਾਬ ਦਾ ਠੇਕਾ ਸਰਕਾਰ ਦੀ ਪ੍ਰਵਾਨਗੀ ਨਾਲ ਹੀ ਖੋਲ੍ਹਿਆ ਗਿਆ ਹੈ। ਨੇੜੇ ਨਾ ਤਾਂ ਕੋਈ ਵਿਦਿਅਕ ਸੰਸਥਾ ਹੈ ਅਤੇ ਨਾ ਕੋਈ ਧਾਰਮਿਕ ਅਸਥਾਨ ਹੈ।
INDIA ਠੇਕਾ ਚੁੱਕਵਾਉਣ ਲਈ ਧਰਨੇ ’ਤੇ ਬੈਠੇ ਵਿਧਾਇਕ ਤੇ ਮੇਅਰ